ਮਿਸਾਲ ਬਣਿਆ ਪੰਜਾਬ ਦੇ ਕਿਸਾਨਾਂ ਦਾ 'ਸ਼ਾਂਤਮਈ ਸੰਘਰਸ਼', ਹੋਣ ਲੱਗੇ ਤੁਲਨਾਮਿਕ ਅਧਿਐਨ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੀਤੇ ਸਮੇਂ ਦੌਰਾਨ ਦੇਸ਼ ਭਰ 'ਚ ਵਾਪਰੀਆਂ ਸੰਘਰਸ਼ੀ-ਘਟਨਾਵਾਂ ਨਾਲ ਹੋਣ ਲੱਗੀ ਤੁਲਨਾ

BJP Leaders & Farmers

ਚੰਡੀਗੜ੍ਹ : ਪੰਜਾਬ ਅੰਦਰ ਕਿਸਾਨਾਂ ਦਾ ਲਗਾਤਾਰ ਚੱਲ ਰਿਹਾ ਸੰਘਰਸ਼ ਅੱਜ 33ਵੇਂ ਦਿਨ 'ਚ ਪਹੁੰਚ ਚੁੱਕਾ ਹੈ। ਪਹਿਲੀ ਅਕਤੂਬਰ ਨੂੰ ਸ਼ੁਰੂ ਹੋਏ ਇਸ ਸੰਘਰਸ਼ ਨੇ ਕਈ ਮਿਸਾਲਾਂ ਕਾਇਮ ਕੀਤੀਆਂ ਹਨ। ਖ਼ਾਸ ਕਰ ਕੇ ਭਾਜਪਾ ਆਗੂਆਂ ਦੇ ਭੜਕਾਊਂ ਬਿਆਨਾਂ ਅਤੇ ਕੇਂਦਰ ਦੇ ਅੜੀਅਲ ਰਵੱਈਏ ਦੇ ਬਾਵਜੂਦ ਸ਼ਾਂਤਮਈ ਤਰੀਕੇ ਨਾਲ ਚੱਲ ਸੰਘਰਸ਼ ਨੇ ਸੱਭ ਦਾ ਧਿਆਨ ਖਿੱਚਿਆ ਹੈ। ਰੇਲ ਰੋਕੋ ਅੰਦੋਲਨ ਨੂੰ ਕੋਲੇ ਅਤੇ ਖਾਦਾਂ ਦੀ ਸਪਲਾਈ 'ਤੇ ਅਸਰ ਦੇ ਮੱਦੇਨਜ਼ਰ ਕਿਸਾਨ ਅਧਵਾਟੇ ਰੋਕ ਚੁੱਕੇ ਹਨ। ਇਸ ਦੇ ਬਾਵਜੂਦ ਕੇਂਦਰ ਸਰਕਾਰ ਨੇ ਇਕਾ-ਦੁਕਾਂ ਥਾਵਾਂ 'ਤੇ ਰੋਕਾਂ ਦਾ ਬਹਾਨਾ ਬਣਾ ਕੇ ਪੰਜਾਬ ਅੰਦਰ ਰੇਲਾਂ 'ਤੇ ਪੂਰਨ ਰੋਕ ਲਗਾ ਦਿਤੀ ਹੈ।

ਕੇਂਦਰ ਸਰਕਾਰ ਨਿੱਤ ਨਵੇਂ ਫੁਰਮਾਨ ਜਾਰੀ ਕਰ ਕੇ ਕਿਸਾਨਾਂ ਨੂੰ ਭੜਕਾਉਣ 'ਚ ਕੋਈ ਕਸਰ ਨਹੀਂ ਛੱਡ ਰਹੀ। ਕਦੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਕਿਸਾਨ ਮੰਨਣ ਤੋਂ ਇਨਕਾਰ ਕਰ ਦਿਤਾ ਜਾਂਦਾ ਹੈ, ਕਦੇ ਸੰਘਰਸ਼ੀ ਧਿਰਾਂ ਨੂੰ ਨਕਸਲਵਾਦ ਨਾਲ ਜੋੜ ਕੇ ਭੰਡਣ ਦੀ ਕੋਸ਼ਿਸ਼ ਹੁੰਦੀ ਹੈ। ਸੰਘਰਸ਼ 'ਚ ਹਿੱਸਾ ਲੈਣ ਦੌਰਾਨ ਦਰਜਨ ਦੇ ਕਰੀਬ ਕਿਸਾਨ ਅਪਣੀ ਜਾਨ ਗੁਆ ਚੁੱਕੇ ਹਨ। ਇਸ ਦੇ ਬਾਵਜੂਦ ਸ਼ਾਂਤਮਈ ਜ਼ਾਬਤੇ ਦੀ ਮਿਸਾਲ ਕਾਇਮ ਕਰਨਾ ਵਾਕਈ ਕਾਬਲੇਤਾਰੀਫ਼ ਹੈ। ਇਹੀ ਵਜ੍ਹਾ ਹੈ ਕਿ ਵੱਡੀਆਂ ਔਕੜਾ ਦੇ ਬਾਵਜੂਦ ਕਿਸਾਨੀ ਸੰਘਰਸ਼ ਦੀ ਤਾਕਤ ਦਿਨੋਂ ਦਿਨ ਵਧਦੀ ਜਾ ਰਹੀ ਹੈ।

ਪੰਜਾਬ ਸਮੇਤ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਚੱਲ ਰਹੇ ਕਿਸਾਨੀ ਸੰਘਰਸ਼ 'ਤੇ ਤਿਰਛੀ ਨਜ਼ਰ ਰੱਖਣ ਵਾਲੀਆਂ ਧਿਰਾਂ ਹੁਣ ਪਿਛਲੇ ਸਮੇਂ ਦੌਰਾਨ ਹੋਏ ਘੋਲਾਂ ਅਤੇ ਕਿਸਾਨੀ ਸੰਘਰਸ਼ ਦਾ ਤੁਲਨਾਤਮਿਕ ਅਧਿਐਨ ਕਰਨ ਲੱਗੀਆਂ ਹਨ। ਪਿਛਲੇ ਸਮੇਂ ਦੌਰਾਨ ਹਰਿਆਣਾ 'ਚ ਚੱਲੇ ਜਾਟ ਭਾਈਚਾਰੇ ਦੇ ਸੰਘਰਸ਼ ਦੌਰਾਨ ਵਾਪਰੀਆਂ ਸਾੜ-ਫੂਕ ਅਤੇ ਬਲਾਤਕਾਰ ਵਰਗੀਆਂ ਘਟਨਾਵਾਂ ਨੇ ਦੇਸ਼ ਨੂੰ ਹਲੂਣ ਕੇ ਰੱਖ ਦਿਤਾ ਸੀ। ਦੇਸ਼ ਦੇ ਵੱਖ-ਵੱਖ ਹਿੱਸਿਆਂ ਅੰਦਰ ਚੱਲੇ ੇਸੰਘਰਸ਼ਾਂ ਦੌਰਾਨ ਜਾਨ-ਮਾਲ ਦੇ ਹੁੰਦੇ ਰਹੇ ਵੱਡੇ ਨੁਕਸਾਨਾਂ ਨੂੰ ਵੀ ਲੋਕ ਅਜੇ ਭੁੱਲੇ ਨਹੀਂ ਹਨ।

ਰਾਜਸਥਾਨ 'ਚ ਅੱਜ ਮੁੜ ਸ਼ੁਰੂ ਹੋਏ ਗੁੱਜਰ ਭਾਈਚਾਰੇ ਦੇ ਅੰਦੋਲਨ ਨੇ ਵੀ ਧਿਆਨ ਖਿੱਚਿਆ ਹੈ। ਗੁੱਜਰ ਭਾਈਚਾਰੇ ਵਲੋਂ ਦਿੱਲੀ-ਮੁੰਬਈ ਰੇਲ ਮਾਰਗ ਠੱਪ ਕਰ ਦਿਤਾ ਗਿਆ ਹੈ। ਸੰਘਰਸ਼ ਦੇ ਪਹਿਲੇ ਹੀ ਦਿਨ ਰੇਲ ਪਟੜੀਆਂ ਨੂੰ ਉਖਾੜਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਸੂਤਰਾਂ ਮੁਤਾਬਕ ਰਾਜਸਥਾਨ ਦੇ ਭਰਤਪੁਰ ਦੇ ਪਿੰਡ ਪੀਲਪੁਰਾ ਵਿਚੋਂ ਲੰਘਦਾ ਮੁੰਬਈ-ਦਿੱਲੀ ਰੇਲ ਮਾਰਗ ਇਕ ਵਾਰ ਫਿਰ ਗੁੱਜਰ ਅੰਦੋਲਨ ਦੀ ਲਪੇਟ ਵਿਚ ਆ ਗਿਆ ਹੈ। ਭਰਤਪੁਰ ਤੋਂ ਦਿੱਲੀ-ਮੁੰਬਈ ਰੇਲ ਮਾਰਗ 'ਤੇ ਜਾਣ ਵਾਲੀਆਂ ਰੇਲ ਗੱਡੀਆਂ ਨੂੰ ਗੁੱਜਰ ਅੰਦੋਲਨ ਕਾਰਨ ਮੋੜਨਾ ਪਿਆ ਹੈ। ਸੰਘਰਸ਼ ਦੇ ਮੱਦੇਨਜ਼ਰ ਭਰਤਪੁਰ ਜ਼ਿਲ੍ਹੇ ਵਿਚ ਇੰਟਰਨੈੱਟ ਸੇਵਾ ਬੰਦ ਕਰ ਦਿਤੀ ਗਈ ਹੈ।

ਕਿਸਾਨੀ ਸੰਘਰਸ਼ ਦੀ ਸ਼ਾਂਤਮਈ ਦਿਸ਼ਾ ਦੇ ਬਦਲਣ ਸਬੰਧੀ ਕਿਆਫ਼ੇ ਲੱਗਦੇ ਰਹੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕਈ ਆਗੂ ਇਸ ਸਬੰਧੀ ਚਿਤਾਵਨੀ ਦੇ ਚੁੱਕੇ ਹਨ। ਪੰਜਾਬ ਅੰਦਰ ਖਾਲਿਸਤਾਨੀ ਝੰਡੇ ਲਹਿਰਾਉਣ ਅਤੇ ਨਾਅਰੇ ਲਿਖਣ ਦੀਆਂ ਘਟਨਾਵਾਂ ਵੀ ਵਾਪਰ ਰਹੀਆਂ ਹਨ। ਸ਼ਾਂਤਮਈ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਲੀਂਹ ਤੋਂ ਭੜਕਾਉਣ 'ਚ ਜੁਟੀਆਂ ਧਿਰਾਂ ਅਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੀਆਂ। ਦੇਸ਼ ਵੰਡ ਸਮੇਂ ਤੋਂ ਇਲਾਵਾ ਅੱਸੀ ਦੇ ਦਹਾਕੇ ਦੌਰਾਨ ਵਾਪਰੀਆਂ ਘਟਨਾਵਾਂ ਤੋਂ ਸਬਕ ਸਿੱਖਣ ਦੀ ਲੋੜ ਹੈ। ਮਾਹੌਲ ਦੀ ਨਾਜ਼ੁਕਤਾ ਨੂੰ ਵੇਖਦਿਆਂ ਕਿਸਾਨੀ ਮਸਲੇ ਦਾ ਤੁਰੰਤ ਹੱਲ ਲੱਭੇ ਜਾਣਾ ਸਮੇਂ ਦੀ ਮੁਖ ਮੰਗ ਹੈ।