ਨਵਜੋਤ ਸਿੱਧੂ ਦੇ ਹੱਕ 'ਚ ਡਟੇ ਕੈਪਟਨ, ਫੇਕ ਫੋਟੋ ਵਾਇਰਲ ਕਰਨ ਵਾਲਿਆਂ ਨੂੰ ਪਾਈ ਝਾੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਾਂਗਰਸ ਆਗੂ ਅਤੇ ਪੰਜਾਬ ਸਰਕਾਰ ਵਿਚ ਮੰਤਰੀ ਨਵਜੋਤ ਸਿੰਘ ਸਿੱਧੂ ਇਕ ਵਾਰ ਫਿਰ ਤੋਂ ਸੁਰਖੀਆਂ ਵਿਚ ਹਨ।

Navjot Singh Sidhu

ਚੰਡੀਗੜ੍ਹ: ਕਾਂਗਰਸ ਆਗੂ ਅਤੇ ਪੰਜਾਬ ਸਰਕਾਰ ਵਿਚ ਮੰਤਰੀ ਨਵਜੋਤ ਸਿੰਘ ਸਿੱਧੂ ਇਕ ਵਾਰ ਫਿਰ ਤੋਂ ਸੁਰਖੀਆਂ ਵਿਚ ਹਨ। ਹਾਲਾਂਕਿ ਇਸ ਵਾਰ ਉਹ ਕਿਸੇ ਮੰਤਰੀ ਅਹੁਦੇ ਜਾਂ ਬਿਆਨ ਨੂੰ ਲੈ ਕੇ ਨਹੀਂ ਬਲਕਿ ਇਕ ਫੋਟੋ ਨੂੰ ਲੈ ਕੇ ਸੁਰਖੀਆਂ ਦਾ ਹਿੱਸਾ ਬਣੇ ਹਨ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੋਪਾਲ ਸਿੰਘ ਚਾਵਲਾ ਨੇ ਸੋਸ਼ਲ ਮੀਡੀਆ ‘ਤੇ ਸਿੱਧੂ ਦੀ ਇਕ ਫੋਟੋ ਸ਼ੇਅਰ ਕੀਤੀ ਹੈ। ਇਸ ਤਸਵੀਰ ਵਿਚ ਸਿੱਧੂ ਪਾਕਿਸਤਾਨ ਦੇ ਰਾਸ਼ਟਰੀ ਝੰਡੇ ਵਰਗੀ ਪੱਗ ਵਿਚ ਦਿਖਾਈ ਦੇ ਰਹੇ ਹਨ। ਹਾਲਾਂਕਿ ਇਹ ਫੋਟੋ ਫੋਟੋਸ਼ਾਪ ਨਾਲ ਤਿਆਰ ਕੀਤੀ ਗਈ ਹੈ। ਸਿੱਧੂ ਦੀ ਇਹ ਫੋਟੋ ਕਿਸੇ ਪ੍ਰੋਗਰਾਮ ਦੀ ਲੱਗ ਰਹੀ ਹੈ।

ਗੋਪਾਲ ਸਿੰਘ ਚਾਵਲਾ ਨੇ ਫੋਟੋ ਦੇ ਨਾਲ ਉਰਦੂ ਵਿਚ ਕੈਪਸ਼ਨ ਵੀ ਲਿਖਿਆ ਹੈ। ਉਹਨਾਂ ਨੇ ਇਸ ਵਿਚ ਅਪੀਲ ਕੀਤੀ ਹੈ ਕਿ ਇਸ ਫੋਟੋ ਨੂੰ ਇੰਨਾ ਸ਼ੇਅਰ ਕਰੋ ਕਿ ਇਹ ਭਾਰਤ ਤੱਕ ਪਹੁੰਚ ਸਕੇ। ਹਾਲਾਂਕਿ ਅਜਿਹਾ ਕਰਨ ਪਿੱਛੇ ਗੋਪਾਲ ਸਿੰਘ ਦਾ ਮਕਸਦ ਕੀ ਹੈ, ਇਹ ਸਾਫ਼ ਨਹੀਂ ਹੋ ਸਕਿਆ। ਹੁਣ ਤੱਕ ਇਸ ਫੋਟੋ ‘ਤੇ 610 ਲਾਈਕ, 47 ਕੁਮੈਂਟ ਆ ਚੁੱਕੇ ਹਨ ਅਤੇ ਇਸ ਨੂੰ 340 ਵਾਰ ਸ਼ੇਅਰ ਕੀਤਾ ਗਿਆ ਹੈ। ਪਰ ਬਾਅਦ ਵਿਚ ਗੋਪਾਲ ਸਿੰਘ ਚਾਵਲਾ ਨੇ ਅਪਣੇ ਫੇਸਬੁੱਕ ਪੇਜ਼ ਤੋਂ ਇਸ ਪੋਸਟ ਨੂੰ ਡਿਲੀਟ ਕਰ ਦਿੱਤਾ ਹੈ।

ਇਸ ਫੋਟੋ ਨੂੰ ਸ਼ੇਅਰ ਕੀਤੇ ਜਾਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ‘ਤੇ ਜਵਾਬ ਦਿੰਦਿਆਂ ਸਿੱਧੂ ਦੀ ਫੋਟੋ ਸ਼ੇਅਰ ਕੀਤੇ ਜਾਣ ਦੀ ਨਿਖੇਧੀ ਕੀਤੀ ਹੈ। ਉਹਨਾਂ ਨੇ ਅਜਿਹੀ ਸਮੱਗਰੀ ਅਤੇ ਫੋਟੋਆਂ ਨੂੰ ਬਿਨਾਂ ਕਿਸੇ ਪੁਸ਼ਟੀ ਤੋਂ ਸ਼ੇਅਰ ਕਰਨ ਤੋਂ ਰੋਕਣ ਲਈ ਅਪੀਲ ਕੀਤੀ ਹੈ। 

 


 

ਚਾਵਲਾ ਦੇ ਫੇਸਬੁੱਕ ਪੇਜ਼ ਤੇ ਜ਼ਿਆਦਾਤਰ ਪੋਸਟਾਂ ਵਿਚ ਪਾਕਿਸਤਾਨ ਦੀ ਤਾਰੀਫ਼ ਅਤੇ ਭਾਰਤ ਦੀ ਅਲੋਚਨਾ ਦੀਆਂ ਗੱਲਾਂ ਨਜ਼ਰ ਆਉਂਦੀਆਂ ਹਨ। ਗੋਪਾਲ ਸਿੰਘ ਚਾਵਲਾ ਭਾਰਤ ਅਤੇ ਭਾਰਤੀ ਸੁਰੱਖਿਆ ਬਲਾਂ ਵਿਰੁੱਧ ਜ਼ਹਿਰ ਉਗਲਦੇ ਹਨ। ਚਾਵਲਾ ਨੂੰ ਪਾਕਿਸਤਾਨ ਦੇ ਮੋਸਟ ਵਾਂਟਡ ਅਤਿਵਾਦੀ ਅਤੇ ਲਸ਼ਕਰ ਏ ਤੈਯਬਾ ਹਾਫ਼ਿਜ਼ ਸਈਦ ਦਾ ਕਰੀਬੀ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਪਾਕਿਸਤਾਨ ਦੀਆਂ ਅਤਿਵਾਦੀ ਸੰਸਥਾਵਾਂ ਨਾਲ ਵੀ ਉਹਨਾਂ ਦੇ ਕਰੀਬੀ ਰਿਸ਼ਤੇ ਹਨ।