ਰਾਵੀ 'ਚ ਪਾਣੀ ਦਾ ਪੱਧਰ ਵਧਿਆ
ਮੀਂਹ ਦੇ ਸੀਜ਼ਨ ਨੂੰ ਵੇਖਦੇ ਹੋਏ ਮਕੌੜਾ ਪੱਤਣ ਉਤੇ ਦਰਿਆ ਰਾਵੀ ਤੋਂ ਕੁੱਝ ਦਿਨ ਪਹਿਲਾਂ ਪਲਟੂਨ ਪੁਲ ਚੁਕ ਦਿਤਾ..........
ਗੁਰਦਾਸਪੁਰ/ਦੀਨਾਨਗਰ : ਮੀਂਹ ਦੇ ਸੀਜ਼ਨ ਨੂੰ ਵੇਖਦੇ ਹੋਏ ਮਕੌੜਾ ਪੱਤਣ ਉਤੇ ਦਰਿਆ ਰਾਵੀ ਤੋਂ ਕੁੱਝ ਦਿਨ ਪਹਿਲਾਂ ਪਲਟੂਨ ਪੁਲ ਚੁਕ ਦਿਤਾ ਗਿਆ ਸੀ। ਬੀਤੇ ਦਿਨ ਰਾਵੀ ਵਿਚ ਪਾਣੀ ਜ਼ਿਆਦਾ ਆਉਣ ਕਾਰਨ ਕਿਸ਼ਤੀ ਵੀ ਡੁੱਬ ਗਈ ਜਿਸ ਕਾਰਨ ਦਰਿਆ ਪਾਰ ਵਸੇ ਸੱਤ ਪਿੰਡਾਂ ਦੇ ਅੱਠ ਹਜ਼ਾਰ ਦੇ ਕਰੀਬ ਲੋਕਾਂ ਦਾ ਦੇਸ਼ ਨਾਲੋਂ ਸਿੱਧਾ ਸੰਪਰਕ ਟੁੱਟ ਗਿਆ ਹੈ। ਹੁਣ ਲੋਕਾਂ ਦਾ ਦਰਿਆ ਪਾਰ ਕਰਨਾ ਕਾਫ਼ੀ ਮੁਸ਼ਕਲ ਹੋ ਗਿਆ ਹੈ।
ਮਕੌੜਾ ਪੱਤਣ ਤੋਂ ਪੁਲ ਹਟਾਏ ਜਾਣ ਅਤੇ ਕਿਸ਼ਤੀ ਵੀ ਬੰਦ ਹੋਣ ਨਾਲ ਦਰਿਆ ਪਾਰ ਵਸੇ ਪਿੰਡ ਭਰਿਆਲ, ਚੇਬੇ, ਟੂਰਵਾਨੀ, ਚੱਕਰੰਗਾ, ਕੂਕਰ, ਕਜਲਾ ਅਤੇ ਲਸਿਆਣ ਵਿਚ ਰਹਿ ਰਹੇ ਕਰੀਬ ਅੱਠ ਹਜ਼ਾਰ ਲੋਕਾਂ ਨੂੰ ਹੁਣ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਰਾਵੀ ਦਰਿਆ ਦੇ ਪਾਰ ਵਸੇ ਸੱਤ ਪਿੰਡਾਂ ਨੂੰ ਭਾਰਤ ਨਾਲ ਜੋੜਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮਕੌੜਾ ਪੱਤਣ ਉਤੇ ਇਕ ਪਲਟੂਨ ਪੁੱਲ ਬਣਾਇਆ ਜਾਂਦਾ ਹੈ
ਤੇ ਇਸ ਨੂੰ ਹਰ ਸਾਲ ਮੀਂਹ ਦੇ ਸੀਜ਼ਨ ਦੌਰਾਨ ਚੁਕ ਲਿਆ ਜਾਂਦਾ ਹੈ। ਕੁੱਝ ਦਿਨ ਪਹਿਲਾਂ ਹੀ ਇਸ ਪੁੱਲ ਨੂੰ ਦਰਿਆ ਵਿਚ ਪਾਣੀ ਦੀ ਮਾਤਰਾ ਵਧਣ ਦੇ ਚਲਦੇ ਚੁਕ ਲਿਆ ਗਿਆ ਸੀ। ਹੁਣ ਲੋਕਾਂ ਨੂੰ ਦਰਿਆ ਪਾਰ ਕਰਨ ਲਈ ਪਾਣੀ ਦਾ ਪੱਧਰ ਘੱਟ ਹੋਣ ਦਾ ਇੰਤਜ਼ਾਰ ਕਰਨਾ ਪਵੇਗਾ ।