ਪੈਸਾ ਕਮਾਉਣ 'ਤੇ ਉਡਾਉਣ 'ਚ ਕਿਸੇ ਦਾ ਕੋਈ ਮੁਕਾਬਲਾ ਨਹੀਂ, ਪੰਜਾਬ ਦੇ ਕਿਸਾਨ ਨਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਲੇ ਹੀ ਕਿਸਾਨਾਂ ਦੀਆਂ ਆਤਮ-ਹਤਿਆਵਾਂ ਦਾ ਅੰਕੜਾ ਹਜ਼ਾਰਾਂ ਨੂੰ ਪਾਰ ਕਰ ਗਿਆ ਹੈ ਫੇਰ ਵੀ ਪੂਰੇ ਦੇਸ਼ 'ਚੋਂ ਪੰਜਾਬ ਦੇ ਕਿਸਾਨ ਦੀ ਆਮਦਨ............

Amarinder Singh

ਚੰਡੀਗੜ੍ਹ : ਭਲੇ ਹੀ ਕਿਸਾਨਾਂ ਦੀਆਂ ਆਤਮ-ਹਤਿਆਵਾਂ ਦਾ ਅੰਕੜਾ ਹਜ਼ਾਰਾਂ ਨੂੰ ਪਾਰ ਕਰ ਗਿਆ ਹੈ ਫੇਰ ਵੀ ਪੂਰੇ ਦੇਸ਼ 'ਚੋਂ ਪੰਜਾਬ ਦੇ ਕਿਸਾਨ ਦੀ ਆਮਦਨ ਅੱਜ ਵੀ ਸੱਭ ਤੋਂ ਵੱਧ ਦੱਸੀ ਜਾ ਰਹੀ ਹੈ। ਪੰਜਾਬ ਦਾ ਕਿਸਾਨ ਜਿੱਥੇ ਕਮਾਈ ਪਖੋਂ 29 ਰਾਜਾਂ ਵਿਚੋਂ ਮੋਹਰੀ ਬਣ ਨਿਕਲਿਆ ਹੈ ਉਥੇ ਪੈਸਾ ਖ਼ਰਚ ਕਰਨ ਵਿਚ ਵੀ ਇਸ ਦਾ ਕੋਈ ਸਾਹਨੀ ਨਹੀਂ। ਆਮਦਨ ਨਾਲੋਂ ਵਧ ਖ਼ਰਚ ਪਜੰਾਬ ਕਿਸਾਨ ਦੇ ਅੰਤ ਦਾ ਕਾਰਨ ਬਣਦਾ ਜਾ ਰਿਹਾ ਹੈ। ਨਾਵਾਰਡ ਵਲੋਂ ਕਰਵਾਏ ਇਕ ਸਰਵੇਖਣ ਵਿਚੋਂ ਇਹ ਖੁਲਾਸਾ ਹੋਇਆ ਹੈ। ਨਾਬਾਰਡ ਦੇ ਸਰਵੇਖਣ ਵਿਚ ਦੇਸ਼ ਦੇ 29 ਰਾਜਾਂ ਨੂੰ ਸ਼ਾਮਲ ਕੀਤਾ ਗਿਆ ਹੈ। ਉਤਰ ਪ੍ਰਦੇਸ਼ ਦਾ ਕਿਸਾਨ ਸੱਭ ਤੋਂ ਗ਼ਰੀਬ ਦਸਿਆ ਗਿਆ ਹੈ।

ਪੰਜਾਬ ਦੇ ਪ੍ਰਤੀ ਕਿਸਾਨ ਪਰਵਾਰ ਦੀ ਆਮਦਨ 23.183 ਰੁਪਏ ਹੈ ਜਦੋਂ ਕਿ ਯੂ.ਪੀ. ਦਾ ਕਿਸਾਨ ਪਰਵਾਰ 6668 ਰੁਪਏ ਪ੍ਰਤੀ ਮਹੀਨਾ ਕਮਾ ਰਿਹਾ ਹੈ। ਸਰਵੇਖਣ ਵਿਚ 29 ਰਾਜਾਂ ਦੇ 2016 ਜ਼ਿਲ੍ਹਿਆਂ ਦੇ 40,327 ਪਰਵਾਰਾਂ ਨੂੰ ਸਰਵੇ ਵਿਚ ਸ਼ਾਮਲ ਕੀਤਾ ਗਿਆ ਹੈ। ਪੰਜਾਬ ਦੇ ਤਰਨਤਾਰਨ, ਮੁਕਤਸਰ, ਹੁਸ਼ਿਆਰਪੁਰ, ਮਾਨਸਾ, ਲੁਧਿਆਣਾ, ਮੋਹਾਲੀ ਤੇ ਨਵਾਂਸ਼ਹਿਰ ਦੇ ਕਿਸਾਨਾਂ ਨੂੰ ਸਰਵੇ ਵਿਚ ਲਿਆ ਗਿਆ ਹੈ। ਸਰਵੇ ਰੀਪੋਰਟ ਮੁਤਾਬਕ ਪੰਜਾਬ ਵਿਚ ਪ੍ਰਤੀ ਕਿਸਾਨ ਪਰਵਾਰ ਕੋਲ ਸੱਭ ਤੋਂ ਵੱਧ 31 ਫ਼ੀ ਸਦ ਟਰੈਕਟਰ ਹਨ।

ਗੁਜਰਾਤ ਟਰੈਕਟਰਾਂ ਦੀ ਗਿਣਤੀ ਪਖੋਂ ਦੇਸ਼ ਵਿਚੋਂ ਦੂਜੇ ਨੰਬਰ 'ਤੇ ਹੈ। ਪੰਜਾਬ ਦੇ 98 ਫ਼ੀ ਸਦੀ ਕਿਸਾਨਾਂ ਕੋਲ ਸਿੰਜਾਈ ਦੇ ਸਾਧਨਾਂ ਦੀ ਸਹੂਲਤ ਹੈ। ਪੰਜਾਬ ਦਾ ਕਿਸਾਨ ਦੇਸ਼ ਭਰ ਵਿਚ ਸੱਭ ਤੋਂ ਵਧ ਕਣਕ, ਝੋਨਾ ਅਤੇ ਮੱਕੀ ਪੈਦਾ ਕਰ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬ ਦੇ ਕਿਸਾਨ ਨੂੰ ਮੁਫ਼ਤ ਬਿਜਲੀ ਦਿਤੀ ਜਾ ਰਹੀ ਹੈ। ਇਸ ਤਹਿਤ ਪਿਛਲੇ ਕਈ ਸਾਲਾਂ ਦੌਰਾਨ ਸੂਬਾ ਸਰਕਾਰ 35,000 ਕਰੋੜ ਰੁਪਏ ਦਾ ਬਿਲ ਅਪਣੇ ਖ਼ਜ਼ਾਨੇ 'ਚੋਂ ਭਰ ਚੁਕੀ ਹੈ। ਸਰਵੇ ਵਿਚ ਕਿਸਾਨ ਦੀ ਆਰਥਕ ਹਾਲਤ ਜਾਨਣ ਲਈ ਕਿਸਾਨ ਦੇ ਕਰਜ਼ੇ ਦੇ ਸਰੋਤ, ਆਮਦਨ ਦੇ ਸਾਧਨ ਅਤੇ ਇਨਵੈਸਟਮੈਂਟ ਬਾਰੇ ਪੁਛਿਆ ਗਿਆ ਹੈ।

ਪੰਜਾਬ ਦਾ ਕਿਸਾਨ ਆਮਦਨ ਪਖੋਂ ਅੱਗੇ ਲੰਘਣ ਦੇ ਬਾਵਜੂਦ ਆਤਮ-ਹੱਤਿਆਵਾਂ ਕਰ ਰਿਹਾ ਹੈ, ਇਹ ਸਵਾਲ ਸੱਭ ਅੱਗੇ ਖੜ੍ਹਾ ਹੈ। ਸਾਲ 2010 ਤੋਂ 2016 ਤਕ 16,660 ਕਿਸਾਨਾਂ ਨੇ ਅਪਣੀ ਜੀਵਨ ਲੀਲਾ ਖ਼ਤਮ ਕੀਤੀ ਹੈ, ਜਿਸ ਦਾ ਮਤਲਬ ਇਹ ਹੋਇਆ ਕਿ ਕਰਜ਼ੇ 'ਚ ਡੁਬਿਆ ਹਰ ਰੋਜ਼ ਇਕ ਕਿਸਾਨ ਖ਼ੁਦਕੁਸ਼ੀ ਕਰ ਰਿਹਾ ਹੈ। ਪੰਜਾਬ ਦੀਆਂ ਤਿੰਨ ਯੂਨੀਵਰਸਟੀਆਂ ਵੀ ਇਕ ਸਰਵੇ ਰੀਪੋਰਟ ਦੇ ਆਧਾਰ 'ਤੇ ਸਰਵੇਖਣ ਵਿਚ ਕਿਹਾ ਗਿਆ ਹੈ ਕਿ ਰਾਜ ਦੇ ਕਿਸਾਨਾਂ ਕੋਲ ਸਾਢੇ ਚਾਰ ਲੱਖ ਟਰੈਕਟਰ ਹਨ, ਜਦੋਂ ਕਿ ਰਕਬੇ ਦੇ ਹਿਸਾਬ ਨਾਲ ਇਕ ਲੱਖ ਟਰਕੈਟਰ ਦੀ ਲੋੜ ਹੈ।

ਮਤਲਬ ਕਿ ਸਾਢੇ ਤਿੰਨ ਲੱਖ ਟਰੈਕਟਰ ਵਾਧੂ ਖ਼ਰੀਦ ਕੇ ਕਿਸਾਨ ਨੇ ਅਪਣੇ ਸਿਰ ਪੈਸਾ ਖੜ੍ਹਾ ਕੀਤਾ ਹੋਇਆ ਹੈ। ਕਿਸਾਨ ਦੀ ਮੰਦਹਾਲੀ ਦਾ ਇਕ ਕਾਰਨ ਇਹ ਵੀ ਦਸਿਆ ਗਿਆ ਹੈ ਕਿ ਉਸ ਦਾ ਅੱਧਾ ਪੈਸਾ ਇਕਨਾ ਦੂਜੇ ਕਾਰਨ ਕਰ ਕੇ ਡੁੱਬ ਰਿਹਾ ਹੈ। ਪੰਜਾਬ ਦੇ ਝੋਨੇ ਤੋਂ ਕਿਸਾਨ ਨੂੰ ਚੰਗੀ ਆਮਦਨ ਹੋ ਰਹੀ ਹੈ, ਜਦੋਂ ਕਿ ਹਾੜ੍ਹੀ ਦੀ ਫ਼ਸਲ ਨਾਲ ਖ਼ਰਚੇ ਹੀ ਪੂਰੇ ਹੁੰਦੇ ਹਨ। ਝੋਨੇ ਕਰ ਕੇ ਧਰਤੀ ਹੇਠਲੇ ਪਾਣੀ ਦਾ ਪੱਧਰ ਬਹੁਤ ਡਿਗ ਗਿਆ ਹੈ ਅਤੇ ਕਿਸਾਨ ਹਰ ਤੀਜੇ ਸਾਲ ਟਿਊਬਵੈਲ ਨੂੰ ਡੂੰਘਾ ਕਰਵਾਉਣ ਲਈ ਮਜਬੂਰ ਹੈ, ਜਿਸ 'ਤੇ 17 ਤੋਂ 20 ਹਜ਼ਾਰ ਰੁਪਏ ਬੇਲੋੜੇ ਖ਼ਰਚਣੇ ਪੈ ਰਹੇ ਹਨ।

ਸਰਵੇਖਣ ਮੁਤਾਬਕ ਮਸ਼ੀਨਰੀ 'ਤੇ ਕੀਤੀ ਜਾਂਦੀ ਫ਼ਜ਼ੂਲ ਖ਼ਰਚੀ ਅਤੇ ਕਰਜ਼ਾ ਨਾ ਮੋੜਨ ਦੀ ਅਲਗਰਜੀ ਉਸ ਦੀ ਜਾਨ ਦਾ ਖ਼ੌਫ਼ ਬਣ ਗਿਆ ਹੈ। ਇਹ ਵੀ ਕਿਹਾ ਗਿਆ ਹੈ ਕਿ 86 ਫ਼ੀ ਸਦੀ ਕਿਸਾਨ ਅਤੇ 80 ਫ਼ੀ ਸਦੀ ਖੇਤ ਮਜ਼ਦੂਰ ਕਰਜ਼ੇ ਦੇ ਭਾਰ ਹੇਠ ਦਬੇ ਪਏ ਹਨ। ਪੰਜਾਬ ਦੇ ਕਿਸਾਨ ਸਿਰ ਕੁਲ 69,335 ਕਰੋੜ ਰੁਪਏ ਦਾ ਕਰਜ਼ਾ ਖੜ੍ਹਾ ਹੈ। ਇਹੋ ਕਾਰਨ ਹੈ ਕਿ ਹਰ ਸਾਲ ਔਸਤਨ 1700 ਦੇ ਕਰੀਬ ਕਿਸਾਨ ਅਪਣੀ ਜਾਨ ਗਵਾਉਣ ਲੱਗੇ ਹਨ। ਚਾਲੂ ਸਦੀ ਦੇ ਸ਼ੁਰੂ ਦੇ ਸਾਲਾਂ 2005 ਤੋਂ 2009 ਤਕ ਸਿਰਫ਼ 75 ਹੀ ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਸੀ।

ਉਘੇ ਅਰਥ-ਸ਼ਾਸਤਰੀ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਟੀ ਦੇ ਸਾਬਕਾ ਉਪ ਕੁਲਪਤੀ ਸਰਦਾਰਾ ਸਿੰਘ ਜੌਹਲ ਦਾ ਕਹਿਣਾ ਹੈ ਕਿਹਾ ਪੰਜਾਬ ਦਾ ਕਿਸਾਨ ਕਰਜ਼ਾ ਲਾਹੁਣ ਦੀ ਥਾਂ ਇਕ ਤੋਂ ਦੂਜੇ ਥਾਂ ਬੈਂਕਾਂ 'ਚ ਕਰਜ਼ਾ ਬਦਲ ਕੇ ਡੰਗ ਟਪਾਈ ਕਰ ਰਿਹਾ ਹੈ, ਜਿਸ ਕਰ ਕੇ ਉਹ ਇਸੇ ਜਾਲ ਵਿਚ ਫਸ ਕੇ ਰਹਿ ਜਾਂਦਾ ਹੈ। ਇਸ ਕਰਜ਼ੇ ਵਿਚਲਾ ਬਹੁਤਾ ਹਿਸਾ ਸਮਾਜਕ ਰੁਤਬਾ ਬਣਾਉਣ ਅਤੇ ਬਰਕਰਾਰ ਰੱਖਣ ਲਈ ਲਿਆ ਹੁੰਦਾ ਹੈ।

ਪੰਜਾਬ ਖੇਤੀਬਾੜੀ ਵਿਭਾਗ ਦੇ ਸਕੱਤਰ ਅਤੇ ਕਿਸਾਨ ਕਮਿਸ਼ਨ ਦਾ ਬਾਨੀ ਮੈਂਬਰ ਸਕੱਤਰ ਕਾਹਨ ਸਿੰਘ ਪੰਨੂੰ ਨੇ ਕਿਹਾ ਹੈ ਕਿ ਪੰਜਾਬ ਇਕ ਖ਼ੁਸ਼ਹਾਲ ਸੂਬਾ ਹੈ ਅਤੇ ਕਿਸਾਨ ਵੀ ਉਸੇ ਪੱਧਰ ਦੀ ਲਾਲਸਾ ਰੱਖਣ ਲੱਗਾ ਹੈ ਪਰ ਇਸ ਦੇ ਬਰਾਬਰ ਉਸ ਦੀ ਆਮਦਨ ਨਹੀਂ ਰਹੀ ਹੈ।  ਸਰਵੇਖਣ ਵਿਚ ਪੰਜਾਬ ਦੇ ਕਿਸਾਨ ਦੀ ਤੁਲਨਾ ਬਿਹਾਰ ਦੇ ਕਿਸਾਨ ਨਾਲ ਕਰ ਕੇ ਉਸ ਨੂੰ ਅਮੀਰ ਦੱਸਣਾ ਕਿਸੇ ਤਰ੍ਹਾਂ ਵੀ ਵਾਜਬ ਨਹੀਂ ਮੰਨਿਆ ਜਾ ਸਕਦਾ।