ਮਰੀਜ਼ਾਂ ਲਈ 'ਕੇਅਰ ਕਮਪੈਨੀਅਨ' ਪ੍ਰੋਗਰਾਮ ਸ਼ੁਰੂ ਕਰਨ ਵਾਲਾ ਮੋਹਰੀ ਸੂਬਾ ਬਣਿਆ ਪੰਜਾਬ : ਸਿੱਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਸਪਤਾਲਾਂ 'ਚ ਮਰੀਜ਼ ਨਾਲ ਆਏ ਪਰਵਾਰਕ ਮੈਂਬਰਾਂ ਲਈ ਵਿਸ਼ੇਸ਼ ਸਿਖਲਾਈ ਪ੍ਰੋਗਰਾਮ

Punjab becomes first state who started Care Companion Programme

ਚੰਡੀਗੜ੍ਹ : ਪੰਜਾਬ ਸੂਬੇ ਭਰ ਦੇ ਜ਼ਿਲ੍ਹਾ ਹਸਪਤਾਲਾਂ ਵਿਚ ਮੈਡੀਕਲ ਅਤੇ ਸਰਜੀਕਲ ਯੂਨਿਟਾਂ 'ਚ ਭਰਤੀ ਹੋਏ ਮਰੀਜ਼ਾਂ ਲਈ 'ਕੇਅਰ ਕਮਪੈਨੀਅਨ' ਪ੍ਰੋਗਰਾਮ ਸ਼ੁਰੂ ਕਰਨ ਵਾਲਾ ਮੋਹਰੀ ਸੂਬਾ ਬਣ ਗਿਆ ਹੈ। ਸਿਹਤ ਤੇ ਪਰਵਾਰ ਭਲਾਈ ਮੰਤਰੀ ਸ਼੍ਰੀ ਬਲਬੀਰ ਸਿੰਘ ਸਿੱਧੂ ਨੇ ਇਸ ਪ੍ਰੋਗਰਾਮ ਦੇ ਦੂਜੇ ਪੜਾਅ ਦੀ ਅੱਜ ਹੋਟਲ ਮਾਊਂਟਵਿਊ, ਚੰਡੀਗੜ੍ਹ ਵਿਖੇ ਸ਼ੁਰੂਆਤ ਕੀਤੀ।

ਅਪਣੇ ਭਾਸ਼ਨ ਵਿਚ ਸ਼੍ਰੀ ਸਿੱਧੂ ਨੇ ਕਿਹਾ ਕਿ ਇਸ ਪ੍ਰੋਗਰਾਮ ਦੁਆਰਾ ਮੈਡੀਕਲ ਅਤੇ ਸਰਜੀਕਲ ਮਰੀਜ਼ਾਂ ਦੇ ਰਿਸਤੇਦਾਰਾਂ ਨੂੰ ਸਿਖਲਾਈ ਦਿਤੀ ਜਾਂਦੀ ਹੈ ਕਿ ਉਹ ਹਸਪਤਾਲਾਂ ਵਿਚ ਰਹਿੰਦੇ ਹੋਏ ਅਪਣੇ ਅਜੀਜ਼ਾਂ ਦੀ ਦੇਖਭਾਲ ਕਿਵੇਂ ਕਰ ਸਕਦੇ ਹਨ ਤਾਂ ਜੋ ਮਰੀਜ਼ਾਂ ਨੂੰ ਹਸਪਤਾਲ ਤੋਂ ਘਰ ਜਾ ਕੇ ਵੀ ਵਧੀਆ ਨਤੀਜੇ ਮਿਲ ਸਕਣ। 

ਸ਼੍ਰੀ ਸਿੱਧੂ ਨੇ ਕਿਹਾ ਕਿ ਇਸ ਸਾਧਾਰਣ ਪਰ ਪ੍ਰਭਾਵਸ਼ਾਲੀ ਪ੍ਰੋਗਰਾਮ ਦੀ ਸਫ਼ਲਤਾ ਨੂੰ ਦੇਖਦਿਆਂ, ਮਰੀਜ਼ਾਂ ਦੇ ਇਲਾਜ ਦੇ ਮਦੇਨਜਰ ਇਸ ਪ੍ਰੋਗਰਾਮ ਦਾ ਵਿਸਥਾਰ ਸੂਬੇ ਦੇ ਹੋਰ ਖੇਤਰਾਂ ਵਿਚ ਵੀ ਕੀਤਾ ਜਾ ਰਿਹਾ ਹੈ। ਸਿਹਤ ਤੇ ਪਰਵਾਰ ਭਲਾਈ ਵਿਭਾਗ, ਪੰਜਾਬ ਨੇ ਸੂਬੇ ਭਰ ਦੇ ਜ਼ਿਲ੍ਹਾ ਹਸਪਤਾਲਾਂ ਦੇ ਸਾਰੇ ਮੈਡੀਕਲ ਅਤੇ ਸਰਜੀਕਲ ਕੇਅਰ ਯੂਨਿਟਾਂ ਵਿਚ ਇਸ ਪ੍ਰੋਗਰਾਮ ਨੂੰ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। 

ਸ਼੍ਰੀ ਅਮਿਤ ਕੁਮਾਰ, ਸਿਹਤ ਅਤੇ ਮਿਸ਼ਨ ਡਾਇਰੈਕਟਰ, ਰਾਸ਼ਟਰੀ ਸਿਹਤ ਮਿਸ਼ਨ, ਪੰਜਾਬ ਨੇ ਇਸ ਮੌਕੇ ਕਿਹਾ ਕਿ ਇਸ ਪ੍ਰੋਗਰਾਮ ਦਾ ਮੁੱਖ ਮੰਤਵ ਮਰੀਜ਼ ਦੇ ਪਰਵਾਰ ਨੂੰ ਵਿਸ਼ੇਸ਼ ਸਿਖਲਾਈ ਦੇ ਕੇ ਮਰੀਜ਼ ਦੀ ਸਿਹਤ ਵਿਚ ਸੁਧਾਰ ਕਰਨਾ ਹੈ। ਹੁਣ ਤਕ ਇਸ ਪ੍ਰੋਗਰਾਮ ਅਧੀਨ 60,000 ਪਰਵਾਰਕ ਮੈਂਬਰਾਂ ਨੂੰ ਸਿਖਲਾਈ ਦਿਤੀ ਗਈ ਹੈ। ਇਸ ਮੀਟਿੰਗ ਵਿਚ ਡਾ. ਜਸਪਾਲ ਕੌਰ, ਸਿਹਤ ਸੇਵਾਵਾਂ, ਡਾ. ਸ਼ਾਹਿਦ ਆਲਮ, ਪ੍ਰਧਾਨ ਤੇ ਸਹਿ-ਸੰਸਥਾਪਕ ਨੂਰਾ ਹੈਲਥ ਅਤੇ ਸ਼੍ਰੀ ਅਨੰਦ ਕੁਮਾਰ ਯੋਜ-ਏਡ ਇਨੋਵੇਸ਼ਨ ਫ਼ਾਊਂਡੇਸ਼ਨ ਵੀ ਹਾਜ਼ਰ ਸਨ।