ਪੰਜਾਬ 'ਚ 300 ਲੱਖ ਟਨ ਅਨਾਜ ਦੇ ਭੰਡਾਰ, PM ਦੀ 5 ਕਿਲੋ ਸਕੀਮ ਨਾਲ ਰਾਹਤ ਦੀ ਆਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

PM ਵਲੋਂ ਗਰੀਬਾਂ ਨੂੰ 5 ਕਿਲੋ ਅਨਾਜ ਮੁਫ਼ਤ ਦੇਣ ਦੀ ਸਕੀਮ ਨਵੰਬਰ ਤਕ ਜਾਰੀ ਰੱਖਣ ਦੇ ਐਲਾਨ ਨਾਲ ਪੰਜਾਬ 'ਚ ਭਰੇ ਪਏ ਗੋਦਾਮਾਂ ਨੂੰ ਕੁੱਝ ਸਾਹ ਆਉਣ ਦੀ ਉਮੀਦ ਲੱਗੀ ਹੈ।

Grain storage in punjab

ਚੰਡੀਗੜ੍ਹ (ਐਸ.ਐਸ. ਬਰਾੜ) : ਪ੍ਰਧਾਨ ਮੰਤਰੀ ਵਲੋਂ ਗਰੀਬਾਂ ਨੂੰ 5 ਕਿਲੋ ਅਨਾਜ ਮੁਫ਼ਤ ਦੇਣ ਦੀ ਸਕੀਮ ਨਵੰਬਰ ਤਕ ਜਾਰੀ ਰੱਖਣ ਦੇ ਐਲਾਨ ਨਾਲ ਪੰਜਾਬ 'ਚ ਨੱਕੋ-ਨੱਕ ਭਰੇ ਪਏ ਗੋਦਾਮਾਂ ਨੂੰ ਕੁੱਝ ਸਾਹ ਆਉਣ ਦੀ ਉਮੀਦ ਲੱਗੀ ਹੈ। ਇਸ ਸਕੀਮ ਅਧੀਨ 80 ਕਰੋੜ ਰਾਸ਼ਨ ਕਾਰਡ ਧਾਰਕਾਂ ਨੂੰ 5 ਕਿਲੋ ਅਨਾਜ ਪ੍ਰਤੀ ਵਿਅਕਤੀ ਪ੍ਰਤੀ ਮਹੀਨਾ ਦਿਤਾ ਜਾਵੇਗਾ। ਇਸ ਤਰ੍ਹਾਂ ਹਰ ਮਹੀਨੇ 40 ਲੱਖ ਟਨ ਅਨਾਜ ਦਿਤਾ ਜਾਣਾ ਹੈ ਅਤੇ 5 ਮਹੀਨਿਆਂ 'ਚ 200 ਲੱਖ ਟਨ ਅਨਾਜ ਦੀ ਲੋੜ ਹੋਵੇਗੀ।

ਇਸ ਤੋਂ ਪਹਿਲਾਂ ਅਪ੍ਰੈਲ ਤੋਂ ਜੂਨ ਤਕ ਦੇ ਤਿੰਨ ਮਹੀਨਿਆਂ ਦੌਰਾਨ ਵੀ 120 ਲੱਖ ਟਨ ਅਨਾਜ ਵੰਡਿਆ ਗਿਆ। ਇਸ 5 ਕਿਲੋ ਦੀ ਸਕੀਮ ਤੋਂ ਇਲਾਵਾ ਜਨਤਕ ਵੰਡ ਪ੍ਰਣਾਲੀ ਰਾਹੀਂ ਜੋ ਅਨਾਜ ਦਿਤਾ ਜਾਂਦਾ ਹੈ, ਉਹ ਇਸ ਤੋਂ ਵਖਰਾ ਹੈ। ਉਪਰੋਕਤ ਐਲਾਨ ਨਾਲ ਅਨਾਜ ਦੀ ਮੰਗ ਵੱਡੀ ਪੱਧਰ 'ਤੇ ਵਧੇਗੀ ਅਤੇ ਲਗਭਗ ਬਹੁਤਾ ਅਨਾਜ ਪੰਜਾਬ 'ਚੋਂ ਹੀ ਜਾਵੇਗਾ। 31 ਮਾਰਚ ਨੂੰ ਪੰਜਾਬ ਦੇ ਗੁਦਾਮਾਂ 'ਚ ਲਗਭਗ 195 ਲੱਖ ਟਨ ਕਣਕ ਅਤੇ ਚੌਲ ਪਿਆ ਸੀ।

ਪਿਛਲੇ ਦੋ ਸਾਲਾਂ ਤੋਂ ਮੁਸ਼ਕਲ ਨਾਲ ਪੰਜਾਬ 'ਚੋਂ 18-20 ਲੱਖ ਟਨ ਅਨਾਜ ਹੀ ਹਰ ਸਾਲ ਚੁਕਿਆ ਜਾਂਦਾ ਰਿਹਾ। ਇਸ ਤਰ੍ਹਾਂ ਚੌਲ ਤਾਂ ਗੁਦਾਮਾਂ 'ਚ ਪਏ ਸਨ ਅਤੇ ਕਣਕ ਬਾਹਰ ਤਰਪਾਲਾਂ ਦੇ ਕੇ ਰੱਖੀ ਗਈ ਹੈ। ਉਪਰੋਕਤ ਅਨਾਜ ਤੋਂ ਇਲਾਵਾ ਪੰਜਾਬ 'ਚ 50 ਲੱਖ ਟਨ ਝੋਨਾ ਮਿੱਲਾਂ 'ਚ ਪਿਆ ਸੀ ਜਿਸ ਤੋਂ ਤਕਰੀਬਨ 37 ਲੱਖ ਟਨ ਚੌਲ ਮਿਲਣਾ ਹੈ। ਸਿਰਫ਼ ਇਥੇ ਹੀ ਬੱਸ ਨਹੀਂ ਇਸ ਸਾਲ 128 ਲੱਖ ਟਨ ਕਣਕ ਹੋਰ ਖਰੀਦੀ ਗਈ। ਇਹ ਵੀ ਕੁੱਝ ਤਾਂ ਮੰਡੀਆਂ 'ਚ ਤਰਪਾਲਾਂ ਦੇ ਕੇ ਰੱਖੀ ਗਈ ਅਤੇ ਕੁੱਝ ਚੌਲ ਮਿੱਲਾਂ ਦੇ ਅਹਾਤਿਆਂ 'ਚ ਰੱਖੀ ਪਈ ਹੈ।

ਇਸ ਤਰ੍ਹਾਂ ਜੂਨ ਦੇ ਅੰਤ ਤਕ ਪੰਜਾਬ 'ਚ ਲਗਭਗ 360 ਲੱਖ ਟਨ ਅਨਾਜ ਸੀ। ਪ੍ਰਧਾਨ ਮੰਤਰੀ ਵਲੋਂ 5 ਕਿਲੋ ਅਨਾਜ ਮੁਫ਼ਤ ਦੇਣ ਦੀ ਸਕੀਮ ਆਰੰਭਣ ਨਾਲ ਅਪ੍ਰੈਲ ਤੋਂ ਜੂਨ ਦੇ ਅੰਤ ਤਕ ਲਗਭਗ 50 ਲੱਖ ਟਨ ਅਨਾਜ ਚੁਕਿਆ ਗਿਆ। ਹਰ ਰੋਜ਼ 20 ਵਿਸ਼ੇ²ਸ਼ ਮੰਡੀਆਂ ਅਨਾਜ ਦੀਆਂ ਜਾਂਦੀਆਂ ਸਨ। ਇਸ ਤਰ੍ਹਾਂ ਹਰ ਰੋਜ਼ ਤਕਰੀਬਨ 50 ਤੋਂ 60 ਹਜ਼ਾਰ ਟਨ ਅਨਾਜ ਚੁਕਿਆ ਜਾਂਦਾ ਰਿਹਾ। ਤਿੰਨ ਮਹੀਨਿਆਂ 'ਚ 50 ਲੱਖ ਟਨ ਦੇ ਨੇੜੇ ਅਨਾਜ ਚੁਕਿਆ ਗਿਆ।

ਇਸ ਤਰ੍ਹਾਂ ਅੱਜ ਵੀ ਪੰਜਾਬ 'ਚ ਲਗਭਗ 300 ਲੱਖ ਟਨ ਕਣਕ ਅਤੇ ਚੌਲ ਪਏ ਹਨ। ਪ੍ਰਧਾਨ ਮੰਤਰੀ ਵਲੋਂ 5 ਕਿਲੋ ਦੀ ਸਕੀਮ ਨਵੰਬਰ ਦੇ ਅੰਤ ਤਕ ਵਧਾਉਣ ਨਾਲ ਲਗਭਗ 200 ਲੱਖ ਟਨ ਅਨਾਜ ਦੀ ਹੋਰ ਜ਼ਰੂਰਤ ਹੋਵੇਗੀ। ਜ਼ਿਆਦਾ ਅਨਾਜ ਪੰਜਾਬ 'ਚੋਂ ਹੀ ਚੁਕੇ ਜਾਣ ਦੀ ਸੰਭਾਵਨਾ ਹੈ। ਇਸ ਸਾਲ ਦੇ ਅੰਤ ਤਕ ਪੰਜਾਬ ਦੇ ਗੁਦਾਮਾਂ ਨੂੰ ਕੁੱਝ ਸਾਹ ਮਿਲਣ ਦੀ ਉਮੀਦ ਜਾਰੀ ਹੈ। ਪ੍ਰੰਤੂ ਅਜੇ ਵੀ ਹੋਰ ਖਪਤ ਵਧਾਉਣ ਨਾਲ ਇਹ ਮਸਲਾ ਹੱਲ ਹੋਵੇਗੀ।