Punjab News: ਕੁਰਸੀ ਲਈ ਲੜਨ ਵਾਲੇ ਲੋਕਾਂ ਨੂੰ ਵੋਟ ਨਾ ਪਾਇਓ, ਬੇਸ਼ੱਕ ਉਹ ਕਾਂਗਰਸੀ ਉਮੀਦਵਾਰ ਹੀ ਕਿਉਂ ਨਾ ਹੋਵੇ: ਪਰਗਟ ਸਿੰਘ
ਕਿਹਾ, RSS ਨੇ ਮੋਦੀ ਨੂੰ ਤੋਹਫੇ ਵਜੋਂ ਪੇਸ਼ ਕੀਤਾ, ਜਿਵੇਂ ਭਗਵਾਨ ਰਾਮ ਤੋਂ ਬਾਅਦ ਮੋਦੀ ਦਾ ਨਾਮ ਹੀ ਆਉਂਦਾ ਹੋਵੇ
Punjab News: ਜਲੰਧਰ ਕੈਂਟ ਤੋਂ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਸਾਰੀਆਂ ਪਾਰਟੀਆਂ ਅਪਣੇ ਉਮੀਦਵਾਰਾਂ ਦੀਆਂ ਲੜਾਈਆਂ ਝਗੜਿਆਂ ਵਿਚ ਰੁੱਝੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਜਿਸ ਮਕਸਦ ਲਈ ਇਹ ਚੋਣਾਂ ਹੋ ਰਹੀਆਂ ਹਨ, ਉਸ ਬਾਰੇ ਗੱਲ ਕਰਨਾ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਹੀ ਵਿਧਾਇਕ ਨੇ ਪੰਜਾਬੀਆਂ ਨੂੰ ਅਪੀਲ ਕਰਦਿਆਂ ਕਿਹਾ, ‘ਜਿਹੜੇ ਆਗੂ ਦਲ ਬਦਲ ਰਹੇ ਨੇ ਤੇ ਕੁਰਸੀਆਂ ਦੀ ਲੜਾਈ ਲੜ ਰਹੇ ਨੇ, ਉਨ੍ਹਾਂ ਨੂੰ ਵੋਟ ਨਾ ਪਾਇਓ। ਬੇਸ਼ੱਕ ਉਹ ਕਾਂਗਰਸ ਦਾ ਉਮੀਦਵਾਰ ਹੀ ਕਿਉਂ ਨਾ ਹੋਵੇ’।
ਉਨ੍ਹਾਂ ਕਿਹਾ ਕਿ ਅੱਜ ਉਹ ਪੰਜਾਬੀਆਂ ਨੂੰ ਦੱਸਣਾ ਚਾਹੁੰਦੇ ਹਨ ਕਿ ਭਾਜਪਾ ਦੇ ਪਿਛਲੇ 10 ਸਾਲਾਂ ਦੇ ਕਾਰਜਕਾਲ ਦੌਰਾਨ ਉਸ ਦੇ ਵਰਕਰਾਂ ਨੇ ਦੇਸ਼ ਨੂੰ ਚੰਗੇ ਸਮੇਂ ਵੱਲ ਲਿਜਾਣ ਦਾ ਸੁਪਨਾ ਦੇਖਿਆ ਸੀ ਪਰ ਸੱਭ ਉਸ ਦੇ ਬਿਲਕੁਲ ਉਲਟ ਹੋਇਆ ਹੈ। ਉਨ੍ਹਾਂ ਕਿਹਾ ਕਿ ਪਿਛਲੇ 67 ਸਾਲਾਂ ਵਿਚ ਦੇਸ਼ ਉਤੇ 55 ਲੱਖ ਕਰੋੜ ਦਾ ਕਰਜ਼ਾ ਸੀ ਪਰ ਪਿਛਲੇ 10 ਸਾਲਾਂ ਵਿਚ ਇਹ ਵਧ ਕੇ 205 ਲੱਖ ਕਰੋੜ ਰੁਪਏ ਹੋ ਗਿਆ। ਉਨ੍ਹਾਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਸਾਨੂੰ ਅਪਣੇ ਅਸਲੀ ਮੁੱਦੇ ਨਹੀਂ ਭੁੱਲਣੇ ਚਾਹੀਦੇ।
ਪਰਗਟ ਸਿੰਘ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿਚ ਭਾਜਪਾ ਨੇ ਜਾਤ ਅਤੇ ਧਰਮ ਦੇ ਆਧਾਰ ਉਤੇ ਧਰੁਵੀਕਰਨ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਆਰਐਸਐਸ ਨੇ ਮੋਦੀ ਨੂੰ ਤੋਹਫੇ ਵਜੋਂ ਪੇਸ਼ ਕੀਤਾ, ਜਿਵੇਂ ਭਗਵਾਨ ਰਾਮ ਤੋਂ ਬਾਅਦ ਮੋਦੀ ਦਾ ਨਾਮ ਹੀ ਆਉਂਦਾ ਹੋਵੇ। ਉਨ੍ਹਾਂ ਕਿਹਾ ਕਿ ਇਕ ਕਾਡਰ ਅਧਾਰਤ ਪਾਰਟੀ ਦੇ 125 ਸੰਸਦੀ ਉਮੀਦਵਾਰ ਦੂਜੀਆਂ ਪਾਰਟੀਆਂ ਵਿਚੋਂ ਲਏ ਹਨ, ਜਿਨ੍ਹਾਂ ਵਿਚੋਂ 25 ਵਿਰੁਧ 5 ਹਜ਼ਾਰ ਕਰੋੜ ਤੋਂ ਲੈ ਕੇ 70 ਹਜ਼ਾਰ ਕਰੋੜ ਦੇ ਸੀਬੀਆਈ ਅਤੇ ਈਡੀ ਦੇ ਘੁਟਾਲੇ ਹਨ, ਪਰ ਭਾਜਪਾ ਉਨ੍ਹਾਂ ਸਾਰੇ ਦਾਗੀਆਂ ਨੂੰ ‘ਸਾਫ ਸੁਥਰਾ’ ਕਰ ਦਿੰਦੀ ਹੈ।
ਕਾਂਗਰਸੀ ਵਿਧਾਇਕ ਨੇ ਕਿਹਾ ਕਿ ਦੇਸ਼ ਵਿਚ ਜਿਵੇਂ ਸੀਬੀਆਈ ਅਤੇ ਈਡੀ ਦੀ ਵਰਤੋਂ ਕੀਤੀ ਜਾ ਰਹੀ ਹੈ। ਉਸੇ ਤਰ੍ਹਾਂ ਪੰਜਾਬ ਵਿਚ ਵਿਜੀਲੈਂਸ ਦੀ ਵਰਤੋਂ ਕੀਤੀ ਜਾ ਰਹੀ ਹੈ। ਇਕ ਸਵਾਲ ਦਾ ਜਵਾਬ ਦਿੰਦਿਆਂ ਵਿਧਾਇਕ ਨੇ ਕਿਹਾ ਕਿ ਚੋਣ ਨਤੀਜਿਆਂ ਦੌਰਾਨ ਜੇ ਭਾਜਪਾ ਨੂੰ ਸੀਟਾਂ ਦੀ ਕਮੀ ਹੋਈ ਤਾਂ ਆਮ ਆਦਮੀ ਪਾਰਟੀ ਵਾਲੇ ਭਾਜਪਾ ਦੇ ਨਾਲ ਜਾਣਗੇ।
ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਦੌਰਾਨ 750 ਕਿਸਾਨਾਂ ਦੀ ਸ਼ਹਾਦਤ ਹੋਈ, ਉਸ ਮਗਰੋਂ ਪੰਜਾਬੀਆਂ ਨੇ 2022 ਵਿਚ ਆਮ ਆਦਮੀ ਪਾਰਟੀ ਦੇ 92 ਵਿਧਾਇਕ ਬਣਾ ਦਿਤੇ ਪਰ ਇਸ ਸਾਲ ਅੰਦੋਲਨ ਵਿਚ ਨੌਜਵਾਨ ਦੀ ਜਾਨ ਚਲੀ ਗਈ, 150 ਕਿਸਾਨ ਜ਼ਖ਼ਮੀ ਹੋਏ ਪਰ ਸਾਡੇ ਮੁੱਖ ਮੰਤਰੀ ਨੇ ਜ਼ੀਰੋ ਐਫਆਈਆਰ ਲਈ 8 ਦਿਨ ਲਗਾ ਦਿਤੇ। ਉਸ ਵਿਚ ਵੀ ਇਨਸਾਫ ਦੀ ਕੋਈ ਉਮੀਦ ਨਜ਼ਰ ਨਹੀਂ ਆਉਂਦੀ। ਪਰਗਟ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਹਰਿਆਣਾ ਸਰਕਾਰ ਨੇ ਬੈਰੀਕੇਡਿੰਗ ਕੀਤੀ ਸੀ, ਉਸ ਤੋਂ ਦੇਸ਼ ਅੰਦਰ ਇਹ ਗੱਲ ਫੈਲਾਈ ਗਈ ਕਿ ਪੰਜਾਬੀ ‘ਖਾਲਿਸਤਾਨ ਪੱਖੀ’ ਹਨ ਜਦਕਿ ਅੱਜ ਕੋਈ ਖਾਲਿਸਤਾਨ ਦੀ ਗੱਲ ਨਹੀਂ ਕਰਦਾ।
ਕਾਂਗਰਸੀ ਵਿਧਾਇਕ ਦਾ ਕਹਿਣਾ ਹੈ ਕਿ, ‘ਪੰਜਾਬ ਸਰਕਾਰ ਹਰ ਕੰਮ ਵਿਚ ਯੂ-ਟਰਨ ਮਾਰ ਰਹੀ ਹੈ, ਆਮ ਆਦਮੀ ਪਾਰਟੀ ਭਾਜਪਾ ਦੀ ਬੀ ਟੀਮ ਹੈ। ਰਾਜ ਕੁਮਾਰ ਚੱਬੇਵਾਲ ਅਤੇ ਦਲਵੀਰ ਗੋਲਡੀ ਨੂੰ ਲੈ ਕੇ ਜਾਣਾ ਇਹੀ ਸੰਕੇਤ ਦਿੰਦਾ ਹੈ ਕਿ ਇਹ ਭਾਜਪਾ ਦੇ ਏਜੰਡੇ ਉਤੇ ਕੰਮ ਕਰ ਰਹੀ ਹੈ’। ਉਨ੍ਹਾਂ ਕਿਹਾ ਕਿ ਭਾਜਪਾ ਲੋਕਾਂ ਨੂੰ ਜਾਤ ਅਤੇ ਧਰਮ ਦੇ ਆਧਾਰ ਉਤੇ ਵੰਡ ਰਹੀ ਹੈ ਅਤੇ ਇਧਰ ਪੰਜਾਬ ਸਰਕਾਰ ਨੌਜਵਾਨਾ ਦੇ ਸੋਸ਼ਲ ਮੀਡੀਆ ਖਾਤਿਆਂ ਉਤੇ ਪਾਬੰਦੀ ਲਗਾ ਰਹੀ ਹੈ। ਪਰਗਟ ਸਿੰਘ ਨੇ ਦਸਿਆ ਕਿ ਉਨ੍ਹਂ ਦੇ ਫੇਸਬੁੱਕ ਅਕਾਊਂਟ ਉਤੇ ਵੀ ਵਾਰਨਿੰਗ ਆਈ ਹੈ।
ਉਮੀਦਵਾਰਾਂ ਵਿਰੁਧ ਕੀਤੇ ਜਾ ਰਹੇ ਪ੍ਰਦਰਸ਼ਨਾਂ ਨੂੰ ਲੈ ਕੇ ਪਰਗਟ ਸਿੰਘ ਨੇ ਕਿਹਾ ਕਿ ਸਾਨੂੰ ਹਿੰਸਕ ਨਹੀਂ ਹੋਣਾ ਚਾਹੀਦਾ, ਪ੍ਰਦਰਸ਼ਨ ਕਰਨਾ ਹਰੇਕ ਦਾ ਅਧਿਕਾਰ ਹੈ ਪਰ ਜੇਕਰ ਅਸੀਂ ਹਿੰਸਕ ਹੋ ਗਏ ਤਾਂ ਨੁਕਸਾਨ ਪੰਜਾਬ ਦਾ ਹੀ ਹੋਵੇਗਾ। ਸਾਨੂੰ ਜੋਸ਼ ਅਤੇ ਹੋਸ਼ ਦੇ ਸੁਮੇਲ ਨਾਲ ਕੰਮ ਕਰਨਾ ਚਾਹੀਦਾ ਹੈ। ਕੋਵੀਸ਼ੀਲਡ 'ਤੇ ਬੋਲਦਿਆਂ ਪਰਗਟ ਸਿੰਘ ਨੇ ਕਿਹਾ ਕਿ ਕੰਪਨੀ ਨੇ ਵਿਦੇਸ਼ ਵਿਚ ਇਸ ਦੇ ਮਾੜੇ ਪ੍ਰਭਾਵਾਂ ਨੂੰ ਕਬੂਲਿਆ ਹੈ ਜਦਕਿ ਉਸ ਕੰਪਨੀ ਤੋਂ ਇਲੈਕਟੋਰਲ ਬਾਂਡ ਲਏ ਗਏ ਹਨ।