ਰੇਤ ਮਾਫ਼ੀਆ ਵਿਰੁਧ ਕਿਸਾਨਾਂ ਨੇ ਖ਼ੁਦ ਹੀ ਵਿਢਿਆ ਸੰਘਰਸ਼, ਰੋਕਿਆ ਖਣਨ
ਬੀਤੀ ਰਾਤ ਜਮਹੂਰੀ ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਕੁਲਦੀਪ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਨੇ 12.30 ਵਜੇ ਦੇ ਕਰੀਬ ਨੇੜਲੇ..........
ਫਿਲੌਰ : ਬੀਤੀ ਰਾਤ ਜਮਹੂਰੀ ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਕੁਲਦੀਪ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਨੇ 12.30 ਵਜੇ ਦੇ ਕਰੀਬ ਨੇੜਲੇ ਪਿੰਡ ਸ਼ਾਉਲੇ ਬੁਜਾੜ 'ਚ ਚਲਦੇ ਨਾਜਾਇਜ਼ ਰੇਤੇ ਦੇ ਟੱਕ 'ਤੇ ਜਾ ਕੇ ਹੋ ਰਹੀ ਨਾਜਾਇਜ਼ ਮਾਇਨਿੰਗ ਨੂੰ ਰੋਕ ਦਿਤਾ। ਕਾਮਰੇਡ ਕੁਲਦੀਪ ਨੇ ਦਸਿਆ ਕਿ ਬੀਤੀ ਰਾਤ ਅੱਕੇ ਹੋਏ ਕਿਸਾਨਾਂ ਨੇ ਨੇੜਲੇ ਪਿੰਡ ਸ਼ਾਉਲੇ ਬੁਜਾੜ ਜਾ ਕੇ ਸ਼ਰੇਆਮ ਹੋ ਰਹੀ ਨਾਜਾਇਜ਼ ਮਾਇਨਿੰਗ ਨੂੰ ਸਖ਼ਤੀ ਨਾਲ ਰੋਕਿਆ ਅਤੇ ਮੌਕੇ 'ਤੇ ਜਾਣ ਤੋਂ ਪਹਿਲਾਂ ਐਸਐਚਓ ਫਿਲੌਰ ਨੂੰ ਹੋ ਰਹੀ ਨਾਜਾਇਜ਼ ਮਾਇਨਿੰਗ
ਸਬੰਧੀ ਸੂਚਿਤ ਕੀਤਾ। ਉਨ੍ਹਾਂ ਦਸਿਆ ਕਿ ਮੌਕੇ 'ਤੇ ਇਕ ਪੋਕਲੇਨ ਮਸ਼ੀਨ ਰੇਤੇ ਦੀਆਂ ਵੱਡੀਆਂ ਅਤੇ ਡੂੰਘੀਆਂ ਖੱਡਾਂ ਚੋਂ ਰੇਤਾ ਕੱਢ ਕੇ ਟਿੱਪਰਾਂ ਅਤੇ ਟਰੈਕਟਰ-ਟਰਾਲੀਆਂ ਭਰ ਰਹੀ ਸੀ। ਕਿਸਾਨ ਇਕੱਠ ਨੂੰ ਵੇਖ ਕੇ ਮਾਫ਼ੀਆ ਦੇ ਲੋਕ ਮੌਕੇ ਤੋਂ ਫ਼ਰਾਰ ਹੋ ਗਏ। ਮਾਫ਼ੀਆ ਦਾ ਇਕ ਵਿਅਕਤੀ ਜ਼ਬਰਦਸਤੀ ਅਪਣਾ ਰੇਤੇ ਦਾ ਭਰਿਆ ਟਰੈਕਟਰ-ਟਰਾਲੀ ਲੈ ਕੇ ਮੌਕੇ ਤੋਂ ਭੱਜਣ ਲੱਗਾ ਤਾਂ ਕਿਸਾਨਾਂ ਦੇ ਇਕੱਠ ਨੇ ਉਸ ਨੂੰ ਇੰਝ ਕਰਨ ਤੋਂ ਰੋਕ ਦਿਤਾ।
ਦੂਜੇ ਪਾਸੇ ਦੂਜੀ ਧਿਰ ਦੇ ਇਕ ਵਿਅਕਤੀ ਨੇ ਲਾਏ ਕਿਸਾਨਾਂ 'ਤੇ ਕੁੱਟਮਾਰ ਦੇ ਦੋਸ਼ ਲਾਏ ਹਨ। ਦੂਜੇ ਪਾਸੇ ਸਥਾਨਕ ਸਿਵਲ ਹਸਪਤਾਲ ਵਿਖੇ ਆ ਕੇ ਦਾਖ਼ਲ ਹੋਏ ਰੇਸ਼ਮ ਸਿੰਘ (38) ਪੁੱਤਰ ਜੰਗੀਰ ਸਿੰਘ ਵਾਸੀ ਪਿੰਡ ਸ਼ਾਉਲੇ ਬੁਜਾੜ ਨੇ ਦਸਿਆ ਕਿ ਉਹ ਅਪਣੇ ਟਰੈਕਟਰ ਦੇ ਟਾਇਰ ਬਦਲਵਾਉਣ ਲਈ ਸ਼ਹਿਰ ਨੂੰ ਆ ਰਿਹਾ ਸੀ ਪਰ ਰਸਤੇ ਵਿਚ ਜਮਹੂਰੀ ਕਿਸਾਨ ਸਭਾ ਦੇ ਲੋਕਾਂ ਨੇ ਉਸ ਦੀ ਕੁੱਟਮਾਰ ਕੀਤੀ ਪਰ ਜਦੋਂ ਜਮਹੂਰੀ ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਕੁਲਦੀਪ ਸਿੰਘ ਨਾਲ ਸੰਪਰਕ ਕੀਤਾ ਤਾਂ ਉਸ ਨੇ ਦਸਿਆ ਕਿ ਰੇਤ ਮਾਫ਼ੀਆ ਦੇ ਲੋਕ ਉਨ੍ਹਾਂ ਨੂੰ ਤਾਰਪੀਡੋ ਕਰਨ ਲਈ ਕਿਸਾਨਾਂ 'ਤੇ ਝੂਠੇ ਦੋਸ਼ ਲਾ ਰਹੇ ਹਨ।