"ਜੇ ਤੁਸੀਂ ਕੇਦਾਰਨਾਥ ਜਾ ਕੇ ਜੱਫੀ ਪਾ ਸਕਦੇ ਹੋ ਤਾਂ ਲੋਕਾਂ ਨੂੰ ਵੀ ਦਿਖਾਓ ਕਿ ਤੁਸੀਂ ਇਕੱਠੇ ਹੋ"

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਜੇਕਰ ਉਹ ਕੇਦਾਰਨਾਥ ਜਾ ਕੇ ਇਕੱਠੇ ਹੋ ਸਕਦੇ ਹਨ ਤਾਂ ਪੰਜਾਬ ਵਿਚ ਇਹ ਇਕਜੁੱਟਤਾ ਕਿਉਂ ਨਹੀਂ ਦਿਖਾਉਂਦੇ।

Congress MP Ravneet Singh Bitt

ਚੰਡੀਗੜ੍ਹ (ਲੰਕੇਸ਼ ਤ੍ਰਿਖਾ): ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੇਦਾਰਨਾਥ ਫੇਰੀ ਸਬੰਧੀ ਅਪਣੇ ਟਵੀਟ ਬਾਰੇ ਰੋਜ਼ਾਨਾ ਸਪੋਕਸਮੈਨ ਨਾ ਗੱਲ ਕਰਦਿਆਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਜੇਕਰ ਉਹ ਕੇਦਾਰਨਾਥ ਜਾ ਕੇ ਇਕੱਠੇ ਹੋ ਸਕਦੇ ਹਨ ਤਾਂ ਪੰਜਾਬ ਵਿਚ ਇਹ ਇਕਜੁੱਟਤਾ ਕਿਉਂ ਨਹੀਂ ਦਿਖਾਉਂਦੇ। ਰਵਨੀਤ ਬਿੱਟੂ ਨੇ ਕਿਹਾ ਕਿ ਜਦੋਂ ਕੋਈ ਆਮ ਬੰਦਾ ਸਵਾਲ ਕਰਦਾ ਹੈ ਤਾਂ ਪਾਰਟੀ ਵਿਚ ਬਹੁਤ ਜਲਦੀ ਐਕਸ਼ਨ ਲਿਆ ਜਾਂਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਪਾਰਟੀ ਦੇ ਜਨਰਲ ਸਕੱਤਰ ਜਾਂ ਪਾਰਟੀ ਦੇ ਹੋਰ ਅਦਾਰਿਆਂ ਕੋਲ ਗੱਲ ਕਰੋ।

ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਜਦੋਂ ਇਕ ਹਫਤਾ ਪਹਿਲਾਂ ਕਿਹਾ ਸੀ ਕਿ ਪੰਜਾਬ ਵਿਚ ਖਜ਼ਾਨੇ ਦੀ ਕਮੀਂ ਨਹੀਂ ਹੈ ਤਾਂ ਉਹਨਾਂ ਦੇ ਨਾਲ ਵਿੱਤ ਮੰਤਰੀ ਵੀ ਮੌਜੂਦ ਸਨ। ਦੂਜੇ ਪਾਸੇ ਸੂਬਾ ਕਾਂਗਰਸ ਪ੍ਰਧਾਨ ਕਾਂਗਰਸ ਭਵਨ ਵਿਚ ਕਹਿੰਦੇ ਹਨ ਕਿ ‘ਕੌਣ ਕਹਿੰਦਾ ਹੈ ਕਿ ਖਜ਼ਾਨੇ ਭਰੇ ਹੋਏ ਹਨ”। ਸੰਸਦ ਮੈਂਬਰ ਰਵਨੀਤ ਬਿੱਟੂ ਨੇ ਕਿਹਾ ਕਿ ਪੰਜਾਬ ਜਾਂ ਦੇਸ਼ ਦਾ ਖਜ਼ਾਨਾ ਨੇ ਲੋਕਾਂ ਲਈ ਨਹੀਂ ਹੈ ਤਾਂ ਇਸ ਨੂੰ ਕਿਸ ਲਈ ਵਰਤਿਆ ਜਾਵੇਗਾ। ਇਸ ਤਰ੍ਹਾਂ ਦਾ ਬਿਆਨ ਦੇਣ ਲਈ ਪਾਰਟੀ ਨੂੰ ਸਵਾਲ ਪੁੱਛਣਾ ਚਾਹੀਦਾ ਹੈ।

ਸੀਐਮ ਚੰਨੀ ਅਤੇ ਨਵਜੋਤ ਸਿੱਧੂ ਦੀ ਕੇਦਾਰਨਾਥ ਫੇਰੀ ਬਾਰੇ ਉਹਨਾਂ ਕਿਹਾ ਕਿ ਕੇਦਾਰਨਾਥ ਦੇ ਦਰਸ਼ਨ ਭਾਗਾਂ ਵਾਲਿਆਂ ਨੂੰ ਮਿਲਦੇ ਹਨ। ਜੇ ਤੁਸੀਂ ਉੱਥੇ ਦਾ ਕੇ ਜੱਫੀਆਂ ਪਾਉਂਦੇ ਹੋ ਜਾਂ ਦਿੱਲੀ ਜਾ ਕੇ ਵੀ ਮੀਟਿੰਗਾਂ ਕਰ ਲੈਂਦੇ ਹੋ ਤਾਂ ਬਾਹਰ ਕੀ ਹੋ ਜਾਂਦਾ। ਪੰਜਾਬ ਦੇ ਲੋਕਾਂ ਨੂੰ ਦਿਖਾਓ ਕਿ ਤੁਸੀਂ ਇਕੱਠੇ ਹੋ। ਲੋਕ ਵੀ ਇਹੀ ਦੇਖਣਾ ਚਾਹੁੰਦੇ ਨੇ। ਲੋਕ ਰੋਜ਼-ਰੋਜ਼ ਇਹ ਗੱਲਾਂ ਦੇਖ ਕੇ ਅੱਕ ਚੁੱਕੇ ਹਨ। ਇਹ ਪਾਰਟੀ ਹਾਈ ਕਮਾਂਡ ਦੀ ਜ਼ਿੰਮੇਵਾਰੀ ਬਣਦੀ ਹੈ।

ਰਵਨੀਤ ਬਿੱਟੂ ਨੇ ਕਿਹਾ ਕਿ ਕਈ ਲੋਕ ਅਜਿਹੇ ਹਨ ਜਿਨ੍ਹਾਂ ਦੀਆਂ ਤਿੰਨ-ਤਿੰਨ ਪੀੜੀਆਂ ਨੇ ਪਾਰਟੀ ਲਈ ਕੁਰਬਾਨੀਆਂ ਦਿੱਤੀਆਂ ਹਨ। ਉਹ ਵੀ ਬੈਠੇ ਹਨ। ਅਸੀਂ ਪਾਰਟੀ ਦਾ ਕਿੰਨਾ ਕੁ ਨੁਕਸਾਨ ਦੇਖੀ ਜਾਈਏ। ਰਵਨੀਤ ਬਿੱਟੂ ਨੇ ਪੁੱਛਿਆ ਕਿ ਚੰਨੀ ਸਾਬ੍ਹ ਨਵੇਂ ਬੰਦੇ ਕਿੱਥੋਂ ਲੈ ਆਉਣ। ਉਹਨਾਂ ਕਿਹਾ ਪਾਰਟੀ ਪ੍ਰਧਾਨ ਬਾਹਰੋਂ ਲੈ ਤਾਂ ਆਈ ਹੈ, ਹੋਰ ਕਿੰਨੇ ਕੁ ਲੋਕ ਬਾਹਰੋਂ ਲੈ ਆਈਏ। ਕਾਂਗਰਸ ਸੰਸਦ ਮੈਂਬਰ ਨੇ ਕਿਹਾ ਕਿ ਉਹ ਸਿਰਫ ਹਾਈਕਮਾਂਡ ਕੋਲੋਂ ਜਵਾਬ ਚਾਹੁੰਦੇ ਹਨ। ਸਾਰਾ ਪੰਜਾਬ ਦੇਖ ਰਿਹਾ ਸੀ ਇਕ ਪਾਸੇ ਐਨੇ ਵੱਡੇ ਐਲਾਨ ਹੋ ਰਹੇ ਸਨ ਤਾਂ ਦੂਜੇ ਪਾਸੇ ਅਸੀਂ ਰੰਗ ਵਿਚ ਭੰਗ ਪਾ ਰਹੇ ਹਾਂ।

ਉਹਨਾਂ ਕਿਹਾ ਕਿ ਦੇਸ਼ ਵਿਚ ਕਾਂਗਰਸ ਲਈ ਵਧੀਆ ਮਾਹੌਲ ਬਣਦਾ ਜਾ ਰਿਹਾ ਹੈ, ਇਸ ਲਈ ਸਾਨੂੰ ਇਹਨਾਂ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਨਵਜੋਤ ਸਿੱਧੂ ਵਿਚ ਕੋਈ ਗੱਲ ਸੀ, ਇਸੇ ਲਈ ਉਹਨਾਂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਲਾਇਆ ਗਿਆ ਹੈ। ਹੁਣ ਇਹ ਜਵਾਕਾਂ ਵਾਲੀ ਜਿੱਦ ਹੈ ਕਿ ਏਜੀ ਬਦਲੋ ਜਾਂ ਕੋਈ ਹੋਰ ਬਦਲੋ। ਉਹਨਾਂ ਕਿਹਾ ਕਿ ਏਜੀ ਵਲੋਂ ਨਸ਼ਿਆਂ ਦੇ ਮਾਮਲੇ ਵਿਚ ਰਿਪੋਰਟ ਖੁਲਵਾਈ ਜਾ ਰਹੀ ਹੈ। ਅਗਲੀ ਤਰੀਕ ਵੀ ਤੈਅ ਕੀਤੀ ਗਈ ਹੈ। ਜੇ ਨਵਾ ਏਜੀ ਆਵੇਗਾ ਤਾਂ ਕੋਡ ਲਾਗੂ ਹੋਵੇਗਾ। ਕੱਲ ਨੂੰ ਤਾਂ ਕੋਈ ਵੀ ਰੁੱਸ ਕੇ ਬੈਠ ਜਾਵੇਗਾ। ਜੇ ਤੁਸੀਂ ਪੰਜਾਬ ਹਿਤੈਸ਼ੀ ਹੋ ਤਾਂ ਪੰਜਾਬ ਹਿਤੈਸ਼ੀ ਗੱਲਾਂ ਵੀ ਕਰੋ। ਉਹਨਾ ਕਿਹਾ ਕਿ ਬੀਤੇ ਦਿਨ ਜਦੋਂ ਮੁੱਖ ਮੰਤਰੀ ਪੰਜਾਬ ਲਈ ਵੱਡੇ ਐਲਾਨ ਕਰ ਰਹੇ ਸਨ ਤਾਂ ਉਹਨਾਂ ਨਾਲ ਪਾਰਟੀ ਪ੍ਰਧਾਨ ਵੀ ਬੈਠੇ ਹੋਣੇ ਚਾਹੀਦੇ ਸਨ, ਇਸ ਨਾਲ ਇਕ ਵੱਡਾ ਸੁਨੇਹਾ ਜਾਂਦਾ। ਤੁਸੀਂ ਦੂਜੇ ਪਾਸੇ ਕਹਿ ਰਹੇ ਸੀ ਕਿ ਸਾਡੇ ਤਾਂ ਖਜ਼ਾਨੇ ਖਾਲੀ ਹਨ।

ਰਵਨੀਤ ਬਿੱਟੂ ਨੇ ਕਿਹਾ ਇਹਨਾਂ ਨੂੰ ਪ੍ਰੋਗਰਾਮ ਜਾਂ ਰੈਲੀਆਂ ਕਰਨੀਆਂ ਚਾਹੀਦੀਆਂ ਹਨ, ਹਰ ਜ਼ਿਲ੍ਹੇ ਦੇ ਵਰਕਰ ਅਤੇ ਪਾਰਟੀ ਦਫਤਰ ਉਡੀਕ ਰਹੇ ਹਨ। ਲੋਕ ਕਾਂਗਰਸ ਨੂੰ ਵੋਟਾਂ ਪਾਉਣ ਲਈ ਤਿਆਰ ਹਨ। ਪਾਰਟੀ ਲਈ ਸੁਨਹਿਰੀ ਮੌਕਾ ਹੈ ਕਿ ਸਾਂਝੇ ਤੌਰ ’ਤੇ ਪ੍ਰੋਗਰਾਮ ਉਲੀਕੇ ਜਾਣ। 2022 ਦੀਆਂ ਚੋਣਾਂ ਦੀ ਅਗਵਾਈ ਬਾਰੇ ਸੰਸਦ ਮੈਂਬਰ ਬਿੱਟੂ ਨੇ ਕਿਹਾ ਕਿ ਇਸ ਵੇਲੇ ਮੁੱਖ ਮੰਤਰੀ ਚੰਨੀ ਕੰਮ ਕਰ ਰਹੇ ਹਨ, ਲੋਕ ਉਹਨਾਂ ਨੂੰ ਦੇਖ ਕੇ ਖੁਸ਼ ਹਨ। ਜਦੋਂ ਸਿੱਧੂ ਬਾਹਰ ਆਉਣਗੇ ਤਾਂ ਲੋਕ ਉਹਨਾਂ ਨੂੰ ਦੇਖ ਕੇ ਖੁਸ਼ ਹੋਣਗੇ। ਤਿੰਨ ਮਹੀਨੇ ਬਾਕੀ ਹਨ ਹੁਣ ਬਾਹਰ ਤਾਂ ਨਿਕਲਣਾ ਪਵੇਗਾ।