ਅਸੀਂ ਰਾਹੁਲ ਦੇ ਸਿਪਾਹੀ ਹਾਂ ਮੁੱਖ ਮੰਤਰੀ ਦੇ ਨਹੀਂ : ਨਵਜੋਤ ਕੌਰ ਸਿੱਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿੱਧੂ ਦੀ ਪਾਕਿਸਤਾਨ ਯਾਤਰਾ ਤੋਂ ਬਾਅਦ ਪੰਜਾਬ ਸਰਕਾਰ ਵਿਚ ਆਪਸੀ ਵਿਵਾਦ ਨਜ਼ਰ ਆ ਰਿਹਾ ਹੈ। ਇਕ ਪੱਤਰਕਾਰ ਨਾਲ ਗੱਲਬਾਤ ਵਿਚ...

Navjot Kaur Sidhu

ਅੰਮ੍ਰਿਤਸਰ (ਸਸਸ) : ਸਿੱਧੂ ਦੀ ਪਾਕਿਸਤਾਨ ਯਾਤਰਾ ਤੋਂ ਬਾਅਦ ਪੰਜਾਬ ਸਰਕਾਰ ਵਿਚ ਆਪਸੀ ਵਿਵਾਦ ਨਜ਼ਰ ਆ ਰਿਹਾ ਹੈ। ਇਕ ਪੱਤਰਕਾਰ ਨਾਲ ਗੱਲਬਾਤ ਵਿਚ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਕਿਹਾ, “ਅਸੀਂ ਰਾਹੁਲ ਗਾਂਧੀ ਦੇ ਸਿਪਾਹੀ ਹਾਂ, ਅਸੀ ਇਥੇ ਮੁੱਖ ਮੰਤਰੀ ਦੇ ਸਿਪਾਹੀ ਨਹੀਂ ਹਾਂ। ਅਸੀ ਸੱਚੇ ਕਾਂਗਰਸੀ ਹਾਂ।” ਕਰਤਾਰਪੁਰ ਲਾਂਘੇ ਦੀ ਉਸਾਰੀ ਲਈ ਨੀਂਹ ਪੱਥਰ ਸਮਾਰੋਹ ਵਿਚ ਸ਼ਾਮਿਲ ਹੋਣ ਲਈ ਪਾਕਿਸਤਾਨ ਜਾਣ ਨੂੰ ਲੈ ਕੇ ਕਾਂਗਰਸ ਨੇਤਾ ਅਤੇ ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਵਿਵਾਦਾਂ ਵਿਚ ਹਨ।

ਭਾਰਤ ਵਿਚ ਰੱਖੇ ਗਏ ਨੀਂਹ ਪੱਥਰ ਦੇ ਸਮੇਂ ਮੌਜੂਦ ਨਾ ਹੋਣ ਅਤੇ ਪਾਕਿਸਤਾਨ ਜਾਣ ਦੇ ਮਸਲੇ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਦਾ ਨਿਜੀ ਵਿਚਾਰ ਦੱਸਿਆ ਸੀ। ਸਿੱਧੂ ਨੇ ਜਵਾਬ ਦਿਤਾ ਸੀ ਕਿ ਉਹ ਕੈਪਟਨ ਦੇ ਵੀ ਕੈਪਟਨ ਰਾਹੁਲ ਗਾਂਧੀ ਦੇ ਕਹਿਣ ਉਤੇ ਗਏ ਸਨ। ਸ਼ਨਿਚਰਵਾਰ ਨੂੰ ਇਸ ਬਿਆਨ ਤੋਂ ਸਿੱਧੂ ਪਲਟ ਗਏ। ਉਨ੍ਹਾਂ ਨੇ ਟਵੀਟ ਕਰਕੇ ਇਸ ਗੱਲ ਤੋਂ ਮਨ੍ਹਾ ਕੀਤਾ ਹੈ।

ਦਰਅਸਲ, ਨਵਜੋਤ ਸਿੰਘ ਸਿੱਧੂ ਪਾਕਿਸਤਾਨ ਜਾਣ ਅਤੇ ਫਿਰ ਉਥੇ ਖ਼ਾਲਿਸਤਾਨੀ ਗੋਪਾਲ ਸਿੰਘ ਚਾਵਲਾ ਦੇ ਨਾਲ ਇਕ ਫੋਟੋ ਵਿਚ ਨਜ਼ਰ ਆਉਣ ਤੋਂ ਬਾਅਦ ਵਿਵਾਦਾਂ ਵਿਚ ਹਨ। ਇਕ ਪ੍ਰੈੱਸ ਕਾਨਫਰੰਸ ਵਿਚ ਪੁੱਛੇ ਗਏ ਪ੍ਰਸ਼ਨ ਦਾ ਜਵਾਬ ਦਿੰਦੇ ਹੋਏ ਸਿੱਧੂ ਕਿਹਾ, ਮੇਰੇ ਕੈਪਟਨ ਰਾਹੁਲ ਗਾਂਧੀ ਹਨ। ਉਨ੍ਹਾਂ ਨੇ ਜਿੱਥੇ ਜ਼ਰੂਰਤ ਹੋਈ, ਮੈਨੂੰ ਹਰ ਜਗ੍ਹਾ ਭੇਜਿਆ ਹੈ।  ਇਸ ਤੋਂ ਬਾਅਦ ਦੇਰ ਰਾਤ ਇਕ ਟਵੀਟ ਕੀਤਾ ਅਤੇ ਲਿਖਿਆ, ਰਾਹੁਲ ਗਾਂਧੀ ਜੀ ਨੇ ਮੈਨੂੰ ਕਦੇ ਵੀ ਪਾਕਿਸਤਾਨ ਜਾਣ ਲਈ ਨਹੀਂ ਕਿਹਾ ਸੀ, ਗਲਤ ਬਿਆਨ ਕਰਨ ਤੋਂ ਪਹਿਲਾਂ ਅਪਣੀ ਜਾਣਕਾਰੀ ਠੀਕ ਕਰ ਲਓ।