ਇੱਕੋ ਸ਼ਮਸ਼ਾਨਘਾਟ 'ਚ ਹੋਇਆ ਫੌਜੀ ਪੁੱਤ ਤੇ ਮਾਂ ਦਾ ਅੰਤਿਮ ਸਸਕਾਰ
ਮਾਤਾ ਦੇ ਸਸਕਾਰ ਨੂੰ ਜਾਂਦਾ ਫੌਜੀ ਪੁੱਤ ਰਸਤੇ 'ਚ ਹਾਦਸੇ ਦਾ ਸ਼ਿਕਾਰ
ਖਡੂਰ ਸਾਹਿਬ: ਹਲਕਾ ਖਡੂਰ ਸਾਹਿਬ ਦੇ ਅਧੀਨ ਪੈਂਦੇ ਪਿੰਡ ਵੜਿੰਗ ਵਿਖੇ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦ ਅਪਣੀ ਮਾਤਾ ਦੇ ਅੰਤਿਮ ਸੰਸਕਾਰ ਵਿਚ ਸ਼ਰੀਕ ਹੋਣ ਲਈ ਫੌਜ ਵਿਚੋਂ ਛੁੱਟੀ ਲੈ ਕੇ ਵਾਪਿਸ ਆ ਰਹੇ ਫੌਜੀ ਦੀ ਰਾਸਤੇ ਵਿਚ ਸੜਕ ਹਾਦਸੇ ਕਾਰਨ ਮੌਤ ਹੋ ਗਈ। ਸਾਰਾ ਪਿੰਡ ਪੂਰੀ ਤਰ੍ਹਾਂ ਗਮਗੀਨ ਹੋ ਗਿਆ ਜਦੋਂ ਸ਼ਹੀਦ ਫੌਜੀ ਦੀ ਦੇਹ ਤਿਰੰਗੇ ਵਿਚ ਉਹਨਾਂ ਦੇ ਘਰ ਪਹੁੰਚੀ ਅਤੇ ਪਿੰਡ ਦੇ ਸ਼ਮਸ਼ਾਨਘਾਟ ਵਿਚ ਦੋਨਾ ਮਾਂ ਪੁੱਤਾ ਦਾ ਅੰਤਿਮ ਸੰਸਕਾਰ ਕਰ ਦਿਤਾ ਗਿਆ।
ਫੌਜੀ ਦਲਜੀਤ ਸਿੰਘ ਜੋ ਕਿ ਸ਼ਾਦੀ ਸ਼ੁਦਾ ਸੀ ਅਤੇ ਉਸ ਦਾ ਇੱਕ ਪੁੱਤਰ ਡੇਢ ਸਾਲ ਦਾ ਹੈ। ਦਲਜੀਤ ਸਿੰਘ ਦਾ ਪੂਰਾ ਪਰਿਵਾਰ ਦੇਸ਼ ਦੀ ਸੇਵਾ ਵਿਚ ਜੁੱਟਿਆ ਹੋਇਆ ਹੈ। ਉਹਨਾਂ ਦੇ ਪਿਤਾ ਅਤੇ ਭਰਾ ਦੋਨੋਂ ਰਿਟਾਇਰ ਹੋ ਚੁੱਕੇ ਹਨ ਅਤੇ ਦਲਜੀਤ ਸਿੰਘ ਘਰ ਵਿਚੋਂ ਛੋਟਾ ਸੀ ਜੋ ਵੀ ਕਈ ਸਾਲਾਂ ਤੋਂ ਆਰਮੀ ਵਿਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰ ਰਿਹਾ ਸੀ।
ਦਲਜੀਤ ਸਿੰਘ ਨੂੰ ਭਾਰਤੀ ਫੌਜ ਦੀ ਸੈਨਾ ਦੀ ਟੁਕੜੀ ਨੇ ਸਲਾਮੀ ਨਾਲ ਸ਼ਰਾਂਧਜਲੀ ਦਿੱਤੀ ਪਰ ਜ਼ਿਲ੍ਹਾ ਤਰਨ ਤਾਰਨ ਦਾ ਕੋਈ ਪ੍ਰਸ਼ਾਸ਼ਨ ਅਧਿਕਾਰੀ ਪਰਿਵਾਰ ਦੇ ਮੈਂਬਰਾ ਨਾਲ ਦੁੱਖ ਸਾਂਝਾ ਕਰਨ ਨਹੀਂ ਪਹੁੰਚਿਆ। ਪਿੰਡ ਵਾਸੀ ਨੇ ਦਸਿਆ ਕਿ ਫੌਜੀ ਮਾਂ ਦੇ ਅੰਤਿਮ ਸਸਕਾਰ ਵਿਚ ਸ਼ਾਮਲ ਹੋਣ ਲਈ ਛੁੱਟੀ ਲੈ ਕੇ ਆ ਰਿਹਾ ਸੀ ਅਤੇ ਉਸ ਦਾ ਰਾਸਤੇ ਵਿਚ ਐਕਸੀਡੈਂਟ ਹੋ ਗਿਆ।
ਉਹਨਾਂ ਨੂੰ ਇਸ ਬਾਰੇ ਅਜੇ ਕੋਈ ਪਤਾ ਨਹੀਂ ਲੱਗ ਸਕਿਆ ਕਿ ਇਹ ਹਾਦਸਾ ਕਿਵੇਂ ਵਾਪਰਿਆ ਹੈ। ਪਰ ਉਹਨਾਂ ਨੂੰ ਮਿਲੀ ਜਾਣਕਾਰੀ ਮੁਤਾਬਕ ਡਰਾਈਵਰ ਨੂੰ ਨੀਂਦ ਆ ਗਈ ਸੀ। ਫਿਲਹਾਲ ਇਸ ਬਾਰੇ ਪੂਰੀ ਜਾਣਕਾਰੀ ਨਹੀਂ ਹੈ ਕਿ ਇਹ ਸੱਚ ਹੈ ਜਾਂ ਝੂਠ।
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਅਸੀ ਪੰਜਾਬ ਸਰਕਾਰ ਪਾਸੋਂ ਮੰਗ ਕਰਦੇ ਹਾਂ ਕਿ ਸ਼ਹੀਦ ਦਲਜੀਤ ਸਿੰਘ ਦੀ ਯਾਦ ਵਿਚ ਪਿੰਡ ਵਿਚ ਕੋਈ ਯਾਦਗਾਰ ਖੇਡ ਸਟੇਡੀਅਮ ਜਾਂ ਸਕੂਲ ਬਣਾਇਆ ਜਾਵੇ ਤਾਂ ਕਿ ਉਸ ਦੀ ਯਾਦ ਹਮੇਸ਼ਾ ਅਮਰ ਰਹੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।