ਦਿੱਲੀ - ਸੰਗਰੂਰ ਹਾਈਵੇ 'ਤੇ ਹਾਦਸਾ, ਤਿੰਨ ਨੂੰ ਟਰਾਲੇ ਨੇ ਕੁਚਲਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੰਗਰੂਰ - ਦਿੱਲੀ ਹਾਈਵੇ 'ਤੇ ਪਿੰਡ ਮੌੜਾ ਦੇ ਨੇੜੇ ਟਾਇਰ ਪੰਚਰ ਹੋਣ ਦੇ ਕਾਰਨ ਸੜਕ ਕੰਡੇ ਖੜ੍ਹੇ ਟ੍ਰੈਕਟਰ ਅਤੇ ਡ੍ਰਲਿੰਗ ਮਸ਼ੀਨ ਨੂੰ ਪਾਤੜਾਂ (ਪਟਿਆਲਾ) ਵਲੋਂ ਆ ਰਹੇ...

accident

ਸੰਗਰੂਰ : ਸੰਗਰੂਰ - ਦਿੱਲੀ ਹਾਈਵੇ 'ਤੇ ਪਿੰਡ ਮੌੜਾ ਦੇ ਨੇੜੇ ਟਾਇਰ ਪੰਚਰ ਹੋਣ ਦੇ ਕਾਰਨ ਸੜਕ ਕੰਡੇ ਖੜ੍ਹੇ ਟ੍ਰੈਕਟਰ ਅਤੇ ਡ੍ਰਲਿੰਗ ਮਸ਼ੀਨ ਨੂੰ ਪਾਤੜਾਂ (ਪਟਿਆਲਾ) ਵਲੋਂ ਆ ਰਹੇ ਟਰਾਲੇ ਨੇ ਜ਼ੋਰਦਾਰ ਟੱਕਰ ਮਾਰ ਦਿਤੀ। ਹਾਦਸੇ ਵਿਚ ਟ੍ਰੈਕਟਰ 'ਤੇ ਬੈਠੇ ਤਿੰਨ ਵਿਅਕਤੀ ਸੜਕ 'ਤੇ ਡਿੱਗ ਗਏ ਅਤੇ ਟਰਾਲੇ ਨੇ ਉਨ੍ਹਾਂ ਨੂੰ ਕੁਚਲ ਦਿਤਾ। ਤਿੰਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਥੇ ਹੀ ਮਸ਼ੀਨ 'ਤੇ ਲਿਟੇ ਚਾਰ ਵਿਅਕਤੀ ਦੂਜੇ ਪਾਸੇ ਡਿੱਗਣ ਨਾਲ ਗੰਭੀਰ ਤੌਰ 'ਤੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਸੰਗਰੂਰ ਵਿਚ ਦਾਖਲ ਕੀਤਾ ਗਿਆ ਹੈ। ਟਰਾਲਾ ਚਾਲਕ ਹਾਦਸੇ ਤੋਂ ਬਾਅਦ ਫਰਾਰ ਹੋ ਗਿਆ। 

ਸਿਵਲ ਹਸਪਤਾਲ ਵਿਚ ਦਾਖਲ ਸੁਖਵਿੰਦਰ ਸਿੰਘ ਪੁੱਤ ਮਿੱਠੂ ਸਿੰਘ ਨਿਵਾਸੀ ਗੁੰਬਦ ਢਿਲਵਾਂ ਜਿਲ੍ਹਾ ਮਾਨਸਾ, ਮੱਖਣ ਸਿੰਘ ਪੁੱਤ ਨਿਵਾਸੀ ਗੁੰਬਦ ਢਿਲਵਾਂ ਜਿਲ੍ਹਾ ਮਾਨਸਾ, ਫ਼ਕੀਰ ਸਿੰਘ ਪੁੱਤ ਗੁਰਮੇਲ ਸਿੰਘ ਨਿਵਾਸੀ ਗੁੰਬਦ ਝਮਰਾਂ ਜਿਲ੍ਹਾ ਮਾਨਸਾ ਅਤੇ ਦਿਲਪ੍ਰੀਤ ਸਿੰਘ ਪੁੱਤ ਗੁਰਜੰਟ ਸਿੰਘ ਨੇ ਦੱਸਿਆ ਕਿ ਉਹ ਸਾਰੇ ਬੀਟੀਐਲ ਕੰਪਨੀ ਦੇ ਅਧੀਨ ਟੈਲੀਫੋਨ ਅਤੇ ਮੋਬਾਇਲ ਕੰਪਨੀਆਂ ਦੀ ਅੰਡਰਗਰਾਉਂਡ ਵਾਇਰਲਾਈਨ ਪਾਉਣ ਦਾ ਕੰਮ ਕਰਦੇ ਹੈ। ਸ਼ੁਕਰਵਾਰ ਨੂੰ ਹਰਿਆਣਾ ਦੇ ਗੋਹਾਨਾ ਵਿਚ ਤਾਰਾਂ ਪਾ ਕੇ ਡ੍ਰਲਿੰਗ ਮਸ਼ੀਨ ਦੇ ਨਾਲ ਸੰਗਰੂਰ ਨੂੰ ਪਰਤ ਰਹੇ ਸਨ।

ਰਾਤ ਲਗਭੱਗ 11 ਵਜੇ ਮੈਹਲਾਂ - ਮੌੜਾ ਰੋਡ 'ਤੇ ਡ੍ਰਲਿੰਗ ਮਸ਼ੀਨ ਦਾ ਟਾਇਰ ਪੰਚਰ ਹੋ ਗਿਆ। ਉਨ੍ਹਾਂ ਨੇ ਟ੍ਰੈਕਟਰ ਅਤੇ ਮਸ਼ੀਨ ਨੂੰ ਸੜਕ ਕੰਡੇ ਹੀ ਰੋਕ ਲਿਆ ਅਤੇ ਪੰਚਰ ਟਾਇਰ ਨੂੰ ਖੋਲ ਲਿਆ ਤਾਕਿ ਸਵੇਰੇ ਜਲਦੀ ਪੰਚਰ ਲਗਵਾ ਕੇ ਅੱਗੇ ਰਵਾਨਾ ਹੋ ਜਾਣ। ਦਿਨਭਰ ਕੰਮ ਕਰਨ ਕਾਰਨ ਉਹ ਥਕੇ ਹੋਏ ਸੀ ਅਤੇ ਆਰਾਮ ਕਰਨ ਬੈਠ ਗਏ।

ਉਹ ਚਾਰਾਂ ਮਸ਼ੀਨਰੀ 'ਤੇ ਬੈਠੇ ਸਨ, ਜਦੋਂ ਕਿ ਸੁਸ਼ੀਲ ਕੁਮਾਰ ਪੁੱਤ ਸੰਜੀਵ ਕੁਮਾਰ, ਜਸਪਿੰਦਰ ਸਿੰਘ ਪੁੱਤ ਦਰਸ਼ਨ ਸਿੰਘ, ਹਰਬੰਸ ਸਿੰਘ ਪੁੱਤ ਮਲਕੀਤ ਸਿੰਘ ਤਿੰਨਾਂ ਨਿਵਾਸੀ ਗੁੰਬਦ ਢਿਲਵਾਂ ਜਿਲ੍ਹਾ ਮਾਨਸਾ ਟ੍ਰੈਕਟਰ 'ਤੇ ਹੀ ਬੈਠ ਗਏ। ਲਗਭੱਗ ਚਾਰ ਵਜੇ ਪਾਤੜਾਂ ਤੋਂ ਆ ਰਹੇ ਇਕ ਤੇਜ਼ ਰਫ਼ਤਾਰ ਟਰਾਲੇ ਨੇ ਟ੍ਰੈਕਟਰ ਅਤੇ ਮਸ਼ੀਨ ਨੂੰ ਪਿੱਛੇ ਤੋਂ ਜ਼ੋਰਦਾਰ ਟੱਕਰ ਮਾਰ ਦਿਤੀ। ਇਸ ਤੋਂ ਟ੍ਰੈਕਟਰ ਅਤੇ ਮਸ਼ੀਨ ਪਲਟ ਗਏ। ਟ੍ਰੈਕਟਰ 'ਤੇ ਬੈਠੇ ਸੁਸ਼ੀਲ, ਜਸਪਿੰਦਰ ਸਿੰਘ ਅਤੇ ਹਰਬੰਸ ਟ੍ਰੈਕਟਰ ਤੋਂ ਹੇਠਾਂ ਡਿੱਗ ਗਏ ਅਤੇ ਟਰਾਲੇ ਦੇ ਹੇਠਾਂ ਕੁਚਲੇ ਗਏ।

ਮਸ਼ੀਨ 'ਤੇ ਬੈਠੇ ਸੁਖਵਿੰਦਰ, ਮੱਖਣ, ਫਕੀਰ ਅਤੇ ਦਿਲਪ੍ਰੀਤ ਦੂਜੇ ਪਾਸੇ ਜਾ ਡਿੱਗੇ। ਮੈਹਲਾਂ ਪੁਲਿਸ ਚੌਕੀ ਇਨਚਾਰਜ ਸੁਰਜਨ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਪੁਲਿਸ ਤੁਰਤ ਮੌਕੇ 'ਤੇ ਪਹੁੰਚੀ ਅਤੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ। ਹਾਦਸੇ ਤੋਂ ਬਾਅਦ ਟ੍ਰਾਲਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਅਣਪਛਾਤੇ ਚਾਲਕ ਦੇ ਵਿਰੁਧ ਮਾਮਲਾ ਦਰਜ ਕਰ ਲਿਆ ਹੈ। ਡਾਕਟਰਾਂ ਦੇ ਬੋਰਡ ਵਲੋਂ ਲਾਸ਼ਾਂ ਦਾ ਪੋਸਟਮਾਰਟਮ ਕੀਤੇ ਜਾਣ ਤੋਂ ਬਾਅਦ ਪੁਲਿਸ ਨੇ ਲਾਸ਼ਾਂ ਉਹਨਾਂ ਦੇ ਪਰਵਾਰ ਵਾਲਿਆਂ ਦੇ ਹਵਾਲੇ ਕਰ ਦਿੱਤੇ ਹਨ।