ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਦਿੱਤਾ ਅਸਤੀਫਾ
ਹਲਕਾ ਗੁਰਦਾਸਪੁਰ ਤੋਂ ਲੋਕ ਸਭਾ ਚੋਣ ਹਾਰਨ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਅਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਚੰਡੀਗੜ੍ਹ: ਹਲਕਾ ਗੁਰਦਾਸਪੁਰ ਤੋਂ ਲੋਕ ਸਭਾ ਚੋਣ ਹਾਰਨ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਅਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹਨਾਂ ਨੇ ਅਪਣਾ ਅਸਤੀਫਾ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਭੇਜ ਦਿੱਤਾ ਹੈ। ਲੋਕ ਸਭਾ ਚੋਣਾਂ ਵਿਚ ਸੁਨੀਲ ਜਾਖੜ ਫਿਲਮ ਅਦਾਕਾਰ ਸੰਨੀ ਦਿਓਲ ਤੋਂ ਹਾਰ ਗਏ ਸਨ। ਜ਼ਿਕਰਯੋਗ ਹੈ ਕਿ ਜਾਖੜ ਨੇ 4 ਮਈ 2017 ਨੂੰ ਪ੍ਰਦੇਸ਼ ਕਾਂਗਰਸ ਦੀ ਕਮਾਨ ਸੰਭਾਲੀ ਸੀ।
ਉਹਨਾਂ ਦੀ ਅਗਵਾਈ ਵਿਚ ਕਾਂਗਰਸ ਨੇ 2018 ਵਿਚ 4 ਨਗਰ ਨਿਗਮ, 22 ਜ਼ਿਲ੍ਹਾ ਪਰੀਸ਼ਦ, ਨਗਰ ਪੰਚਾਇਤ ਅਤੇ ਨਗਰ ਕੌਂਸਲ ਦੀਆਂ ਚੋਣਾਂ ਜਿੱਤੀਆਂ ਹਨ। ਇਸ ਵਾਰ ਲੋਕ ਸਭਾ ਚੋਣਾਂ ਵਿਚ ਵੀ ਪਾਰਟੀ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ। 2012 ਵਿਚ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੇ ਸਿਰਫ 44 ਸੀਟਾਂ ਹੀ ਹਾਸਿਲ ਕੀਤੀਆਂ ਸਨ ਤਾਂ ਉਸ ਤੋਂ ਬਾਅਦ ਸੁਨੀਲ ਜਾਖੜ ਨੂੰ ਪਾਰਟੀ ਦੀ ਜ਼ਿਮੇਵਾਰੀ ਸੌਂਪੀ ਗਈ ਸੀ।
ਪੰਜਾਬ ਕਾਂਗਰਸ ਪ੍ਰਧਾਨ ਰਹਿੰਦੇ ਹੋਏ ਜਾਖੜ ਨੇ ਗੁਰਦਾਸਪੁਰ ਤੋਂ ਲੋਕ ਸਭਾ ਉਪ-ਚੋਣ ਜਿੱਤੀ ਸੀ ਪਰ ਇਸ ਵਾਰ ਉਹ ਭਾਜਪਾ ਦੇ ਸੰਨੀ ਦਿਓਲ ਤੋਂ ਕਰੀਬ 82000 ਵੋਟਾਂ ਨਾਲ ਹਾਰ ਗਏ। ਸੁਨੀਲ ਜਾਖੜ ਦਾ ਕਹਿਣਾ ਹੈ ਕਿ ਹਾਲਾਤ ਚਾਹੇ ਜੋ ਵੀ ਹੋਣ ਪਰ ਸੱਚਾਈ ਇਹੀ ਹੈ ਕਿ ਉਹ ਹਾਰ ਗਏ ਹਨ। ਉਹਨਾਂ ਕਿਹਾ ਕਿ ਇਸ ਦੀ ਨੈਤਿਕ ਜ਼ਿੰਮੇਵਾਰੀ ਉਹ ਖੁਦ ਲੈਂਦੇ ਹਨ ਅਤੇ ਇਸੇ ਲਈ ਉਹਨਾਂ ਨੇ ਅਪਣਾ ਅਸਤੀਫਾ ਪਾਰਟੀ ਪ੍ਰਧਾਨ ਨੂੰ ਭੇਜ ਦਿੱਤਾ ਹੈ।