ਛੇ ਸਾਲਾਂ ਅੰਦਰ 591 ਵਿਅਕਤੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ਰਾਬ ਬਣਾਉਣ ਵਾਲੀਆਂ ਫ਼ੈਕਟਰੀਆਂ ਫੜਨ ਤੋਂ ਬਾਅਦ ਵੀ ਨਹੀਂ ਹੁੰਦੀ ਕਾਰਵਾਈ

Alcohol

ਸੰਗਰੂਰ: ਪੰਜਾਬ ਦੀਆਂ ਹੱਦਾਂ ਨਾਲ ਲਗਦੇ ਰਾਜਾਂ ਹਿਮਾਚਲ, ਚੰਡੀਗੜ੍ਹ, ਰਾਜਸਥਾਨ ਅਤੇ ਹਰਿਆਣਾ ਰਾਜ ਦੇ ਠੇਕੇਦਾਰਾਂ ਵਲੋਂ ਪੰਜਾਬ ਵਿਚ ਨਾਜਾਇਜ਼ ਅਤੇ ਨਾ ਪੀਣ ਯੋਗ ਸ਼ਰਾਬ ਦੀ ਸਮੱਗਲਿੰਗ ਕੀਤੇ ਜਾਣ ਦਾ ਮਾਮਲਾ ਅਜੇ ਠੰਢਾ ਨਹੀਂ ਸੀ ਹੋਇਆ ਕਿ ਪੰਜਾਬ 'ਚ  ਜ਼ਹਿਰੀਲੀ ਸ਼ਰਾਬ ਪੀਣ ਨਾਲ 40 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਗਈ।

ਅਤੇ ਹਰ ਦਿਨ ਪੁਲਿਸ ਵਲੋਂ ਰਾਜ ਦੀਆਂ ਹੱਦਾਂ 'ਤੇ ਨਾਜਾਇਜ਼ ਸ਼ਰਾਬ ਫੜਨ ਦੇ ਨਾਲ ਹੀ ਦੇਸੀ ਸ਼ਰਾਬ ਕੱਢਣ ਵਾਲੇ ਲੋਕਾਂ ਨੂੰ ਵੀ ਫੜਿਆ ਜਾਂਦਾ ਹੈ। ਇਥੋਂ ਤਕ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਅੰਦਰ ਨਾਜਾਇਜ਼ ਸ਼ਰਾਬ ਤਿਆਰ ਕਰਨ ਵਾਲੀਆਂ ਫ਼ੈਕਟਰੀਆਂ ਵੀ ਫੜ੍ਹੀਆਂ ਜਾ ਚੁੱਕੀਆਂ ਹਨ। ਕਈ ਰਾਜਾਂ ਅੰਦਰ ਸ਼ਰਾਬ ਦੀ ਜਗ੍ਹਾ ਸੈਨੀਟਾਈਜ਼ਰ ਪੀਣ ਨਾਲ ਵੀ ਮੌਤਾਂ ਹੋਈਆਂ ਹਨ।

ਇਸ ਸਬੰਧੀ ਸਮਾਜ ਸੇਵੀ ਬ੍ਰਿਸ ਭਾਨ ਬੁਜਰਕ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਪਿਛਲੇ 25 ਸਾਲਾਂ ਵਿਚ ਵਿਭਾਗ ਨੇ ਠੇਕਿਆਂ ਤੋਂ ਸ਼ਰਾਬ ਦੇ ਨਮੂਨੇ ਨਹੀਂ ਲਏ ਅਤੇ ਪੰਜਾਬ ਵਿਚ ਸੈਂਕੜੇ ਹੀ ਥਾਵਾਂ 'ਤੇ ਸ਼ਰਾਬ ਦਾ ਨਾਜਾਇਜ਼ ਕਾਰੋਬਾਰ ਚੱਲ ਰਿਹਾ ਹੈ ਅਤੇ ਰਾਜ ਦੇ ਖੰਨਾ, ਰਾਜਪੁਰਾ, ਸ਼ੁਤਰਾਣਾ ਆਦਿ ਸਮੇਤ ਕਈ ਥਾਵਾਂ 'ਤੇ ਚੱਲ ਰਹੀਆਂ ਸ਼ਰਾਬ ਦੀਆਂ ਨਾਜਾਇਜ਼ ਫ਼ੈਕਟਰੀਆਂ ਵੀ ਫੜੀਆਂ ਜਾ ਚੁੱਕੀਆ ਹਨ।

ਪਰ ਸਮੇਂ ਸਿਰ ਕਾਰਵਾਈ ਨਾ ਹੋਣ ਦਾ ਨਤੀਜਾ ਇਹ ਨਿਕਲਿਆ ਹੈ ਕਿ ਸਰਹੱਦੀ ਪਿੰਡਾਂ ਦੇ 40 ਤੋਂ ਵੱਧ ਵਿਅਕਤੀਆਂ ਨੂੰ ਜ਼ਹਿਰੀਲੀ ਸ਼ਰਾਬ ਕਾਰਨ ਅਪਣੀ ਜਾਨ ਗੁਆਉਣੀ ਪਈ। ਇਸ ਤੋਂ ਪਹਿਲਾਂ ਵੀ ਪੰਜਾਬ 'ਚ ਸਾਲ 2009 ਤੋਂ ਲੈ ਕੇ ਸਾਲ 2011 ਤਕ ਸਭ ਤੋਂ ਵੱਧ 473 ਮੌਤਾਂ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਸਨ।

ਬ੍ਰਿਸ ਭਾਨ ਬੁਜਰਕ ਨੇ ਕਿਹਾ ਕਿ ਪੰਜਾਬ ਅੰਦਰ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਥਿਤ ਤੌਰ 'ਤੇ ਸਰਕਾਰ ਦੀ ਸਰਪ੍ਰਸਤੀ ਹੇਠ ਚਲਦਾ ਹੈ ਕਿਉਂਕਿ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਕਰਨ ਵਾਲੇ ਜ਼ਿਆਦਾਤਰ ਲੋਕ ਸੱਤਾਧਾਰੀ ਪਾਰਟੀ ਨਾਲ ਹੀ ਜੁੜ ਹੋਏ ਹਨ। ਜਿਸ ਕਰ ਕੇ ਪੰਜਾਬ 'ਚ ਚੱਲ ਰਹੇ ਸ਼ਰਾਬ ਦੇ ਨਾਜਾਇਜ਼ ਕਾਰੋਬਾਰ ਦੀ ਉਚ ਪਧਰੀ ਜਾਂਚ ਕਰਵਾਈ ਜਾਵੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।