ਭਾਰਤੀ ਫ਼ੌਜ ’ਚ ਲੈਫਟੀਨੈਂਟ ਭਰਤੀ ਹੋਏ ਸਿੱਖ ਨੌਜਵਾਨ ਬਿਲਾਵਲ ਸਿੰਘ ਦਾ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨ
ਭਾਰਤੀ ਫ਼ੌਜ ਵਿਚ ਲੈਫਟੀਨੈਂਟ ਭਰਤੀ ਹੋਏ ਸਿੱਖ ਨੌਜਵਾਨ ਸ. ਬਿਲਾਵਲ ਸਿੰਘ ਸੰਧੂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਰਿਵਾਰ ਸਮੇਤ ਨਤਮਸਤਕ ਹੋਏ।
ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ): ਭਾਰਤੀ ਫ਼ੌਜ ਵਿਚ ਲੈਫਟੀਨੈਂਟ ਭਰਤੀ ਹੋਏ ਸਿੱਖ ਨੌਜਵਾਨ ਸ. ਬਿਲਾਵਲ ਸਿੰਘ ਸੰਧੂ (Lieutenant Bilawal Singh) ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਰਿਵਾਰ ਸਮੇਤ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ। ਇਸੇ ਦੌਰਾਨ ਸ਼੍ਰੋਮਣੀ ਕਮੇਟੀ (SGPC) ਦਫ਼ਤਰ ਵਿਖੇ ਪੁੱਜਣ ’ਤੇ ਸ. ਬਿਲਾਵਲ ਸਿੰਘ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ (Bibi Jagir Kaur) ਅਤੇ ਸੀਨੀਅਰ ਮੀਤ ਪ੍ਰਧਾਨ ਸ. ਸੁਰਜੀਤ ਸਿੰਘ ਭਿੱਟੇਵਡ ਨੇ ਗੁਰੂ ਬਖ਼ਸ਼ਿਸ਼ ਸਿਰਪਾਓ ਅਤੇ ਸ੍ਰੀ ਦਰਬਾਰ ਸਾਹਿਬ ਦਾ ਸੁਨਹਿਰੀ ਮਾਡਲ ਦੇ ਕੇ ਸਨਮਾਨਿਤ ਕੀਤਾ।
ਹੋਰ ਪੜ੍ਹੋ: ਕੋਰੋਨਾ ਦੀ ਦੂਜੀ ਲਹਿਰ ਦੌਰਾਨ ਭਾਰਤ ਲਈ ਅਰਦਾਸਾਂ ਕਰ ਰਹੇ ਸੀ ਪਾਕਿਸਤਾਨੀ- ਅਧਿਐਨ
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ. ਬਿਲਾਵਲ ਸਿੰਘ ਦੇ ਪਰਿਵਾਰ ਨੂੰ ਵਧਾਈ ਦਿੱਤੀ ਅਤੇ ਸਿੱਖ ਨੌਜਵਾਨ ਦੀ ਪ੍ਰਾਪਤੀ ਨੂੰ ਕੌਮ ਲਈ ਮਾਣ ਦੱਸਿਆ। ਉਨ੍ਹਾਂ ਕਿਹਾ ਕਿ ਬਿਲਾਵਲ ਸਿੰਘ ਵਰਗੇ ਸਿੱਖ ਨੌਜਵਾਨ ਸਿੱਖ ਕੌਮ ਦਾ ਮਾਣ ਵਧਾ ਰਹੇ ਹਨ, ਜਿਨ੍ਹਾਂ ਤੋਂ ਨੌਜੁਆਨਾਂ ਅਤੇ ਬੱਚਿਆਂ ਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ। ਇਸ ਦੌਰਾਨ ਸ. ਬਿਲਾਵਲ ਸਿੰਘ ਦੇ ਦਾਦਾ ਸ. ਕਰਨੈਲ ਸਿੰਘ ਨੇ ਸ਼੍ਰੋਮਣੀ ਕਮੇਟੀ ਵੱਲੋਂ ਮਿਲੇ ਮਾਨ-ਸਨਮਾਨ ਲਈ ਧੰਨਵਾਦ ਕੀਤਾ।
ਹੋਰ ਪੜ੍ਹੋ: ਬਿਜਲੀ ਸੰਕਟ 'ਤੇ ਸਿੱਧੂ ਦੇ ਟਵੀਟ, 'ਸਹੀ ਦਿਸ਼ਾ 'ਚ ਕੰਮ ਕਰਾਂਗੇ ਤਾਂ ਬਿਜਲੀ ਕੱਟ ਲਾਉਣ ਦੀ ਲੋੜ ਨਹੀਂ
ਜ਼ਿਕਰਯੋਗ ਹੈ ਕਿ ਸ੍ਰੀ ਅੰਮ੍ਰਿਤਸਰ ਦੇ ਪਿੰਡ ਮੱਲੂਨੰਗਲ ਦਾ ਨੌਜਵਾਨ ਬਿਲਾਵਲ ਸਿੰਘ ਸੰਧੂ ਹਾਲ ਹੀ ਵਿਚ ਭਾਰਤੀ ਫ਼ੌਜ ਵਿਚ ਲੈਫਟੀਨੈਂਟ ਭਰਤੀ ਹੋਇਆ ਹੈ। ਉਸ ਦੇ ਪਰਿਵਾਰਕ ਮੈਂਬਰਾਂ ਨੇ ਆਖਿਆ ਕਿ ਇਹ ਗੁਰੂ ਸਾਹਿਬ ਦੀ ਬਖ਼ਸ਼ਿਸ਼ ਸਦਕਾ ਹੀ ਸੰਭਵ ਹੋਇਆ ਹੈ।