ਰੇਲ ਹਾਦਸਾ ਮਾਮਲੇ ‘ਚ ਨਵਜੋਤ ਕੌਰ ਸਿੱਧੂ ਹੋਈ ਨਿਰਦੋਸ਼ ਸਾਬਤ, ਮਿਲੀ ਕਲੀਨ ਚਿੱਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੰਮ੍ਰਿਤਸਰ ਰੇਲ ਹਾਦਸੇ ਦੀ ਜਾਂਚ ਕਰ ਰਹੇ ਜਲੰਧਰ ਡਵੀਜਨ ਦੇ ਕਮਿਸ਼ਨਰ ਬੀ. ਪੁਰਸ਼ਾਰਥ ਨੇ ਅਪਣੀ ਰਿਪੋਰਟ ਸਰਕਾਰ ਨੂੰ ਸੌਂਪ ਦਿਤੀ ਲਲਲਲ

Navjot Kaur Sidhu

ਚੰਡੀਗੜ੍ਹ (ਪੀਟੀਆਈ) : ਅੰਮ੍ਰਿਤਸਰ ਰੇਲ ਹਾਦਸੇ ਦੀ ਜਾਂਚ ਕਰ ਰਹੇ ਜਲੰਧਰ ਡਵੀਜਨ ਦੇ ਕਮਿਸ਼ਨਰ ਬੀ. ਪੁਰਸ਼ਾਰਥ ਨੇ ਅਪਣੀ ਰਿਪੋਰਟ ਸਰਕਾਰ ਨੂੰ ਸੌਂਪ ਦਿਤੀ ਹੈ। 300 ਪੇਜ਼ ਦੀ ਰਿਪੋਰਟ 150 ਗਵਾਹਾਂ ‘ਤੇ ਅਧਾਰਿਤ ਹੈ ਪਰ ਇਸ ਵਿਚ ਹਾਦਸੇ ਲਈ ਕਿਸੇ ਨੂੰ ਜਿੰਮੇਵਾਰ ਨਹੀਂ ਠਹਿਰਾਇਆ ਗਿਆ। ਭਵਿੱਖ ‘ਚ ਅਜਿਹਾ ਕੋਈ ਹਾਦਸਾ ਨਾ ਹੋਵੇ ਇਸ ਲਈ ਰਿਪੋਰਟ ‘ਚ ਨਿਯਮ ਬਣਾਉਣ ਅਤੇ ਮੌਜੂਦਾ ਕਮੀਆਂ ਨੂੰ ਦੂਰ ਕਰਨ ਦੀ ਸਲਾਹ ਦਿਤੀ ਗਈ ਹੈ। ਪੁਰਸ਼ਾਰਥ ਨੇ ਰਿਪੋਰਟ ਪੰਜਾਬ ਸਰਕਾਰ ਨੂੰ ਸੌਂਪ ਦਿਤੀ ਹੈ। ਹੁਣ ਪੰਜਾਬ ਸਰਕਾਰ ਇਸ ਰਿਪੋਰਟ ਦਾ ਅਧਿਐਨ ਕਰਨ ਤੋਂ ਬਾਅਦ ਅਗਲੀ ਕਾਰਵਾਈ ਕਰੇਗੀ।

ਅੰਮ੍ਰਿਤਸਰ ਵਿਚ 19 ਅਕਤੂਬਰ ਨੂੰ ਦੁਸ਼ਹਿਰੇ ਵਾਲੇ ਦਿਨ ਰਾਵਣ ਦਹਿਨ ਪ੍ਰੋਗਰਾਮ ਨੂੰ ਰੇਲ ਟ੍ਰੈਕ ‘ਤੇ ਖੜ੍ਹੇ ਹੋ ਕੇ ਦੇਖ ਰਹੇ ਲੋਕਾਂ ਨੂੰ ਤੇਜ਼ ਰਫ਼ਤਾਰ ਡੀ.ਐਮ.ਯੂ ਦੱਬਦੀ ਹੋਈ ਚਲੀ ਗਈ ਸੀ। ਇਸ ਵਿਚ 60 ਲੋਕ ਮਾਰੇ ਗਏ ਜਦੋਂ 100 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ ਸੀ। ਰੇਲ ਹਾਦਸੇ ਤੋਂ ਬਾਅਦ ਉੱਠੇ ਵਿਵਾਦ ਅਤੇ ਨਵਜੋਤ ਸਿੰਘ ਸਿੱਧੂ ਜੌੜੇ ‘ਤੇ ਉਂਗਲੀ ਉਠਾਉਣ ਤੋਂ ਬਾਅਦ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇਸ ਦੀ ਜਾਂਚ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਨੂੰ ਸੌਂਪੀ ਸੀ। ਲਗਪਗ ਇਕ ਮਹੀਨੇ ਦੀ ਜਾਂਚ ਤੋਂ ਬਾਅਦ ਕਮਿਸ਼ਨਰ ਪੁਰਸ਼ਾਰਥ ਨੇ ਅਪਣੀ ਰਿਪੋਰਟ ਸਰਕਾਰ ਨੂੰ ਸੌਂਪ ਦਿਤੀ ਹੈ।

ਸੂਤਰਾਂ ਦੇ ਮੁਤਾਬਿਕ 300 ਪੇਜ ਦੀ ਇਸ ਰਿਪੋਰਟ ਵਿਚ ਵੱਖ ਵੱਖ ਲਗਪਗ 150 ਗਵਾਹਾਂ ਦੇ ਬਿਆਨ ਲਏ ਗਏ ਹਨ। ਇਸ ਵਿਚ ਨਵਜੋਤ ਕੌਰ ਦਾ ਵੀ ਬਿਆਨ ਸ਼ਾਮਲ ਹੈ ਪਰ ਰਿਪੋਰਟ ‘ਚ ਨਵਜੋਤ ਕੌਰ ‘ਤੇ ਦੋਸ਼ ਸਾਬਤ ਨਹੀਂ ਹੋਇਆ ਹੈ ਇਸ ਲਈ ਉਹਨਾਂ ਨੂੰ ਕਲੀਨ ਚਿੱਟ ਦੇ ਦਿਤੀ ਗਈ ਹੈ। ਇਸ ਘਟਨਾ ਨੂੰ ਇਕ ਹਾਦਸਾ ਕਰਾਰ ਦਿਤਾ ਗਿਆ ਹੈ ਪਰ ਰਿਪੋਰਟ ‘ਚ ਕੁਝ ਕਮੀਆਂ ਨੂੰ ਜਰੂਰ ਉਜਾਗਰ ਕੀਤਾ ਗਿਆ ਹੈ, ਜਿਨ੍ਹਾਂ ਨੂੰ ਪੂਰਾ ਕੀਤਾ ਗਿਆ ਹੁੰਦਾ ਤਾਂ ਇਸ ਹਾਦਸੇ ਤੋਂ ਬਚ ਜਾਣਾ ਸੀ।

ਰਿਪੋਰਟ ‘ਚ ਸਾਰੇ ਸਥਾਨਾਂ ‘ਤੇ ਹੋਣ ਵਾਲੇ ਅਜਿਹੇ ਧਾਰਮਿਕ ਜਾਂ ਹੋਰ ਸਮਾਗਮਾਂ ‘ਚ ਸੁਰੱਖਿਆ ਦੇ ਪ੍ਰਬੰਧ ਤੋਂ ਇਲਾਵਾ ਨਿਕਾਸੀ ਦੇ ਕਾਫ਼ੀ ਸਥਾਨ ਹੋਣਾ ਲਾਜ਼ਮੀ ਦੱਸਿਆ ਗਿਆ ਹੈ। ਅਜਿਹੇ ਪ੍ਰੋਗਰਾਮਾਂ ਦੀ ਆਗਿਆ ਦੇਣ ਤੋਂ ਪਹਿਲਾਂ ਨਵੇਂ ਸਿਰੇ ਤੋਂ ਨਿਯਮ ਬਣਾਉਣ ਦੀ ਵੀ ਸਲਾਹ ਦਿਤੀ ਗਈ ਹੈ ਤਾਂਕਿ ਭਵਿੱਖ ‘ਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।