ਸਿਆਸਤਦਾਨ-ਪੁਲਿਸ-ਸ਼ਰਾਬ ਮਾਫ਼ੀਏ ਦੇ ਨਾਪਾਕ ਗਠਜੋੜ ਨੇ ਕੀਮਤੀ ਜਾਨਾਂ ਨਿਗਲੀਆਂ : ਬ੍ਰਹੁਮਪੁਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਸ਼ਰਾਬ ਮਾਫ਼ੀਆ ਵਿਰੁਧ 302 ਦਾ ਪਰਚਾ ਦਰਜ ਕਰੇ

Ranjit Singh Brahmpura

ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਪੀੜਤ ਪਰਵਾਰਾਂ ਦੇ ਪਿੰਡਾਂ 'ਚ ਮ੍ਰਿਤਕਾਂ ਦੇ ਵਾਰਸਾਂ ਨੂੰ ਮਿਲਣ ਉਪਰੰਤ ਪੰਜਾਬ ਸਰਕਾਰ ਨੂੰ ਸ਼ਰਾਬ ਮਾਫ਼ੀਆ ਵਿਰੁਧ 302 ਦਾ ਪਰਚਾ ਦਰਜ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਪੰਜਾਬ ਤੇ ਹਰਿਆਣਾ  ਹਾਈ ਕੋਰਟ ਦੇ ਜੱਜ ਤੋਂ ਉਚ ਪਧਰੀ ਪੜਤਾਲ ਕਰਵਾਈ ਜਾਵੇ।

ਉਨ੍ਹਾਂ ਦੋਸ਼ ਲਾਇਆ ਕਿ ਮਾਝੇ ਦੇ ਅੰਮ੍ਰਿਤਸਰ, ਤਰਨਤਾਰਨ ਅਤੇ ਬਟਾਲਾ ਚ ਕਰੀਬ 100 ਲੋਕਾਂ ਦੀ ਮੌਤ, ਨਾਜਾਇਜ਼ ਸ਼ਰਾਬ ਨਾਲ ਹੋਣ ਤੋਂ ਸਪੱਸ਼ਟ ਹੁੰਦਾ ਹੈ ਕਿ ਸਿਆਸਤਦਾਨ-ਪੁਲਿਸ-ਸ਼ਰਾਬ ਮਾਫ਼ੀਏ ਦਾ ਨਾਪਾਕ ਗਠਜੋੜ ਦੈਂਤ ਦੇ ਰੂਪ ਵਿਚ ਵਿਚਰ ਰਿਹਾ ਹੈ, ਜਿਸ ਨੇ ਕੀਮਤੀ ਜਾਨਾਂ ਨਿਗਲ ਲਈਆਂ।

ਉਨ੍ਹਾਂ ਪੰਜਾਬ ਸਰਕਾਰ ਵਲੋਂ ਪੁਲਿਸ ਅਤੇ ਹੋਰ ਅਧਿਕਾਰੀ ਮੁਅੱਤਲ ਕਰਨ ਨੂੰ ਰੂਟੀਨ ਦੀ ਕਾਰਵਾਈ ਕਰਾਰ ਦਿੰਦਿਆਂ ਕਿਹਾ ਹੈ ਕਿ ਇਹ ਅਫ਼ਸਰ ਕੁੱਝ ਸਮਾਂ ਬਾਅਦ ਬਹਾਲ ਹੋ ਜਣਗੇ ਪਰ ਪੀੜਤ ਪਰਵਾਰਾਂ ਦੇ ਜੀਅ ਕਦੇ ਵਾਪਸ ਨਹੀ ਆਉਣਗੇ।  ਉਨ੍ਹਾਂ ਕਿਹਾ ਕਿ ਸਰਕਾਰ ਪੀੜਤਾਂ ਪਰਵਾਰਾਂ ਨੂੰ ਸਰਕਾਰੀ ਨੌਕਰੀ, 5-5 ਲੱਖ ਮੁਆਵਜ਼ਾ ਦੇਵੇ।

ਇਸ ਕਾਂਡ ਲਈ ਕਾਂਗਰਸ ਦੇ ਮੰਤਰੀ ਅਤੇ ਵਿਧਾਇਕ  ਤੇ ਹੋਰ ਆਗੂ ਸੂਬੇ ਵਿਚ ਨਾਜਾਇਜ਼ ਸ਼ਰਾਬ ਦੇ ਧੰਦੇ ਲਈ ਦਿਤੀ ਗਈ ਖੁਲ੍ਹ•ਸਿੱਧੇ ਤੌਰ 'ਤੇ ਜ਼ਿੰਮੇਵਾਰ ਹਨ।  ਇਹ ਸਪੱਸ਼ਟ ਤੌਰ 'ਤੇ ਕਤਲ ਹੈ। ਉਨ੍ਹਾਂ ਚੇਤਾਵਨੀ ਦਿਤੀ ਕਿ ਮੁੱਖ ਮੰਤਰੀ ਦੀ ਸਰਪ੍ਰਸਤੀ ਹਾਸਲ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਨੂੰ  ਨਾਜਾਇਜ਼ ਸ਼ਰਾਬ ਵੇਚਣ ਤੋਂ ਤੁਰਤ ਰੋਕਿਆ ਨਾ ਗਿਆ ਤਾਂ ਅਜਿਹੇ ਹੋਰ ਹਾਦਸੇ ਕਿਸੇ ਵੀ ਸਮੇਂ ਵਾਪਰ ਸਕਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।