ਪੀ.ਟੀ.ਸੀ. ਵਲੋਂ ਕੀਤਾ ਜਾ ਰਿਹਾ ਕੂੜ ਪ੍ਰਚਾਰ ਉਨ੍ਹਾਂ ਦੀ ਬੁਖਲਾਹਟ ਦਾ ਨਤੀਜਾ ਹੈ : ਨਾਇਬ ਸਿੰਘ
ਕਿਹਾ, ਜੇਕਰ ਸਪੋਕਸਮੈਨ ਗੁਰਬਾਣੀ ਪ੍ਰਸਾਰਣ ਤੋਂ ਏਕਾਧਿਕਾਰ ਖ਼ਤਮ ਕਰਨ ਦਾ ਮੁੱਦਾ ਨਾ ਚੁਕਦਾ ਤਾਂ SGPC ਕਦੇ ਵੀ ਅਪਣਾ ਯੂਟਿਊਬ ਚੈਨਲ ਬਣਾਉਣ ਦਾ ਫ਼ੈਸਲਾ ਨਾ ਕਰਦਾ
ਬਠਿੰਡਾ (ਵਿਕਰਮ ਕੁਮਾਰ, ਕੋਮਲਜੀਤ ਕੌਰ) : ਰੋਜ਼ਾਨਾ ਸਪੋਕਸਮੈਨ ਤੇ ਉਸ ਦੇ ਪਾਠਕਾਂ ਵਲੋਂ ਬਾਬੇ ਨਾਨਕ ਦੀਆਂ ਸਿਖਿਆਵਾਂ ਨੂੰ ਵਿਗਿਆਨਕ ਢੰਗ ਨਾਲ ਅਤੇ ਤੱਥਾਂ ਸਮੇਤ ਦੁਨੀਆਂ ਸਾਹਮਣੇ ਪੇਸ਼ ਕਰਨ ਲਈ ‘ਉੱਚਾ ਦਰ..’ ਦਾ ਉਪਰਾਲਾ ਸ਼ੁਰੂ ਕੀਤਾ ਗਿਆ ਜਿਸ ਦੀ ਉਸਾਰੀ ਲਗਭਗ ਮੁਕੰਮਲ ਹੋ ਚੁੱਕੀ ਹੈ ਅਤੇ ਬਹੁਤ ਜਲਦ ਸੰਗਤ ਨੂੰ ਸਮਰਪਿਤ ਕੀਤਾ ਜਾਵੇਗਾ। ਇਸ ਦੌਰਾਨ ਹੀ ਹੁਣ ਇਸ ਦੀ ਉਸਾਰੀ ਅਤੇ ਪੈਸੇ ਆਦਿ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਹਨ ਜਿਨ੍ਹਾਂ ਦਾ ‘ਉੱਚਾ ਦਰ..’ ਦੇ ਮੈਂਬਰਾਂ ਅਤੇ ਬਠਿੰਡਾ ਦੀ ਸੰਗਤ ਵਲੋਂ ਜਵਾਬ ਦਿਤਾ ਗਿਆ ਹੈ। ਨਾਇਬ ਸਿੰਘ ਵਾਸੀ ਤੁੰਗਵਾਲੀ ਦਾ ਕਹਿਣਾ ਹੈ ਕਿ ਉਹ 2005 ਤੋਂ ਸਪੋਕਸਮੈਨ ਨਾਲ ਜੁੜੇ ਹੋਏ ਹਨ ਅਤੇ ‘ਉੱਚਾ ਦਰ..’ ਦੇ ਮੈਂਬਰ ਵੀ ਹਨ। ਉਨ੍ਹਾਂ ਕਿਹਾ,‘‘ਜਿਹੜਾ ਕੰਮ ਸ਼੍ਰੋਮਣੀ ਕਮੇਟੀ ਨੂੰ ਕਰਨਾ ਚਾਹੀਦਾ ਸੀ ਉਹ ਕੰਮ ਸਪੋਕਸਮੈਨ ਨੇ ਕੀਤਾ ਹੈ। ਜਦੋਂ ‘ਉੱਚਾ ਦਰ..’ ਚਾਲੂ ਹੋ ਜਾਵੇਗਾ ਤਾਂ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ। ਜੇਕਰ ਸਪੋਕਸਮੈਨ ਗੁਰਬਾਣੀ ਪ੍ਰਸਾਰਣ ਤੋਂ ਏਕਾਧਿਕਾਰ ਖ਼ਤਮ ਕਰਨ ਦਾ ਮੁੱਦਾ ਨਾ ਚੁਕਦਾ ਤਾਂ ਸ਼੍ਰੋਮਣੀ ਕਮੇਟੀ ਕਦੇ ਵੀ ਅਪਣਾ ਯੂ-ਟਿਊਬ ਚੈਨਲ ਬਣਾਉਣ ਦਾ ਫ਼ੈਸਲਾ ਨਾ ਕਰਦੀ। ਪੀ.ਟੀ.ਸੀ. ਵਲੋਂ ਕੀਤਾ ਜਾ ਰਿਹਾ ਕੂੜ ਪ੍ਰਚਾਰ ਉਨ੍ਹਾਂ ਦੀ ਬੌਖ਼ਲਾਹਟ ਦਾ ਨਤੀਜਾ ਹੈ।
ਜਿਸ ਦਾ ਨਾਂਅ ਹੀ ‘ਉੱਚਾ ਦਰ ਬਾਬੇ ਨਾਨਕ ਦਾ’ ਹੈ ਉਥੇ ਕੁੱਝ ਗ਼ਲਤ ਕਿਵੇਂ ਹੋ ਸਕਦੈ?: ਨਿਹਾਲ ਸਿੰਘ
ਜਿਸ ਦਾ ਨਾਂਅ ਹੀ ‘ਉੱਚਾ ਦਰ ਬਾਬੇ ਨਾਨਕ ਦਾ’ ਹੈ ਉਥੇ ਕੁੱਝ ਗ਼ਲਤ ਕਿਵੇਂ ਹੋ ਸਕਦਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਨਿਹਾਲ ਸਿੰਘ ਫ਼ੌਜੀ ਨੇ ਕੀਤਾ। ਉਨ੍ਹਾਂ ਕਿਹਾ ਕਿ ਇਥੇ ਸਿਰਫ਼ ਸਿੱਖੀ ਦਾ ਪ੍ਰਚਾਰ ਹੁੰਦਾ ਹੈ ਅਤੇ ਹੋਵੇਗਾ। ‘ਉੱਚਾ ਦਰ..’ ਬਾਰੇ ਕੂੜ ਪ੍ਰਚਾਰ ਕਰਨ ਵਾਲਿਆਂ ਨੂੰ ਇਕ ਵਾਰ ਸੋਚਣਾ ਚਾਹੀਦਾ ਹੈ ਅਤੇ ਇਸ ਤੋਂ ਬਾਜ਼ ਆਉਣਾ ਚਾਹੀਦਾ ਹੈ।
‘ਉੱਚਾ ਦਰ...’ ਵਲੋਂ ਇਕ ਪੈਸਾ ਵੀ ਨਾਜਾਇਜ਼ ਨਹੀਂ ਵਰਤਿਆ ਗਿਆ : ਸੁਖਪਾਲ ਸਿੰਘ ਮਾਨ
ਸੁਖਪਾਲ ਸਿੰਘ ਮਾਨ ਨੇ ਕਿਹਾ,‘‘ਮੈਂ 1995-96 ਤੋਂ ਰੋਜ਼ਾਨਾ ਸਪੋਕਸਮੈਨ (ਮੈਗਜ਼ੀਨ) ਨਾਲ ਜੁੜਿਆ ਹੋਇਆ ਸੀ। ਉਸ ਮਗਰੋਂ ਮੈਂ ‘ਉੱਚਾ ਦਰ...’ ਦਾ ਮੈਂਬਰ ਬਣਿਆ ਅਤੇ ਇਸ ਸ਼ਲਾਘਾਯੋਗ ਉਪਰਾਲੇ ਲਈ ਹੋਰ ਲੋਕਾਂ ਨੂੰ ਵੀ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਵਲੋਂ ਲਗਾਏ ਪੈਸੇ ਮੈਂ ਖ਼ੁਦ ਉਨ੍ਹਾਂ ਨੂੰ ਵਾਪਸ ਵੀ ਕਰ ਕੇ ਆਇਆ। ਸਪੋਕਸਮੈਨ ’ਤੇ ਪੈਸੇ ਦੀ ਤੰਗੀ ਰਹੀ, ਇਸ ਦੌਰਾਨ ਮੈਂ 5 ਲੱਖ ਰੁਪਏ ਲਗਾਏ ਅਤੇ ਵਾਪਸ ਨਹੀਂ ਲਏ। ਆਉਣ ਵਾਲੇ ਸਮੇਂ ਵਿਚ ਪ੍ਰਮਾਤਮਾ ਦੀ ਕ੍ਰਿਪਾ ਨਾਲ ਮੈਂ ਲੱਖਾਂ ਵਿਚ ਕੀ ਕਰੋੜਾਂ ਵਿਚ ਵੀ ਰਾਸ਼ੀ ਦੇਵਾਂਗਾ। ‘ਉੱਚਾ ਦਰ...’ ਵਲੋਂ ਇਕ ਪੈਸਾ ਵੀ ਨਾਜਾਇਜ਼ ਨਹੀਂ ਵਰਤਿਆ ਗਿਆ। ਸ. ਜੋਗਿੰਦਰ ਸਿੰਘ ਅਤੇ ਉਨ੍ਹਾਂ ਦੇ ਪ੍ਰਵਾਰ ਵਲੋਂ ਦਿਤੀ ਜਾ ਰਹੀ ਕੁਰਬਾਨੀ ਦੀ ਕੋਈ ਰੀਸ ਨਹੀਂ ਕਰ ਸਕਦਾ। 7 ਸਾਲਾਂ ਦੌਰਾਨ ਉਨ੍ਹਾਂ ਨੇ ਕੰਮ ਵੀ ਸਿਰੇ ਚੜ੍ਹਾਇਆ ਅਤੇ ਲੋਕਾਂ ਦੇ ਪੈਸੇ ਵੀ ਸਮੇਂ ਸਿਰ ਮੋੜੇ। ਕਈ ਅਜਿਹੇ ਲੋਕ ਵੀ ਹਨ, ਜਿਨ੍ਹਾਂ ਨੇ ਕਰੋੜ-ਕਰੋੜ ਰੁਪਏ ਦੇ ਕੇ ਬਾਅਦ ਵਿਚ ਵਾਪਸ ਨਹੀਂ ਮੰਗੇ। ਜੋ ਪੰਥ ਵਿਚੋਂ ਛੇਕਣ ਦਾ ਰੌਲਾ ਪਾ ਰਹੇ ਨੇ, ਉਨ੍ਹਾਂ ਨੂੰ ਤਾਂ ਪੂਰੇ ਪੰਜਾਬ ਨੇ ਛੇਕ ਦਿਤਾ ਹੈ। ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਮਸੰਦ ਸਾੜੇ ਸੀ, ਵੋਟਰਾਂ ਨੇ ਇਨ੍ਹਾਂ ਨੂੰ ਵੀ ਸਾੜ ਦਿਤਾ। ਖ਼ਬਰਾਂ ਉਤੇ ਗ਼ਲਤ ਕੁਮੈਂਟ ਪੜ੍ਹ ਕੇ ਸਪੱਸ਼ਟ ਹੁੰਦਾ ਹੈ ਕਿ ਜਾਂ ਤਾਂ ਉਹ ਪੀ.ਟੀ.ਸੀ. ਦੇ ਬੰਦੇ ਹੋਣਗੇ ਜਾਂ ਅਕਾਲੀ ਦਲ ਦੇ”।’’
ਪੀ.ਟੀ.ਸੀ. ਹੱਥੋਂ ਗੁਰਬਾਣੀ ਪ੍ਰਸਾਰਣ ਦਾ ਅਧਿਕਾਰ ਖੁਸਦਾ ਨਜ਼ਰ ਆ ਰਿਹੈ ਤਾਂ ਹੀ ਉਹ ਇਲਜ਼ਾਮਤਰਾਸ਼ੀ ’ਤੇ ਉਤਰਿਆ : ਭਜਨ ਸਿੰਘ
‘‘ਮੈਂ 2007 ਤੋਂ ਇਸ ਅਦਾਰੇ ਨਾਲ ਜੁੜਿਆ ਹੋਇਆ ਹਾਂ ਅਤੇ ਮੇਰੇ ਪ੍ਰਵਾਰ ਦੇ ਸਾਰੇ ਜੀਅ ‘ਉੱਚਾ ਦਰ..’ ਦੇ ਲਾਈਫ਼ ਅਤੇ ਸਰਪ੍ਰਸਤ ਮੈਂਬਰ ਹਨ। ਸਾਨੂੰ ਜ਼ਰਾ ਵੀ ਸ਼ੱਕ ਨਹੀਂ ਕਿ ਸਾਡੇ ਪੈਸੇ ਦੀ ਦੁਰਵਰਤੋਂ ਹੋ ਰਹੀ ਹੈ ਕਿਉਂਕਿ ਜੋ ਵੀ ਸਮਾਨ ਉਸਾਰੀ ਲਈ ਲਗਾਇਆ ਗਿਆ ਹੈ ਉਹ ਅਸੀਂ ਅਪਣੇ ਹੱਥੀਂ ਦਿਤਾ ਹੈ। ਪੀ.ਟੀ.ਸੀ. ਦੀ ਤਾਂ ਉਹ ਗੱਲ ਹੈ ਕਿ ‘ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰ ’ਤੇ’ ਕਿਉਂਕਿ ਉਨ੍ਹਾਂ ਹੱਥੋਂ ਹੁਣ ਗੁਰਬਾਣੀ ਪ੍ਰਸਾਰਣ ਦਾ ਅਧਿਕਾਰ ਖੁਸਦਾ ਨਜ਼ਰ ਆ ਰਿਹਾ ਹੈ ਤੇ ਉਹ ਇਲਜ਼ਾਮਤਰਾਸ਼ੀ ’ਤੇ ਉਤਰ ਆਏ ਹਨ। ਸਾਡਾ ਸ. ਜੋਗਿੰਦਰ ਸਿੰਘ ’ਤੇ ਪੂਰਨ ਵਿਸ਼ਵਾਸ ਹੈ ਅਤੇ ਅਸੀਂ ਉਨ੍ਹਾਂ ਨਾਲ ਇਸੇ ਤਰ੍ਹਾਂ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹਾਂਗੇ।’’
‘ਉੱਚਾ ਦਰ...’ ਦੇ ਮੈਂਬਰ ਹੀ ਇਸ ਦੇ ਪ੍ਰਬੰਧਕ ਹਨ: ਮੋਹਿੰਦਰ ਸਿੰਘ ਖ਼ਾਲਸਾ
ਮੋਹਿੰਦਰ ਸਿੰਘ ਖ਼ਾਲਸਾ ਨੇ ਕਿਹਾ,‘‘ਮੈਂ 2005 ਤੋਂ ‘ਉੱਚਾ ਦਰ... ਨਾਲ ਜੁੜਿਆ ਹੋਇਆ ਹਾਂ। ਬਠਿੰਡਾ ਤੋਂ ਕਰੀਬ 250 ਲੋਕ ਇਸ ਸੰਸਥਾ ਨਾਲ ਜੁੜੇ ਹੋਏ ਹਨ। 14 ਏਕੜ ਵਿਚ ਬਣੀ ਇਸ ਸੰਸਥਾ ਵਿਚ ਬਾਬੇ ਨਾਨਕ ਦੀਆਂ ਸਿਖਿਆਵਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਸੰਸਥਾ ਦਾ ਕੰਮ ਲਗਭਗ ਪੂਰਾ ਹੋਣ ਕੰਢੇ ਹੈ। ਸ. ਜੋਗਿੰਦਰ ਸਿੰਘ ’ਤੇ ਬੇਬੁਨਿਆਦ ਇਲਜ਼ਾਮ ਲਗਾਏ ਜਾ ਰਹੇ ਹਨ। ਕਿਸੇ ਨੇ ਉਨ੍ਹਾਂ ਨੂੰ ਕੋਈ ਪੈਸਾ ਨਹੀਂ ਦਿਤਾ, ਸੰਗਤ ਨੇ ਅਪਣੇ ਹੱਥੀਂ ਪੈਸਾ ਲਾਇਆ ਹੈ ਅਤੇ ਇਸ ਸੰਸਥਾ ਦੇ ਮੈਂਬਰ ਹੀ ਇਸ ਦੇ ਪ੍ਰਬੰਧਕ ਹਨ, ਇਸ ਵਿਚ ਪ੍ਰਵਾਰਕ ਮੈਂਬਰ ਸ਼ਾਮਲ ਨਹੀਂ ਹਨ। ਕਿਸੇ ਵੀ ਸੰਸਥਾ ਨੂੰ ਬਣਾਉਣ ਪਿਛੇ ਕਿਸੇ ਸੂਝਵਾਨ ਦਾ ਹੱਥ ਹੁੰਦਾ ਹੈ ਅਤੇ ਇਸ ਸੰਸਥਾ ਨੂੰ ਬਣਾਉਣ ਦਾ ਸ਼ਲਾਘਾਯੋਗ ਉਪਰਾਲਾ ਸ. ਜੋਗਿੰਦਰ ਸਿੰਘ ਵਲੋਂ ਕੀਤਾ ਗਿਆ ਕਿਉਂਕਿ ਸਾਨੂੰ ਪੂਰੇ ਦੇਸ਼ ਵਿਚ ਉਨ੍ਹਾਂ ਨਾਲੋਂ ਜ਼ਿਆਦਾ ਸੂਝਵਾਨ ਵਿਅਕਤੀ ਨਹੀਂ ਮਿਲਿਆ”।’’ ਉਨ੍ਹਾਂ ਕਿਹਾ ਕਿ ਸ. ਜੋਗਿੰਦਰ ਸਿੰਘ ਬਾਰੇ ਵਿਰਸਾ ਸਿੰਘ ਵਲਟੋਹਾ ਬਿਆਨਬਾਜ਼ੀ ਕਰ ਰਹੇ ਹਨ, ਉਹ ਉਦੋਂ ਕਿਉਂ ਨਹੀਂ ਬੋਲੇ ਜਦੋਂ ਨਿਰਦੋਸ਼ ਸਿੰਘਾਂ ਉਤੇ ਗੋਲੀਆਂ ਚਲਾਈਆਂ ਗਈਆਂ? ਜੋ ਉਨ੍ਹਾਂ ਨੂੰ ਪਿਛੋਂ ਕਿਹਾ ਜਾਂਦਾ ਹੈ, ਉਹੀ ਪੀ.ਟੀ.ਸੀ. ’ਤੇ ਆ ਕੇ ਬੋਲ ਦਿੰਦੇ ਹਨ।