ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਵਿਰੁਧ ਆਈ ਇਕ ਹੋਰ ਦਰਖ਼ਾਸਤ
4 ਕਨਾਲਾਂ ਜ਼ਮੀਨ ਦੀ ਰਜਿਸਟਰੀ ਕਰਵਾ ਕੇ ਪੈਸੇ ਨਾ ਦੇਣ ਦੇ ਦੋਸ਼
ਸ੍ਰੀ ਮੁਕਤਸਰ ਸਾਹਿਬ : ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਦੀਆਂ ਮੁਸ਼ਕਲਾਂ ਵਿਚ ਆਏ ਦਿਨ ਵਾਧਾ ਹੋ ਰਿਹਾ ਹੈ, ਉਨ੍ਹਾਂ ਵਿਰੁਧ ਹੁਣ ਮਨਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਲੋਂ ਮੁੱਖ ਮੰਤਰੀ ਨੂੰ ਦਿਤੀ ਗਈ ਲਿਖਤੀ ਦਰਖ਼ਾਸਤ ਵਿਚ ਦੋਸ਼ ਲਗਾਏ ਹਨ ਕਿ ਦਿਆਲ ਸਿੰਘ ਕੋਲਿਆਂਵਾਲੀ ਨੇ ਧੱਕੇ ਨਾਲ ਸਾਡੀ 4 ਕਾਨਾਲਾਂ ਜ਼ਮੀਨ ਦੀ ਰਜਿਸਟਰੀ ਕਰਵਾ ਲਈ ਅਤੇ ਸੌਦੇ ਅਨੁਸਾਰ ਤੈਅ ਰਕਮ 7 ਲੱਖ ਵਿਚੋਂ ਸਿਰਫ ਇਕ ਲੱਖ ਰੁਪਏ ਹੀ ਦਿਤੇ।
ਪਿੰਡ ਕੋਲਿਆਂਵਾਲੀ ਦੇ ਰਹਿਣ ਵਾਲੇ ਮਨਿੰਦਰ ਸਿੰਘ ਨੇ ਦਸਿਆ ਕਿ ਸਾਡੀ ਦੀ ਜ਼ਮੀਨ ਦਿਆਲ ਸਿੰਘ ਦੀ ਢਾਣੀ ਦੇ ਨਾਲ ਲਗਦੀ ਸੀ ਤੇ ਦਬਾਅ ਪਾ ਕੇ ਮੇਰੇ ਚਾਚੇ ਮਨਜੀਤ ਸਿੰਘ ਤੇ ਕੁਲਦੀਪ ਸਿੰਘ ਪੁੱਤਰ ਗੁਰਬਚਨ ਸਿੰਘ ਦੀ 2 ਏਕੜ ਜ਼ਮੀਨ ਖ਼ਰੀਦ ਲਈ ਜਦ ਕਿ ਸਾਡੇ ਹਿੱਸੇ ਆਉਂਦੀ 4 ਕਨਾਲ ਜ਼ਮੀਨ ਅਸੀ ਜਦ ਵੇਚਣ ਤੋਂ ਇਨਕਰ ਕਰ ਦਿਤਾ ਤਾਂ ਉਸ ਨੇ ਮੇਰੇ ਉਪਰ ਝੂਠਾ ਪਰਚਾ ਦਰਜ ਕਰਵਾ ਦਿਤਾ। ਜਿਸ ਉਪਰੰਤ ਮੇਰੇ ਪਿਤਾ ਨੂੰ ਘਰ ਬੁਲਾ ਕੇ ਕਿਹਾ ਕਿ ਜ਼ਮੀਨ ਮੈਨੂੰ ਦੇ ਦਿਉ ਮੈ ਪਰਚਾ ਕੈਂਸਲ ਕਰਵਾ ਦਿਆਂਗਾ। ਜਿਸ 'ਤੇ ਮੇਰੇ ਪਿਤਾ ਗੁਰਮੀਤ ਸਿੰਘ ਨੇ ਹਰਜੀਤ ਸਿੰਘ ਪੁੱਤਰ ਮਹਿਲ ਸਿੰਘ ਦੇ ਕਹਿਣ ਤੇ 7 ਲੱਖ ਰੁਪਏ ਵਿਚ ਸੌਦਾ ਤੈਅ ਕਰ ਲਿਆ ਅਤੇ ਰਜਿਸਟਰੀ ਦਿਆਲ ਸਿੰਘ ਨੂੰ ਕਰਵਾ ਦਿਤੀ।
ਮੁਕਰਰ ਰਕਮ ਵਿਚੋਂ ਦਿਆਲ ਸਿੰਘ ਨੇ ਇਕ ਲੱਖ ਰੁਪਏ ਦੇ ਦਿਤੇ ਅਤੇ ਬਾਕੀ ਰਕਮ ਬੈਂਕ ਵਿਚੋਂ ਥੋੜੀ ਦੇਰ ਬਾਅਦ ਲਿਆ ਕੇ ਦੇਂਦੇ ਹਾਂ ਕਹਿ ਦਿਤਾ। ਉਲਟਾ ਮੇਰੇ ਪਿਤਾ ਨੂੰ ਨਸ਼ੀਲੇ ਪਾਉਡਰ ਦਾ ਕੇਸ ਪਵਾ ਕੇ ਜੇਲ ਭੇਜ ਦਿਤਾ। ਉਧਰ ਮਾਨਯੋਗ ਅਦਾਲਤ ਨੇ ਮੈਨੂੰ ਉਕਤ ਝੂਠੇ ਕੇਸ ਵਿਚੋਂ ਬਰੀ ਕਰ ਦਿਤਾ ਹੈ, ਪਰ ਮੇਰੇ ਪਿਤਾ ਅਜੇ ਵੀ ਜੇਲ ਵਿਚ ਹਨ। ਮਨਿੰਦਰ ਸਿੰਘ ਨੇ ਮੁੱਖ ਮੰਤਰੀ ਨੂੰ ਲਿਖਤੀ ਤੌਰ ਤੇ ਦਿਤੀ ਦਰਖ਼ਾਸਤ ਰਾਹੀਂ 6 ਲੱਖ ਰੁਪਏ ਦੁਆਏ ਜਾਣ ਅਤੇ ਇਨਸਾਫ਼ ਦੀ ਮੰਗ ਕੀਤੀ ਹੈ। ਇਸ ਸਬੰਧੀ ਅੱਜ ਮਨਿੰਦਰ ਸਿੰਘ ਨਾਲ ਕਾਂਗਰਸੀ ਆਗੂ ਬਲਕਾਰ ਸਿੰਘ ਔਲਖ ਵੀ ਨਾਲ ਸਨ ਜਿਨ੍ਹਾਂ ਨੇ ਮੁੱਖ ਮੰਤਰੀ ਵਲੋਂ ਫਾਰਵਰਡ ਕੀਤੀ ਦਰਖ਼ਾਸਤ ਜ਼ਿਲ੍ਹਾ ਪੁਲਿਸ ਮੁਖੀ ਨੂੰ ਸੌਂਪੀ ਅਤੇ ਕਾਨੂੰਨ ਅਨੁਸਾਰ ਅਗਲੇਰੀ ਕਾਰਵਾਈ ਕਰਨ ਦੀ ਮੰਗ ਕੀਤੀ।