ਬਠਿੰਡਾ ਥਰਮਲ ਨੂੰ ਬੰਦ ਕਰਨ ਦੇ ਵਿਰੋਧ 'ਚ ਕਿਸਾਨ ਨੇ ਦਿਤੀ ਜਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਰੋਧੀ ਪਾਰਟੀਆਂ ਨੇ ਮਾਮਲੇ ਨੂੰ ਚੁਕਿਆ, ਪ੍ਰਸ਼ਾਸਨ ਵਲੋਂ ਪਰਵਾਰ ਨੂੰ ਮਨਾਉਣ ਦਾ ਯਤਨ

Farmer

ਬਠਿੰਡਾ, 1 ਜੁਲਾਈ (ਸੁਖਜਿੰਦਰ ਮਾਨ) : ਬਠਿੰਡਾ ਦੀ ਇਤਿਹਾਸਕ ਵਿਰਾਸਤ ਮੰਨੇ ਜਾਂਦੇ ਸ਼੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਬੰਦ ਕਰਨ ਤੋਂ ਦੁਖੀ ਇਕ ਕਿਸਾਨ ਨੇ ਅੱਜ ਥਰਮਲ ਪਲਾਂਟ ਦੇ ਗੇਟ ਅੱਗੇ ਅਪਣੀ ਜਾਨ ਦੇ ਦਿੱਤੀ। ਹਾਲਾਂਕਿ ਪੋਸਟਮਾਰਟਮ ਨਾ ਹੋਣ ਕਾਰਨ ਹਾਲੇ ਤੱਕ ਇਹ ਪਤਾ ਨਹੀਂ ਚੱਲ ਸਕਿਆ ਕਿ ਮ੍ਰਿਤਕ ਕਿਸਾਨ ਨੇ ਕੋਈ ਜ਼ਹਿਰੀਲੀ ਵਸਤੂ ਖਾਧੀ ਹੈ ਜਾਂ ਫ਼ਿਰ ਉਸਨੂੰ ਗਰਮੀ ਕਾਰਨ ਦਿਲ ਦਾ ਦੌਰਾ ਪਿਆ ਹੈ। ਪ੍ਰੰਤੂ ਕਿਸਾਨ ਦੀ ਹੋਈ ਮੌਤ ਤੋਂ ਬਾਅਦ ਥਰਮਲ ਨੂੰ ਬੰਦ ਕਰਨ ਦਾ ਮਾਮਲਾ ਇਕ ਵਾਰ ਗਰਮਾ ਗਿਆ ਹੈ।

ਮ੍ਰਿਤਕ ਕਿਸਾਨ ਦੀ ਸ਼ਨਾਖ਼ਤ ਜੋਗਿੰਦਰ ਸਿੰਘ ਉਰਫ਼ ਭੋਲਾ (56) ਪੁੱਤਰ ਗਮਦੂਰ ਸਿੰਘ ਵਾਸੀ ਚੀਮਾ ਮੰਡੀ ਜ਼ਿਲ੍ਹਾ ਸੰਗਰੂਰ ਦੇ ਤੌਰ 'ਤੇ ਹੋਈ ਹੈ। ਵਿਰੋਧੀ ਪਾਰਟੀਆਂ ਅਕਾਲੀ ਦਲ, ਆਪ ਤੇ ਯੂਨਾਇਟਡ ਅਕਾਲੀ ਦਲ ਤੇ ਥਰਮਲ ਮੁਲਾਜਮਾਂ ਨੇ ਇਸ ਕਿਸਾਨ ਨੂੰ ਸ਼ਹੀਦ ਕਰਾਰ ਦਿੰਦਿਆਂ ਉਸਦੀ ਕੁਰਬਾਨੀ ਨੂੰ ਅਜਾਂਈ ਨਾ ਜਾਣ ਦੇ ਐਲਾਨ ਕੀਤਾ ਹੈ। ਉਧਰ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਸਰਕਾਰ ਦੀਆਂ ਹਿਦਾਇਤਾਂ 'ਤੇ ਮਾਮਲੇ ਦੀ ਨਜ਼ਾਕਤ ਨੂੰ ਸਮਝਦਿਆਂ ਤੁਰੰਤ ਇਸਦੇ ਹੱਲ ਲਈ ਪ੍ਰਵਾਰ ਤੇ ਯੂਨੀਅਨ ਆਗੂਆਂ ਨਾਲ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ।

ਪਤਾ ਲੱਗਿਆ ਹੈ ਕਿ ਕਿਸਾਨ ਆਗੂਆਂ ਨੇ ਮ੍ਰਿਤਕ ਕਿਸਾਨ ਦੇ ਇੱਕ ਪ੍ਰਵਾਰ ਮੈਂਬਰ ਨੂੰ ਸਰਕਾਰੀ ਨੌਕਰੀ ਤੇ ਦਸ ਲੱਖ ਦਾ ਮੁਆਵਜ਼ਾ,ਪ੍ਰਵਾਰ ਸਿਰ ਚੜ੍ਹੇ ਕਰਜ਼ੇ 'ਤੇ ਲੀਕ ਮਾਰਨ ਅਤੇ ਬਠਿੰਡਾ ਥਰਮਲ ਨੂੰ ਮੁੜ ਚਾਲੂ ਕਰਨ ਦੀ ਮੰਗ ਰੱਖੀ ਹੈ। ਪ੍ਰਸ਼ਾਸਨ ਵਲੋਂ ਡੀਐਸਪੀ ਸਿਟੀ ਆਸਵੰਤ ਸਿੰਘ, ਡੀਐਸਪੀ ਗੁਰਜੀਤ ਸਿੰਘ ਰੋਮਾਣਾ ਤੇ ਤਹਿਸੀਲਦਾਰ ਸੁਖਬੀਰ ਸਿੰਘ ਬਰਾੜ ਖ਼ਬਰ ਲਿਖੇ ਜਾਣ ਤੱਕ ਮਸਲੇ ਦੇ ਹੱਲ ਲਈ ਲੱਗੇ ਹੋਏ ਸਨ। ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਵਲੋਂ ਮੁਰਦਾਘਰ ਵਿਚ ਸੁਰੱਖਿਅਤ ਰੱਖ ਲਿਆ ਗਿਆ ਹੈ।

ਪ੍ਰਵਾਰ ਨਾਲ ਮੀਟਿੰਗ 'ਚ ਹਾਜ਼ਰ ਕਿਸਾਨ ਆਗੂ ਜਗਸੀਰ ਸਿੰਘ ਝੁੰਬਾ ਨੇ ਦਸਿਆ ਕਿ ਮੰਗਾਂ ਮੰਨਣ ਤੋਂ ਬਾਅਦ ਹੀ  ਕਿਸਾਨ ਦਾ ਪੋਸਟਮਾਰਟਮ ਕੀਤਾ ਜਾਵੇਗਾ। ਦਸਿਆ ਜਾ ਰਿਹਾ ਹੈ ਕਿ ਮ੍ਰਿਤਕ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦਾ ਸਰਗਰਮ ਵਰਕਰ ਸੀ, ਜਿਸਦੀ ਲਾਸ਼ ਕੋਲੋ ਕਿਸਾਨ ਜਥੇਬੰਦੀ ਦਾ ਝੰਡਾ ਅਤੇ ਇੱਕ ਤਖ਼ਤੀ ਵੀ ਮਿਲੀ ਹੈ, ਜਿਸ ਉਪਰ ਸ਼੍ਰੀ ਗੁਰੂ ਨਾਨਕ ਦੇਵ ਜੀ ਫ਼ੋਟੋ ਹੇਠਾਂ ਲਿਖਿਆ ਹੋਇਆ ਸੀ ''ਗੁਰੂ ਨਾਨਕ ਦੇਵ ਇਤਿਹਾਸਿਕ ਥਰਮਲ ਪਲਾਂਟ ਹੈ ਸ਼ਾਨ ਮੈਂ ਇਸ ਨੂੰ ਵੇਚਣ ਤੋਂ ਰੋਕਣ ਲਈ ਕਰਦਾ ਹਾਂ ਜਿੰਦ ਕੁਰਬਾਨ''।

ਪਤਾ ਲੱਗਿਆ ਹੈ ਕਿ ਇਹ ਤਖ਼ਤੀ ਕਿਸਾਨ ਨੇ ਧਰਨੇ ਸਮੇਂ ਅਪਣੇ ਗਲ ਵਿਚ ਪਾਈ ਹੋਈ ਸੀ। ਇਹ ਵੀ ਸੂਚਨਾ ਮਿਲੀ ਹੈ ਕਿ ਉਕਤ ਕਿਸਾਨ ਬੀਤੇ ਕੱਲ ਕਿਸਾਨ ਯੂਨੀਅਨ ਵਲੋਂ ਦਿੱਤੇ ਜ਼ਿਲ੍ਹਾ ਪੱਧਰੀ ਧਰਨੇ ਵਿਚ ਵੀ ਸ਼ਾਮਲ ਹੋਇਆ ਸੀ ਅਤੇ ਅੱਜ ਸਵੇਰੇ ਮੋਟਰਸਾਈਕਲ ਉਪਰ ਜਥੇਬੰਦੀ ਦਾ ਝੰਡਾ ਲਗਾ ਕੇ ਬਠਿੰਡਾ ਦੇ ਗੁਰੂ ਨਾਨਕ ਥਰਮਲ ਪਲਾਂਟ ਦੇ ਅੱਗੇ ਕਰੀਬ ਅੱਠ ਵਜੇਂ ਪਹੁੰਚ ਗਿਆ ਸੀ।  ਸੂਚਨਾ ਮੁਤਾਬਕ ਉਸਨੇ ਥਰਮਲ ਨੂੰ ਬੰਦ ਕਰਨ ਦੇ ਵਿਰੋਧ 'ਚ ਗੇਟ ਅੱਗੇ ਧਰਨਾ ਲਗਾ ਦਿੱਤਾ ਸੀ ਪ੍ਰੰਤੂ ਥਰਮਲ ਦੇ ਸੁਰੱਖਿਆ ਕਰਮਚਾਰੀਆਂ ਨੇ ਉਸਨੂੰ ਉਥੋਂ ਹਟਾ ਦਿੱਤਾ ਤੇ ਜਿਸਤੋਂ ਬਾਅਦ ਉਹ ਗੇਟ ਦੇ ਨਜਦੀਕ ਹੀ ਸੜਕ ਉਪਰੋਂ ਗੁਜਰਦੇ ਓਵਰਬ੍ਰਿਜ ਦੇ ਹੇਠਾਂ ਬੈਠ ਗਿਆ।

ਇਸ ਦੌਰਾਨ ਕਰੀਬ 10 ਵਜੇਂ ਕਿਸਾਨ ਜੋਗਿੰਦਰ ਸਿੰਘ ਉਥੇ ਮ੍ਰਿਤਕ ਪਿਆ ਸੀ। ਜਿਸਤੋਂ ਬਾਅਦ ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੇ ਵਰਕਰ ਤੇ ਥਾਣਾ ਥਰਮਲ ਦੀ ਪੁਲਿਸ ਮੌਕੇ 'ਤੇ ਪੁੱਜੀ। ਲਾਸ਼ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਲਿਆਂਦਾ ਗਿਆ। ਮ੍ਰਿਤਕ ਦੇ ਪੁੱਤਰ ਕੁਲਵਿੰਦਰ ਨੇ ਦਸਿਆ ਕਿ ਪਰਵਾਰ ਕੋਲ ਚਾਰ ਏਕੜ ਜ਼ਮੀਨ ਹੈ ਤੇ ਉਹ ਖੇਤੀ ਕਰਦਾ ਹੈ। ਉਸ ਦਾ ਪਿਤਾ ਜੋਗਿੰਦਰ ਸਿੰਘ ਤੇ ਦਾਦਾ ਗਮਦੂਰ ਸਿੰਘ ਦੋਨੇ ਹੀ ਕਿਸਾਨ ਜਥੇਬੰਦੀਆਂ ਨਾਲ ਜੁੜੇ ਹੋਏ ਸਨ।

ਇਸ ਦੌਰਾਨ ਹੀ ਸਾਬਕਾ ਮੰਤਰੀ ਤੇ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ, ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ, ਦਰਸ਼ਨ ਸਿੰਘ ਕੋਟਫੱਤਾ ਤੋਂ ਇਲਾਵਾ ਯੂਥ ਆਗੂ ਬਲਕਾਰ ਸਿੰਘ ਬਰਾੜ, ਭੁਪਿੰਦਰ ਸਿੰਘ ਭੁੱਲਰ, ਚਮਕੌਰ ਸਿੰਘ ਮਾਨ ਆਦਿ ਆਗੂਆਂ ਨੇ ਐਲਾਨ ਕੀਤਾ ਕਿ ਮ੍ਰਿਤਕ ਕਿਸਾਨ ਜੋਗਿੰਦਰ ਸਿੰਘ ਵਲੋਂ ਥਰਮਲ ਪਲਾਂਟ ਨੂੰ ਚਾਲੂ ਕਰਵਾਉਣ ਲਈ ਕੁਰਬਾਨੀ ਦਿਤੀ ਹੈ, ਜਿਸ ਨੂੰ ਅਜਾਂਈ ਨਹੀਂ ਜਾਣ ਦਿਤਾ ਜਾਵੇਗਾ।

 ਮਲੂਕਾ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਅਪਣੇ ਨਿੱਜੀ ਹਿੱਤਾਂ ਲਈ ਲੋਕਾਂ ਦੀਆਂ ਭਾਵਨਾਵਾ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਕਿਉਂਕਿ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਗੁਰੂ ਨਾਨਕ ਦੇਵ ਜੀ ਦੇ 500 ਸਾਲਾਂ ਸਮਾਗਮਾਂ ਸਮੇਂ 1969 ਵਿਚ ਗੁਰੂਆਂ ਦੇ ਨਾਮ 'ਤੇ ਚਾਲੂ ਕੀਤਾ ਗਾ ਸੀ। ਉਨ੍ਹਾਂ ਕਿਹਾ ਕਿ ਥਰਮਲ ਦੀ ਇਸ ਸ਼ਾਨ ਤੇ ਇਸ ਦੇ ਨਾਲ ਗੁਰੂਆ ਦਾ ਨਾਮ ਜੁੜਿਆ ਹੋਣ ਕਾਰਨ ਹੀ ਕਿਸਾਨ ਜੋਗਿੰਦਰ ਸਿੰਘ ਨੇ ਜਾਨ ਕੁਰਬਾਨ ਕਰ ਦਿਤੀ।

ਮਲੂਕਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਥਰਮਲ ਪਲਾਂਟ ਨੂੰ ਬਚਾਉਣ ਲਈ ਵੱਡੇ ਤੋਂ ਵੱਡਾ ਸੰਘਰਸ਼ ਕਰੇਗਾ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਵੀ ਅਪਣੀ ਟੀਮ ਸਹਿਤ ਹਸਪਤਾਲ ਪੁੱਜੇ ਤੇ ਉਨ੍ਹਾਂ ਸਰਕਾਰ ਦੀ ਨਿੰਦਾ ਕਰਦਿਆਂ ਕਿਸਾਨ ਪ੍ਰਵਾਰ ਨਾਲ ਖੜਣ ਦਾ ਐਲਾਨ ਕੀਤਾ। ਯੂਨਾਇਟਡ ਅਕਾਲੀ ਦਲ, ਜਿਸ ਵਲੋਂ ਪਹਿਲਾਂ ਹੀ 3 ਜੁਲਾਈ ਨੂੰ ਥਰਮਲ ਨੂੰ ਬੰਦ ਕਰਨ ਦੇ ਵਿਰੋਧ ਵਿਚ ਧਰਨਾ ਦੇਣ ਦਾ ਐਲਾਨ ਕੀਤਾ ਹੋਇਆ ਹੈ, ਦੇ ਪ੍ਰਧਾਨ ਗੁਰਦੀਪ ਸਿੰਘ ਬਰਾੜ ਨੇ ਵੀ ਜੋਗਿੰਦਰ ਸਿੰਘ ਨੂੰ ਸ਼ਹੀਦ ਕਰਾਰ ਦਿੰਦਿਆਂ ਪ੍ਰਵਾਰ ਨਾਲ ਨਾਲ ਦੁੱਖ ਸਾਂਝਾ ਕੀਤਾ।

ਇਸੇ ਤਰ੍ਹਾਂ ਗੁਰੂ ਨਾਨਕ ਦੇਵ ਥਰਮਲ ਪਲਾਂਟ ਇੰਪਲਾਈਜ਼ ਫੈਡਰੇਸ਼ਨ ਬਠਿੰਡਾ ਵਲੋਂ ਵੀ ਘਟਨਾ ਦਾ ਪਤਾ ਲੱਗਦਿਆਂ ਪ੍ਰਧਾਨ ਗੁਰਸੇਵਕ ਸਿੰਘ ਸੰਧੂ ਦੀ ਅਗਵਾਈ ਵਿਚ  ਹੰਗਾਮੀ ਮੀਟਿੰਗ ਕੀਤੀ ਗਈ।
ਜਿਸ ਵਿਚ ਕਿਸਾਨ ਜੋਗਿੰਦਰ ਸਿੰਘ ਦੀ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਸਾਥੀ ਨੂੰ ਸਰਧਾ ਦੇ ਫੁੱਲ ਭੇਂਟ ਕਰਦੇ ਹੋਏ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਨੂੰ ਉਸ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ  ਆਪਣੇ ਫੈਸਲੇ ਉਪਰ ਨਜਰਸ਼ਾਨੀ ਕਰਕੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਨੂੰ ਮੁੜ ਚਾਲੂ ਕਰਨਾਂ ਚਾਹੀਦਾ ਹੈ।  

ਜੁਗਿੰਦਰ ਸਿੰਘ ਦੇ ਪ੍ਰੀਵਾਰ ਦੇ ਇਕ ਮੈਂਬਰ ਨੂੰ ਥਰਮਲ ਪਲਾਂਟ ਬਠਿੰਡਾ ਵਿੱਚ ਯੋਗਤਾ ਅਨੁਸਾਰ ਨੌਕਰੀ ਤੇ ਯੋਗ ਮੁਆਵਜਾ ਦੇਣਾਂ ਚਾਹੀਦਾ ਹੈ। ਜੇਕਰ ਸਰਕਾਰ ਇਸ ਕੁਰਬਾਨੀ ਨੂੰ ਗੰਭੀਰਤਾ ਨਾਲ ਨਹੀਂ ਲੈਂਦੀ ਤਾਂ ਕਿਸਾਨ, ਮਜਦੂਰ, ਮੁਲਾਜਮ ਜਥੇਬੰਦੀਆਂ ਨਾਲ ਰਲ ਕੇ ਸਾਂਝਾ ਘੋਲ ਲੜਿਆ ਜਾਵੇਗਾ। ਇਸ ਮੀਟਿੰਗ ਵਿੱਚ ਪ੍ਰਧਾਨ ਤੋਂ ਇਲਾਵਾ ਰਾਜਿੰਦਰਾ ਸਿੰਘ ਨਿੰਮਾ, ਰਘਬੀਰ ਸਿੰਘ ਸੈਣੀ, ਬਾਬੂ ਸਿੰਘ ਰੁਮਾਣਾ , ਰਾਜਕੁਮਾਰ, ਸੁਖਵਿੰਦਰ ਸਿੰਘ ਕਿੱਲੀ ਨੇ ਹਿੱਸਾ ਲਿਆ।

ਥਰਮਲ ਦੇ ਮੁੱਦੇ 'ਤੇ ਪਹਿਲਾਂ ਹੀ ਚੱਲ ਰਿਹਾ ਹੈ ਸੰਘਰਸ਼

ਬਠਿੰਡਾ : ਸ਼੍ਰੀ ਗੁਰੂ ਨਾਨਕ ਦੇਵ ਥਰਮਲ ਪਲਾਟ ਨੂੰ ਬੰਦ ਕਰਨ ਦੇ ਵਿਰੋਧ 'ਚ ਲੰਮੇ ਸਮੇਂ ਤੋਂ ਸੰਘਰਸ਼ ਚੱਲ ਰਿਹਾ ਹੈ। ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ ਜਦ ਇਸਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਸੀ, ਉਸ ਸਮੇਂ ਵੀ ਥਰਮਲ ਮੁਲਾਜਮਾਂ ਨੇ ਇਸਦਾ ਡਟ ਕੇ ਵਿਰੋਧ ਕੀਤਾ ਸੀ। 2017 ਦੀਆਂ ਚੋਣਾਂ ਸਮੇਂ ਮੌਜੂਦਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਜਨਤਕ ਤੌਰ 'ਤੇ ਇਸ ਪਲਾਂਟ ਨੂੰ ਮੁੜ ਚਲਾਉਣ ਦਾ ਭਰੋਸਾ ਦਿੱਤਾ ਸੀ ਪ੍ਰੰਤੂ ਹੁਣ ਉਨ੍ਹਾਂ ਦੀ ਅਗਵਾਈ ਹੇਠ ਹੀ ਇਸ ਥਰਮਲ ਨੂੰ 1 ਜਨਵਰੀ 2018 ਤੋਂ ਪੱਕੇ ਤੌਰ 'ਤੇ ਬੰਦ ਕਰ ਦਿੱਤਾ ਗਿਆ ਸੀ।

ਇਸਤੋਂ ਬਾਅਦ ਹੁਣ ਪਿਛਲੇ ਦਿਨੀਂ ਕੈਪਟਨ ਵਜ਼ਾਰਤ ਨੇ ਇਸ ਥਰਮਲ ਪਲਾਂਟ ਦੇ ਨਾਂ ਬੋਲਦੀ 1764 ਏਕੜ ਜ਼ਮੀਨ ਨੂੰ ਪੁੱਡਾ ਹਵਾਲੇ ਕਰ ਕੇ ਇਸ ਦਾ ਪੱਕੇ ਤੌਰ 'ਤੇ ਭੋਗ ਪਾਉਣ ਦਾ ਫ਼ੈਸਲਾ ਲਿਆ ਹੈ। ਜਿਸ ਦੇ ਵਿਰੋਧ ਵਿਚ ਅਕਾਲੀ ਦਲ ਤੇ ਆਪ ਵਲੋਂ ਬਠਿੰਡਾ ਸ਼ਹਿਰ ਵਿਚ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਇਸੇ ਤਰਾਂ ਥਰਮਲ ਕਾਮਿਆਂ ਨੇ ਅਪਣੇ ਪੱਧਰ 'ਤੇ ਵੱਡਾ ਸੰਘਰਸ਼ ਵਿੱਢਿਆ ਹੋਇਆ ਹੈ ਪ੍ਰੰਤੂ ਅਜ ਕਿਸਾਨ ਵਲੋਂ ਥਰਮਲ ਨੂੰ ਮੁੜ ਚਾਲੂ ਕਰਵਾਉਣ ਲਈ ਦਿੱਤੀ ਕੁਰਬਾਨੀ ਤੋਂ ਬਾਅਦ ਆਉਣ ਵਾਲੇ ਦਿਨਾਂ 'ਚ ਇਹ ਮਾਮਲਾ ਹੋਰ ਗਰਮਾਉਣ ਦੀ ਸੰਭਾਵਨਾ ਬਣ ਗਈ ਹੈ, ਜਿਸਦਾ ਸਿਆਸੀ ਨੂਕਸਾਨ ਸਿੱਧੇ ਤੌਰ 'ਤੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਹੋ ਸਕਦਾ ਹੈ।