ਨਵਜੋਤ ਸਿੱਧੂ ਨੇ ਪਿੰਡ ਜਾ ਕੇ ਸਬਜ਼ੀਆਂ ਤੇ ਦੁਧ ਖ਼ਰੀਦੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨਾਂ ਵਲੋਂ 1 ਤੋਂ 10 ਜੂਨ ਤਕ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੇ ਪਹਿਲੇ ਦਿਨ ਕਿਸਾਨਾਂ ਦੀ ਹਮਾਇਤ ਕਰਦਿਆਂ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ...

Navjot Singh Sidhu buying Milk and Vegetables

ਫਤਿਹਗੜ੍ਹ ਸਾਹਿਬ,: ਕਿਸਾਨਾਂ ਵਲੋਂ 1 ਤੋਂ 10 ਜੂਨ ਤਕ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੇ ਪਹਿਲੇ ਦਿਨ ਕਿਸਾਨਾਂ ਦੀ ਹਮਾਇਤ ਕਰਦਿਆਂ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਫ਼ਤਿਹਗੜ੍ਹ ਸਾਹਿਬ ਜ਼ਿਲੇ ਦੇ ਪਿੰਡ ਪੱਤੋਂ ਵਿਖੇ ਪੁੱਜ ਕੇ ਕਿਸਾਨ ਕੋਲੋਂ ਖ਼ੁਦ ਸਬਜ਼ੀਆ ਅਤੇ ਦੁਧ ਖ਼ਰੀਦਿਆ। ਉਨ੍ਹਾਂ ਦੇ ਨਾਲ ਵਿਧਾਇਕ ਕੁਲਜੀਤ ਸਿੰਘ ਨਾਗਰਾ ਤੇ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਵੀ ਮੌਜੂਦ ਸਨ ਜਿਨ੍ਹਾਂ ਨੇ ਆਰਗੈਨਿਕ ਫਾਰਮਰ ਹਰਸ਼ਰਨ ਸਿੰਘ ਦੇ ਫ਼ਾਰਮ ਹਾਊਸ ਜਾ ਕੇ ਖ਼ੁਦ ਸਬਜ਼ੀਆਂ ਤੇ ਦੁੱਧ ਖ੍ਰੀਦਦਿਆਂ ਕਿਹਾ ਕਿ ਜੇਕਰ ਦੇਸ਼ ਨੂੰ ਬਚਾਉਣਾ ਹੈ ਤਾਂ ਕਿਸਾਨੀ ਨੂੰ ਬਚਾਉਣਾ ਸੱਭ ਤੋਂ ਵੱਡੀ ਪਹਿਲ ਹੈ।

ਕਿਸਾਨੀ ਬਚਾਉਣ ਤੋਂ ਬਿਨਾਂ ਦੇਸ਼ ਦਾ ਵਿਕਾਸ ਸੰਭਵ ਨਹੀਂ ਹੈ।ਸ. ਸਿੱਧੂ ਦਾ ਕਹਿਣਾ ਹੈ ਕਿ ਉਹ ਅੱਜ ਖੁਦ ਖੇਤ ਵਿਚੋਂ ਕਿਸਾਨਾਂ ਦੇ ਹੱਥੋਂ ਸਬਜ਼ੀ ਤੇ ਦੁੱਧ ਖਰੀਦ ਕੇ ਸੂਬੇ ਦੇ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਕਿਸਾਨੀ ਦੀ ਸਾਡੇ ਲਈ ਕੀ ਅਹਿਮੀਅਤ ਹੈ। ਸ. ਸਿੱਧੂ ਨੇ ਕੇਂਦਰ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਸਵਾਮੀਨਾਥਨ ਦੀ ਰਿਪੋਰਟ ਨਹੀਂ ਲਾਗੂ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ ਨੂੰ ਫਸਲਾਂ ਦੀ ਵਾਜਬ ਕੀਮਤ ਨਹੀਂ ਮਿਲਦੀ ਜਿਸ ਕਾਰਨ ਅੰਨਦਾਤਾ ਅੱਜ ਖੁਦਕੁਸ਼ੀਆਂ ਕਰ ਰਿਹਾ ਹੈ।

ਉਨ੍ਹਾਂ ਕਿਸਾਨੀ ਸੰਕਟ ਲਈ ਕੇਂਦਰ ਦੀ ਐਨ.ਡੀ.ਏ. ਸਰਕਾਰ ਨੂੰ ਜ਼ਿੰਮੇਵਾਰ ਦੱਸਦਿਆਂ ਕਿਹਾ ਕਿ ਜੇਕਰ ਵੋਟਾਂ ਤੋਂ ਪਹਿਲਾ ਕੀਤੇ ਵਾਅਦੇ ਪੂਰੇ ਕੀਤੇ ਹੁੰਦੇ ਤਾਂ ਅੱਜ ਕਿਸਾਨਾਂ ਦਾ ਇਨ੍ਹਾਂ ਮੰਦਾ ਹਾਲ ਨਹੀਂ ਹੋਣਾ ਸੀ ਅਤੇ ਕਿਸਾਨੀ ਖ਼ੁਦਕੁਸ਼ੀਆਂ ਦੇ ਰਾਹ ਨਹੀਂ ਪੈਂਦੀ। ਉਨ੍ਹਾਂ ਤੇਲ ਕੀਮਤਾਂ ਅਨੁਸਾਰ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਤੈਅ ਕਰਨ ਦੀ ਵਕਾਲਤ ਕਰਦਿਆਂ ਕਿਹਾ ਕਿ ਪਿਛਲੇ 25 ਸਾਲਾਂ ਵਿੱਚ ਤੇਲ ਕੀਮਤਾਂ ਵਿੱਚ 12 ਗੁਣਾਂ ਵਾਧਾ ਹੋਇਆ ਹੈ ਜਦੋਂ ਕਿ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਮਸਾਂ ਪੰਜ ਗੁਣਾਂ ਵਾਧਾ ਹੋਇਆ ਹੈ।

 ਉਨ੍ਹਾਂ ਕਿਹਾ ਕਿ ਤੇਲ ਨੂੰ ਜੀ.ਐਸ.ਟੀ. ਤੋਂ ਬਾਹਰ ਰੱਖਣਾ ਕੇਂਦਰ ਦੇ ਮਾੜੇ ਮਨਸੂਬਿਆਂ ਦੀ ਨਿਸ਼ਾਨੀ ਹੈ। ਸਿੱਧੂ ਨੇ ਕਿਹਾ ਕਿ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਆਪਣੇ ਸੀਮਤ ਵਸੀਲਿਆਂ ਦੇ ਬਾਵਜੂਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਿਸਾਨ ਪੱਖੀ ਸੋਚ ਸਦਕਾ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀਆਂ ਫ਼ਸਲਾਂ ਨੂੰ ਮੰਡੀਆਂ ਵਿੱਚੋਂ ਤੁਰੰਤ ਚੁੱਕ ਕੇ ਸਮੇਂ ਸਿਰ ਭੁਗਤਾਨ ਕੀਤਾ ਜਾ ਰਿਹਾ ਹੈ ਜਿਸ ਨਾਲ ਕਿਸਾਨੀ ਨੂੰ ਵੱਡੀ ਰਾਹਤ ਮਿਲੀ ਹੈ।

 ਸ. ਸਿੱਧੂ ਨੇ ਇਸ ਮੌਕੇ ਕਿਸਾਨਾਂ ਨੂੰ ਖ਼ੁਦਕੁਸ਼ੀਆਂ ਦਾ ਰਾਸਤਾ ਤਿਆਗਣ ਦੀ ਵੀ ਅਪੀਲ ਕੀਤੀ ਅਤੇ ਕਿਹਾ ਕਿ ਇਹ ਕੋਈ ਸਥਾਈ ਹੱਲ ਨਹੀਂ। ਸ. ਸਿੱਧੂ ਨੇ ਕਿਹਾ ਕਿ ਉਹ ਕਿਸਾਨਾਂ ਦੇ ਰੋਸ ਪ੍ਰਦਰਸ਼ਨ ਦੀ ਹਮਾਇਤ ਕਰਦੇ ਹੋਏ ਕਿਸਾਨਾਂ ਦੀ ਆਵਾਜ਼ ਬੁਲੰਦ ਕਰਨ ਆਏ ਹਨ। ਸ. ਸਿੱਧੂ ਨੇ ਕਿਹਾ ਕਿ ਅੱਜ ਉਨ੍ਹਾਂ ਪੱਤੋ ਪਿੰਡ ਵਿਖੇ ਹਰਸ਼ਰਨ ਸਿੰਘ ਦੇ ਫ਼ਾਰਮ ਨੂੰ ਇਸ ਕਰਕੇ ਚੁਣਿਆ ਹੈ ਕਿ ਉਹ  ਆਰਗੈਨਿਕ ਖੇਤੀ ਕਰਦਾ ਹੈ।

ਉਨ੍ਹਾਂ ਕਿਹਾ ਆਰਗੈਨਿਕ ਖੇਤੀ ਜਿਥੇ ਸਾਡੇ ਸਰੀਰ ਤੇ ਫਸਲਾਂ ਵਾਲੀ ਜ਼ਮੀਨ ਲਈ ਲਾਹੇਵੰਦ ਹੈ ਉਥੇ ਕਿਸਾਨਾਂ ਨੂੰ ਵੀ ਆਰਥਕ ਪੱਖੋਂ ਖੁਸ਼ਹਾਲ ਕਰਦੀ ਹੈ। ਉਨ੍ਹਾਂ ਇਸ ਮੌਕੇ ਫ਼ਾਰਮਰਜ਼ ਫਾਰ ਸੇਫ਼ ਫੂਡ ਦੇ ਮਨਜੀਤ ਸਿੰਘ ਡਡਿਆਣਾ, ਅਵਤਾਰ ਸਿੰਘ ਤੇ ਸਤਵੀਰ ਸਿੰਘ ਬਾਸੀਆਂ ਨੂੰ ਮਿਲ ਕੇ ਉਨ੍ਹਾਂ ਦੇ ਆਰਗੈਨਿਕ ਖੇਤੀ ਦੇ ਉਪਰਾਲੇ ਦੀ ਸ਼ਲਾਘਾ ਕੀਤੀ।