ਗੁਰਦਾਸਪੁਰ ਨਾਲ ਨਹੁੰ-ਮਾਸ ਦਾ ਰਿਸ਼ਤਾ : ਜਾਖੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ - ਚੌਣਾਂ ਦੌਰਾਨ ਸੱਚ ਹਾਰਿਆ ਤੇ ਝੂਠ ਜਿਤਿਆ

Sunil Jakhar

ਗੁਰਦਾਸਪੁਰ : ਲੋਕ ਸਭਾ ਚੋਣਾਂ 'ਚ ਮਿਲੀ ਹਾਰ ਮਗਰੋਂ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖ਼ੜ ਨੇ ਸਨਿਚਰਵਾਰ ਨੂੰ ਪਹਿਲੀ ਵਾਰ ਗੁਰਦਾਸਪੁਰ ਪਹੁੰਚ ਕੇ ਧਨਵਾਦ ਰੈਲੀ ਨੂੰ ਸੰਬੋਧਨ ਕੀਤਾ। ਗੁਰਦਾਸਪੁਰ ਵਿਚ ਇਹ ਰੈਲੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੀ ਅਗਵਾਈ ਹੇਠ ਕੀਤੀ ਗਈ।

ਇਸ ਮੌਕੇ ਸੁਨੀਲ ਜਾਖੜ ਨੇ ਕਿਹਾ ਹਾਰ-ਜਿੱਤ ਜ਼ਿੰਦਗੀ ਦੇ ਦੋ ਪਹਿਲੂ ਹਨ, ਉਨ੍ਹਾਂ ਨੂੰ ਅਪਣੀ ਹਾਰ ਦਾ ਕੋਈ ਦੁੱਖ ਨਹੀਂ ਹੈ। ਉਨ੍ਹਾਂ ਕਿਹਾ ਕਿ ਇਨਸਾਨ ਨੂੰ ਮਿਹਨਤ ਕਰਨੀ ਚਾਹੀਦੀ ਹੈ ਫਲ ਦੇਣਾ ਪ੍ਰਮਾਤਮਾ ਦਾ ਕੰਮ ਹੈ। ਉਹ ਹਾਰ ਜਾਣ ਉਪਰੰਤ ਵੀ ਉਹ ਹਲਕੇ ਅੰਦਰ ਵਰਕਰਾਂ ਦੇ ਨਾਲ ਪਹਿਲਾਂ ਦੀ ਤਰ੍ਹਾਂ ਵਿਚਰਦੇ ਰਹਿਣਗੇ ਅਤੇ ਲੋਕਾਂ ਦੇ ਹਰ ਸੁੱਖ ਦੁੱਖ 'ਚ ਸ਼ਰੀਕ ਹੋਣਗੇ ਕਿਉਂ ਕਿ ਗੁਰਦਾਸਪੁਰ ਨਾਲ ਉਨ੍ਹਾਂ ਦਾ ਨਹੁੰ ਮਾਸ ਦਾ ਰਿਸ਼ਤਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਅੱਠ ਲੋਕ ਸਭਾ ਹਲਕਿਆਂ ਅੰਦਰ ਕਾਂਗਰਸੀ ਉਮੀਦਵਾਰਾਂ ਨੂੰ ਜਿਤਾ ਕੇ ਕੈਪਟਨ ਅਮਰਿੰਦਰ ਸਿੰਘ ਦੀਆਂ ਲੋਕ ਪੱਖੀ ਨੀਤੀਆਂ ਤੇ ਮੋਹਰ ਲਗਾਈ ਹੈ। ਪੂਰੇ ਦੇਸ਼ ਅੰਦਰ ਕਾਂਗਰਸ ਦੀ ਹਾਰ ਦੇ ਬਾਵਜੂਦ ਪੰਜਾਬ ਅੰਦਰ ਕਾਂਗਰਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਹਨਾਂ ਕਿਹਾ ਕਿ ਉਹਨਾਂ ਕਿਹਾ ਕਿ ਇਹਨਾਂ ਲੋਕਸਭਾ ਚੌਣਾਂ ਦੌਰਾਨ ਸੱਚ ਹਾਰਿਆ ਤੇ ਝੂਠ ਜਿੱਤਿਆ ਹੈ। 

ਪਾਹੜਾ ਨੇ ਕੀਤੀ ਅਪਣੀ ਸੀਟ ਛੱਡਣ ਦੀ ਪੇਸ਼ਕਸ਼ :
ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਸੁਨੀਲ ਜਾਖੜ ਦੀ ਬੇਦਾਗ਼ ਸਖ਼ਸ਼ੀਅਤ ਦੀਆਂ ਤਾਰੀਫ਼ਾਂ ਦੇ ਪੁੱਲ ਬੰਨਦਿਆਂ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਅਪਣੀ ਗੁਰਦਾਸਪੁਰ ਸੀਟ ਜਾਖੜ ਲਈ ਛੱਡਣ ਦੀ ਪੇਸ਼ਕਸ਼ ਕਰ ਦਿਤੀ। ਪਾਹੜਾ ਨੇ ਕਿਹਾ ਕਿ ਉਨ੍ਹਾਂ ਵਾਸਤੇ ਕੁਰਸੀ ਕੋਈ ਅਹਿਮੀਅਤ ਨਹੀਂ ਰੱਖਦੀ, ਉਹ ਹਲਕੇ ਦਾ ਵਿਕਾਸ ਚਾਹੁੰਦੇ ਹਨ। ਵਿਧਾਇਕ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਕੁੱਝ ਸੀਨੀਅਰ ਕਾਂਗਰਸ ਨੇਤਾਵਾਂ ਦਾ ਨਾਮ ਲਏ ਬਿਨਾਂ ਉਨ੍ਹਾਂ 'ਤੇ ਹਮਲੇ ਕਰਦਿਆਂ ਕਿਹਾ ਕਿ ਇਹ ਲੀਡਰ ਅਹੁਦੇ ਲੈ ਕੇ ਆਨੰਦ ਮਾਣ ਰਹੇ ਹਨ ਅਤੇ ਇਨ੍ਹਾਂ ਨੇ ਜਾਖੜ ਦੇ ਹੱਕ ਵਿਚ ਇਕ ਵੀ ਰੈਲੀ ਕਰਵਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਉਲਟਾ ਇਹ ਲੋਕ ਜਾਖੜ ਨੂੰ ਹਰਾਉਣ ਲਈ ਦਿਨ ਰਾਤ ਮਿਹਨਤ ਕਰਦੇ ਰਹੇ। ਸੁਨੀਲ ਜਾਖੜ ਨੇ ਬਰਿਦੰਰਮੀਤ ਵਲੋਂ ਕੀਤੀ ਗਈ ਪੇਸ਼ਕਸ਼ ਨੂੰ ਉਨ੍ਹਾਂ ਦਾ ਵਡੱਪਣ ਦਸਿਆ।

ਵੇਖੋ ਵੀਡੀਓ :-