ਫ਼ੌਜੀ ਦੇ ਛੁੱਟੀ ਆਉਣ ਤੋਂ ਪਹਿਲਾ ਵਰਤਿਆ ਭਾਣਾ : ਦਿਲ ਦਾ ਦੌਰਾ ਪੈਣ ਨਾਲ ਮੌਤ

ਏਜੰਸੀ

ਖ਼ਬਰਾਂ, ਪੰਜਾਬ

CISF ’ਚ ਬਤੌਰ ASI ਨਿਭਾ ਰਹੇ ਸਨ ਡਿਊਟੀ

photo

 

ਨੂਰਪੁਰਬੇਦੀ -  ਸੀ. ਆਈ. ਐੱਸ. ਐੱਫ. ’ਚ ਬਤੌਰ ਏ. ਐੱਸ. ਆਈ. ਡਿਊਟੀ ਨਿਭਾ ਰਹੇ ਫ਼ੌਜੀ ਚਮੇਲ ਸਿੰਘ ਪੁੱਤਰ ਜਗਤ ਰਾਮ ਦੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਜਵਾਨ ਨੂਰਪੁਰਬੇਦੀ ਦੇ ਪਿੰਡ ਦਹੀਰਪੁਰ ਨਾਲ ਸਬੰਧਤ ਸੀ।

 ਫ਼ੌਜੀ ਦੇ ਪ੍ਰਵਾਰਕ ਮੈਂਬਰਾਂ ਅਨੁਸਾਰ ਚਮੇਲ ਸਿੰਘ ਹੈਦਰਾਬਾਦ ਵਿਖੇ ਸੀ. ਆਈ. ਐੱਸ. ਐੱਫ. ਦੀ ਯੂਨਿਟ ’ਚ ਤੈਨਾਤ ਸਨ ਤੇ ਜਦੋਂ ਉਹ ਉੱਥੋਂ ਏਅਰਪੋਰਟ ’ਤੇ ਡਿਊਟੀ ਲਈ ਜਾ ਰਹੇ ਸਨ ਤਾਂ ਅਚਾਨਕ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ। ਇਸ ਦੌਰਾਨ ਸਾਥੀ ਫ਼ੌਜੀਆਂ ਵਲੋਂ ਉਨ੍ਹਾਂ ਨੂੰ ਹਸਪਤਾਲ ਵਿਖੇ ਲਿਜਾਇਆ ਗਿਆ ਜਿਥੇ ਉਨ੍ਹਾਂ ਦੀ ਮੌਤ ਹੋ ਗਈ।

ਦਸਿਆ ਜਾ ਰਿਹਾ ਹੈ ਕਿ ਤਕਰੀਬਨ 2 ਸਾਲ ਹੈਦਰਾਬਾਦ ਵਿਖੇ ਤੈਨਾਤ ਚਮੇਲ ਸਿੰਘ ਦਾ ਕੁਝ ਦਿਨ ਪਹਿਲਾਂ ਹੀ ਦਿੱਲੀ ਵਿਖੇ ਤਬਾਦਲਾ ਹੋਇਆ ਸੀ ਤੇ ਜਿਨ੍ਹਾਂ 1-2 ਦਿਨਾਂ ’ਚ ਘਰ ਆ ਕੇ ਮੁੜ ਨਵੀਂ ਪੋਸਟਿੰਗ ’ਤੇ ਜੁਆਇਨ ਕਰਨਾ ਸੀ ਕਿ ਉਕਤ ਭਾਣਾ ਵਰਤ ਗਿਆ।
 ਏ. ਐੱਸ. ਆਈ. ਚਮੇਲ ਸਿੰਘ ਦਾ ਪਿੰਡ ਦਹੀਰਪੁਰ ਵਿਖੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿਤਾ ਗਿਆ। ਇਸ ਮੌਕੇ ਸੀ. ਆਈ. ਐੱਸ. ਐੱਫ. ਦੀ ਯੂਨਿਟ ਤੋਂ ਪਹੁੰਚੀ ਜਵਾਨਾਂ ਦੀ ਟੁਕੜੀ ਨੇ ਮ੍ਰਿਤਕ ਫ਼ੌਜੀ ਏ. ਐੱਸ. ਆਈ. ਚਮੇਲ ਸਿੰਘ ਨੂੰ ਅੰਤਿਮ ਸਲਾਮੀ ਦਿਤੀ।