ਧਾਲੀਵਾਲ ਦਾ ਸਿੱਖ ਰਹੁ ਰੀਤਾਂ ਮੁਤਾਬਕ ਅੰਤਮ ਸਸਕਾਰ ਅੱਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

 ਪਰਵਾਰ ਦੀ ਦਿਲ ਖੋਲ੍ਹ ਕੇ ਕੀਤੀ ਮਦਦ, ਛੇ ਲੱਖ ਅਮਰੀਕੀ ਡਾਲਰ ਇਕੱਠੇ ਕੀਤੇ

Sikh cop Sandeep Singh Dhaliwal’s funeral

ਹਿਊਸਟਨ: ਹਜ਼ਾਰਾਂ ਲੋਕ ਭਾਰਤੀ-ਅਮਰੀਕੀ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਢੁਕਵੇਂ ਅੰਤਮ ਸਸਕਾਰ ਦੀ ਤਿਆਰੀ ਕਰ ਰਹੇ ਹਨ, ਜਿਨ੍ਹਾਂ ਦਾ ਕਤਲ ਟੈਕਸਸ ਵਿਚ ਡਿਊਟੀ ਦੌਰਾਨ ਹੋਇਆ ਸੀ। ਸੰਦੀਪ ਸਿੰਘ ਧਾਲੀਵਾਲ ਦੇ ਕਤਲ ਕਾਰਨ ਲੋਕਾਂ ਵਿਚ ਭਾਰੀ ਸੋਗ ਹੈ। ਭਾਰਤੀ-ਅਮਰੀਕੀ ਪੁਲਿਸ ਅਧਿਕਾਰੀ (42) ਧਾਲੀਵਾਲ ਉਸ ਵੇਲੇ ਰਾਸ਼ਟਰੀ ਸੁਰਖੀਆਂ ਵਿਚ ਆਏ ਜਦੋਂ ਉਨ੍ਹਾਂ ਨੂੰ ਦਾੜ੍ਹੀ ਤੇ ਪੱਗ ਬੰਨ੍ਹ ਕੇ ਨੌਕਰੀ ਕਰਨ ਦੀ ਆਗਿਆ ਦਿਤੀ ਗਈ ਸੀ।

ਸ਼ੁਕਰਵਾਰ ਨੂੰ ਹਿਊਸਟਨ ਦੇ ਉਤਰ-ਪੱਛਮ ਵਿਚ ਮਿਡ-ਡੇਅ ਟ੍ਰੈਫ਼ਿਕ ਸਟਾਪ ਦੌਰਾਨ ਉਨ੍ਹਾਂ ਨੂੰ ਗੋਲੀ ਮਾਰ ਦਿਤੀ ਗਈ ਸੀ। ਸਿੱਖ ਨੈਸ਼ਨਲ ਸੈਂਟਰ ਨੇ ਸੋਮਵਾਰ ਨੂੰ ਅਖੰਡ ਪਾਠ ਆਰੰਭ ਕੀਤਾ ਤੇ ਬੁਧਵਾਰ ਨੂੰ ਇਸ ਦੀ ਸਮਾਪਤੀ ਹੋਵੇਗੀ। ਉਮੀਦ ਹੈ ਕਿ ਹਜ਼ਾਰਾਂ ਲੋਕ ਬੁਧਵਾਰ ਨੂੰ ਹਿਊਸਟਨ ਦੇ ਬੇਰੀ ਸੈਂਟਰ ਧਾਲੀਵਾਲ ਦੇ ਅੰਤਮ ਸਸਕਾਰ ਵਿਚ ਇਕੱਠੇ ਹੋਣਗੇ। ਸਮਾਗਮ ਦੀ ਸ਼ੁਰੂਆਤ ਵਿਚ ਇਕ ਘੰਟੇ ਦੀ ਸਿੱਖ ਅਰਦਾਸ ਕੀਤੀ ਜਾਵੇਗੀ ਜਿਸ ਤੋਂ ਬਾਅਦ ਹੈਰਿਸ ਕਾਊਂਟੀ ਸ਼ੈਰਿਫ਼ ਦੇ ਦਫ਼ਤਰ ਦੀ ਅਗਵਾਈ ਵਿਚ ਇਕ ਸਮਾਗਮ ਹੋਵੇਗਾ। ਇਸ ਤੋਂ ਬਾਅਦ ਅੰਤਮ ਸਸਕਾਰ ਦੀਆਂ ਰਸਮਾਂ ਸਥਾਨਕ ਗੁਰਦਵਾਰੇ ਵਿਖੇ ਹੋਣਗੀਆਂ।

ਸੰਦੀਪ ਸਿੰਘ ਧਾਲੀਵਾਲ ਦਾ ਸਸਕਾਰ ਸਿੱਖ ਰਸਮਾਂ ਮੁਤਾਬਕ ਦੁਪਹਿਰ ਬਾਅਦ ਸਥਾਨਕ ਅੰਤਮ ਸਸਕਾਰ ਘਰ ਵਿਖੇ ਕੀਤਾ ਜਾਵੇਗਾ ਤੇ ਅੰਤਮ ਅਰਦਾਸ ਸਿੱਖ ਨੈਸ਼ਨਲ ਸੈਂਟਰ ਵਿਖੇ ਕੀਤੀ ਜਾਵੇਗੀ। ਮ੍ਰਿਤਕ ਅਧਿਕਾਰੀ ਦੇ ਪਰਵਾਰ ਨਾਲ ਵਾਪਰੀ ਇਸ ਦੁਖਦ ਘਟਨਾ 'ਤੇ ਉਸ ਦੇ ਤਿੰਨ ਬੱਚਿਆਂ ਦੀ ਸਿਖਿਆ ਲਈ ਛੇ ਲੱਖ ਅਮਰੀਕੀ ਡਾਲਰ ਤੋਂ ਵਧੇਰੇ ਫ਼ੰਡ ਇਕੱਠਾ ਕੀਤਾ ਗਿਆ ਹੈ। ਧਾਲੀਵਾਲ ਤੋਂ ਬਾਅਦ ਉਨ੍ਹਾਂ ਦੇ ਪਰਵਾਰ ਵਿਚ ਉਨ੍ਹਾਂ ਦੀ ਪਤਨੀ ਹਰਵਿੰਦਰ ਕੌਰ ਧਾਲੀਵਾਲ, ਦੋ ਬੇਟੀਆਂ ਅਤੇ ਇਕ ਬੇਟਾ ਹੈ। ਧਾਲੀਵਾਲ ਦੇ ਪਰਵਾਰ ਲਈ ਵੱਖ-ਵੱਖ ਸੰਸਥਾਵਾਂ ਵਲੋਂ ਦਿਲ ਖੋਲ੍ਹ ਕੇ ਮਦਦ ਕੀਤੀ ਜਾ ਰਹੀ ਹੈ।            

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।