ਚੋਣ ਮਨੋਰਥ ਪੱਤਰ ਸਕੰਲਪ ਪੱਤਰ ਹੋਵੇਗਾ : ਜਾਖੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਮਾਜ ਦੇ ਹਰ ਵਰਗ ਨੂੰ ਦਿਤੀ ਗਈ ਹੈ ਤਰਜੀਹ

Sunil Jakhar

ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਨੇ ਕਾਂਗਰਸ ਪਾਰਟੀ ਵਲੋਂ ਆਮ ਚੋਣਾਂ 2019 ਲਈ ਐਲਾਣੇ ਚੋਣ ਮਨੋਰਥ ਪੱਤਰ ਨੂੰ ਪਾਰਟੀ ਦਾ ਸਕੰਲਪ ਪੱਤਰ ਦਸਦਿਆਂ ਕਿਹਾ ਕਿ ਇਹ ਮਨੋਰਥ ਪੱਤਰ ਸਮਾਜ ਦੇ ਹਰ ਵਰਗ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਤਿਆਰ ਕੀਤਾ ਗਿਆ ਹੈ ਅਤੇ ਇਹ ਕਾਰਜ਼ ਯੋਜਨਾ ਦੇਸ਼ ਦੇ ਸਰਵਪੱਖੀ ਵਿਕਾਸ ਨੂੰ ਹੁਲਾਰਾ ਦੇਣ ਵਾਲੀ ਹੈ। 

ਅੱਜ ਇਥੇ ਕਾਂਗਰਸ ਪਾਰਟੀ ਵਲੋਂ ਜਾਰੀ ਘੋਸ਼ਣਾ ਪੱਤਰ 'ਤੇ ਅਪਣੀ ਪ੍ਰਤਿਆ ਦਿੰਦਿਆਂ ਸ਼੍ਰੀ ਸੁਨੀਲ ਜਾਖੜ ਨੇ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਦੇਸ਼ ਵਿਚੋਂ ਇਕੋ ਹੱਲੇ ਨਾਲ ਗ਼ਰੀਬੀ ਦਾ ਮੁਕੰਮਲ ਸਫ਼ਾਇਆ ਕਰਨ ਦੀ ਨਿਵੇਕਲੀ ਯੋਜਨਾ ਲਿਆਂਦੀ ਜਾਵੇਗੀ ਜਿਸ ਤਹਿਤ ਦੇਸ਼ ਦੇ 20 ਫ਼ੀ ਸਦੀ ਸਭ ਤੋਂ ਗ਼ਰੀਬ ਪਰਵਾਰਾਂ ਨੂੰ ਸਾਲਾਨਾ 72 ਹਜ਼ਾਰ ਰੁਪਏ ਦੀ ਵਿੱਤੀ ਮਦਦ ਦਿਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਅਪਣੇ ਪਿੱਛਲੇ ਕਾਰਜਕਾਲ ਦੌਰਾਨ ਨਰੇਗਾ ਸਕੀਮ ਸ਼ੁਰੂ ਕਰ ਕੇ ਕਾਂਗਰਸ ਨੇ ਗ਼ਰੀਬੀ 'ਤੇ ਵੱਡਾ ਵਾਰ ਕੀਤਾ ਸੀ ਜਦਕਿ ਇਸ ਵਾਰ ਇਸ ਯੋਜਨਾ ਦੇ ਲਾਗੂ ਹੋਣ ਨਾਲ ਦੇਸ਼ ਵਿਚੋਂ ਗ਼ਰੀਬੀ ਪੂਰੀ ਤਰ੍ਹਾਂ ਨਾਲ ਖ਼ਤਮ ਹੋ ਜਾਵੇਗੀ।

ਇਸੇ ਤਰ੍ਹਾਂ ਨੌਜਵਾਨਾਂ ਨੂੰ ਦੇਸ਼ ਦੀ ਅਸਲ ਪੂੰਜੀ ਦਸਦਿਆਂ ਜਾਖੜ ਨੇ ਕਿਹਾ ਕਿ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹਈਆ ਕਰਵਾ ਕੇ ਹੀ ਇਸ ਰਾਸ਼ਟਰੀ ਸੰਪਦਾ ਦਾ ਅਸੀਂ ਸਹੀ ਇਸਤੇਮਾਲ ਕਰ ਸਕਦੇ ਹਾਂ। ਉਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਵਿਭਾਗਾਂ ਵਿਚ ਅਸਾਮੀਆਂ ਪੁਰ ਕਰ ਤੋਂ ਇਲਾਵਾ ਰਾਜਾਂ ਵਿਚ ਵੀ ਭਰਤੀ ਕਰਵਾਉਣ ਲਈ ਕੇਂਦਰ ਸਰਕਾਰ ਯਤਨ ਕਰੇਗੀ।

ਕਿਸਾਨਾਂ ਦੀ ਗੱਲ ਕਰਦਿਆਂ ਜਾਖੜ ਨੇ ਕਿਹਾ ਕਿ ਜਿਸ ਤਰ੍ਹਾਂ ਕਾਂਗਰਸ ਦੀਆਂ ਰਾਜਾਂ ਵਿਚ ਬਣੀਆਂ ਸਰਕਾਰਾਂ ਨੇ ਕਿਸਾਨੀ ਕਰਜ਼ੇ ਮਾਫ਼ ਕੀਤੇ ਹਨ ਕੇਂਦਰ ਵਿਚ ਵੀ ਸਰਕਾਰ ਬਣਨ 'ਤੇ ਕਾਂਗਰਸ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਨੂੰ ਸਭ ਤੋਂ ਵੱਧ ਪ੍ਰਥਾਮਿਕਤਾ ਦੇਵੇਗੀ