ਵਿਆਹੁਤਾ ਵਲੋਂ ਖ਼ੁਦ 'ਤੇ ਤੇਲ ਛਿੜਕ ਕੇ ਲਗਾਈ ਅੱਗ, ਮੌਤ
ਮੌਕੇ 'ਤੇ ਪਹੁੰਚੀ ਪੁਲਿਸ ਕਰ ਰਹੀ ਮਾਮਲੇ ਦੀ ਡੂੰਘਾਈ ਨਾਲ ਤਫ਼ਤੀਸ਼
ਬਰਨਾਲਾ : ਬਰਨਾਲਾ ਦੇ ਰਿਹਾਇਸ਼ੀ ਇਲਾਕੇ 'ਚ ਇਕ ਵਿਆਹੁਤਾ ਵਲੋਂ ਖ਼ੁਦ 'ਤੇ ਤੇਲ ਛਿੜਕ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਸ਼ਹਿਰ 'ਚ ਸਨਸਨੀ ਫੈਲ ਗਈ।
ਬੁਰੀ ਤਰ੍ਹਾਂ ਝੁਲਸ ਜਾਣ ਕਾਰਨ ਵਿਆਹੁਤਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਪ੍ਰਸ਼ਾਸਨ ਵਲੋਂ ਮੌਕੇ 'ਤੇ ਪਹੁੰਚ ਕੇ ਸਾਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਡੀ.ਐਸ.ਪੀ ਬਰਨਾਲਾ ਅਨੁਸਾਰ ਮੁਢਲੀ ਜਾਂਚ 'ਚ 174 ਦੀ ਧਾਰਾ ਤਹਿਤ ਖ਼ੁਦਕੁਸ਼ੀ ਦਾ ਮਾਮਲਾ ਦਰਜ ਕੀਤਾ ਜਾ ਰਿਹਾ ਹੈ, ਬਾਕੀ ਜਾਂਚ 'ਚ ਜੋ ਵੀ ਸਾਹਮਣੇ ਆਵੇਗਾ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਭੇਜ ਦਿਤਾ ਗਿਆ ਹੈ।
ਇਹ ਵੀ ਪੜ੍ਹੋ: ਪਿਛਲੇ ਤਿੰਨ ਸਾਲਾਂ ’ਚ 39 ਫ਼ੀ ਸਦੀ ਭਾਰਤੀ ਪ੍ਰਵਾਰ ਹੋਏ ਆਨਲਾਈਨ ਵਿੱਤੀ ਧੋਖਾਧੜੀ ਦਾ ਸ਼ਿਕਾਰ : ਸਰਵੇਖਣ
ਜਾਣਕਾਰੀ ਅਨੁਸਾਰ ਬਰਨਾਲਾ ਦੇ ਕੱਚਾ ਕਾਲਜ ਰੋਡ ਨੇੜੇ ਰਿਹਾਇਸ਼ੀ ਇਲਾਕੇ 'ਚ ਕਰੀਬ 40 ਸਾਲਾ ਵੀਨਾ ਰਾਣੀ ਨੇ ਖ਼ੁਦਕੁਸ਼ੀ ਕੀਤੀ ਹੈ। ਦਸਿਆ ਜਾ ਰਿਹਾ ਹੈ ਕਿ ਉਸ ਦਾ 20 ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਹੁਣ ਉਸ ਦੇ ਦੋ ਬੱਚੇ, ਇਕ ਲੜਕਾ ਅਤੇ ਇਕ ਲੜਕੀ ਹਨ। ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ।
ਮੌਕੇ 'ਤੇ ਪਹੁੰਚੀ ਬਰਨਾਲਾ ਪੁਲਿਸ ਪ੍ਰਸ਼ਾਸ਼ਨ ਵਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਹਰ ਪਾਸੇ ਤੋਂ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਘਟਨਾ ਪਿੱਛੇ ਕੀ ਕਾਰਨ ਹੋ ਸਕਦੇ ਹਨ। ਮੌਕੇ 'ਤੇ ਫ਼ੋਰੈਂਸਿਕ ਲੈਬ ਅਤੇ ਫ਼ੋਟੋਗ੍ਰਾਫ਼ਰ ਮਾਹਰ ਵੀ ਮੌਜੂਦ ਸਨ। ਇਸ ਮੌਕੇ ਡੀ.ਐਸ.ਪੀ ਬਰਨਾਲਾ ਸਤਵੀਰ ਸਿੰਘ ਵੀ ਮੌਜੂਦ ਸਨ। ਉਨ੍ਹਾਂ ਦਸਿਆ ਕਿ ਸੂਚਨਾ ਮਿਲਨ ’ਤੇ ਬਰਨਾਲਾ ਦੇ ਕੇਸੀ ਰੋਡ ਗਲੀ ਨੰ: ਵਿਚ ਇਕ ਔਰਤ ਨੇ ਆਪਣੇ ਆਪ ਨੂੰ ਅੱਗ ਲਗਾ ਕੇ ਖ਼ੁਦਕੁਸ਼ੀ ਕਰ ਲਈ ਹੈ। ਜਿਸ 'ਤੇ ਖ਼ੁਦਕੁਸ਼ੀ ਦੇ ਮਾਮਲੇ 'ਚ 174 ਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਅਗਲੇਰੀ ਜਾਂਚ ਕਰ ਕੇ ਤੱਥਾਂ ਦੇ ਸਾਹਮਣੇ ਆਉਣ 'ਤੇ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।