ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਫਿਰ ਮਿਲੀ ਧਮਕੀ , SOPU ਤੇ ਲਾਰੈਂਸ ਗਰੁੱਪ ਦੇ ਨਾਂ ਤੋਂ ਆਈ ਈਮੇਲ
ਕਿਹਾ- ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਦੀ ਸੁਰੱਖਿਆ ਬਾਰੇ ਬੋਲੇ ਤਾਂ ਸਿੱਧੂ ਤੋਂ ਵੀ ਮਾੜਾ ਹਾਲ ਕਰਾਂਗੇ
ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਲਾਰੈਂਸ ਗੈਂਗ ਨੇ ਉਸ ਦੇ ਪਿਤਾ ਬਲਕੌਰ ਸਿੰਘ ਨੂੰ ਧਮਕੀ ਦਿੱਤੀ ਹੈ। ਲਾਰੈਂਸ ਗੈਂਗ ਅਤੇ ਸੋਪੂ ਗਰੁੱਪ ਦੇ ਨਾਂ ਤੋਂ ਭੇਜੀ ਗਈ ਮੇਲ 'ਚ ਕਿਹਾ ਗਿਆ ਹੈ ਕਿ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ, ਲਾਰੈਂਸ ਅਤੇ ਜੱਗੂ ਭਗਵਾਨਪੁਰੀਆ ਦੀ ਸੁਰੱਖਿਆ 'ਤੇ ਕੁਝ ਨਾ ਕਹਿਣ।
ਗੈਂਗ ਨੇ ਇਹ ਵੀ ਕਿਹਾ ਕਿ ਮੂਸੇਵਾਲਾ ਦੇ ਕਾਤਲ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਦਾ ਐਨਕਾਊਂਟਰ ਵੀ ਉਹਨਾਂ ਦੇ ਹੀ ਦਬਾਅ ਹੇਠ ਹੋਇਆ ਸੀ। ਇਸ ਦੇ ਨਾਲ ਹੀ ਮੇਲ ਵਿਚ ਲਿਖਿਆ ਗਿਆ ਕਿ ਜੇਕਰ ਉਹ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਦੀ ਸੁਰੱਖਿਆ ਬਾਰੇ ਬੋਲੇ ਤਾਂ ਸਿੱਧੂ ਤੋਂ ਵੀ ਮਾੜਾ ਹਾਲ ਕੀਤਾ ਜਾਵੇਗਾ। ਸੂਤਰਾਂ ਅਨੁਸਾਰ ਪੁਲਿਸ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੱਸ ਦੇਈਏ ਕਿ ਬਲਕੌਰ ਸਿੰਘ ਕਈ ਵਾਰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਦੀ ਸੁਰੱਖਿਆ ਦਾ ਮੁੱਦਾ ਉਠਾ ਚੁੱਕੇ ਹਨ। ਉਹਨਾਂ ਕਿਹਾ ਸੀ ਕਿ ਜੋ ਕਾਨੂੰਨ ਆਮ ਵਿਅਕਤੀ ਲਈ ਬਣੇ ਹਨ, ਉਸ ਦਾ ਲਾਭ ਗੈਂਗਰਸਟ ਲੈ ਰਹੇ ਹਨ। ਉਹਨਾਂ ਨੂੰ ਵੀ ਆਮ ਵਿਅਕਤੀ ਦੀ ਤਰ੍ਹਾਂ ਅਦਾਲਤ ਵਿਚ ਪੇਸ਼ ਕੀਤਾ ਜਾਣਾ ਚਾਹੀਦਾ ਹੈ।