SAD ਦੀ ਅਨੁਸ਼ਾਸਨੀ ਕਮੇਟੀ ਨੇ ਜਗਮੀਤ ਬਰਾੜ ਨੂੰ ਭੇਜਿਆ ਨੋਟਿਸ, 6 ਦਸੰਬਰ ਨੂੰ ਕਮੇਟੀ ਸਾਹਮਣੇ ਪੇਸ਼ ਹੋਣ ਲਈ ਕਿਹਾ
ਜਾਏ ਸਿੱਧੇ ਰਾਹ ਪੈਣ ਦੇ ਬਰਾੜ ਆਪਣੇ ਪੱਧਰ ’ਤੇ ਹੀ ਕਮੇਟੀਆਂ ਦਾ ਗਠਨ ਕਰ ਰਹੇ ਹਨ ਅਤੇ ਪਾਰਟੀ ਵਿਰੋਧੀ ਗਤੀਵਿਧੀਆਂ ਕਰ ਰਹੇ ਹਨ।
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਨੇ ਬਾਗੀ ਜਗਮੀਤ ਬਰਾੜ ਨੂੰ 6 ਦਸੰਬਰ ਨੂੰ ਤਲਬ ਕੀਤਾ ਹੈ। ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਮਲੂਕਾ ਨੇ ਜਗਮੀਤ ਬਰਾੜ ਨੂੰ ਇਕ ਨੋਟਿਸ ਜਾਰੀ ਕੀਤਾ ਹੈ ਜਿਸ ਵਿਚ ਉਹਨਾਂ ਨੇ ਕਿਹਾ ਹੈ ਕਿ ਕਮੇਟੀ ਪਹਿਲਾਂ ਭੇਜੇ ਗਏ ਨੋਟਿਸ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਹੈ। ਇਸ ਲਈ ਉਸ ਨੂੰ ਵਿਅਕਤੀਗਤ ਤੌਰ 'ਤੇ ਆਪਣੀ ਸਥਿਤੀ ਸਪੱਸ਼ਟ ਕਰਨ ਲਈ ਤਲਬ ਕੀਤਾ ਗਿਆ ਸੀ।
ਸਿਕੰਦਰ ਮਲੂਕਾ ਨੇ ਕਿਹਾ ਕਿ ਨੋਟਿਸ ਦੇ ਬਾਵਜੂਦ ਬਰਾੜ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਜਾਰੀ ਰੱਖੀਆਂ। ਉਹਨਾਂ ਕਿਹਾ ਕਿ ਅਖੌਤੀ ਏਕਤਾ ਪੈਨਲ ਬਰਾੜ ਦੀ ਨਿੱਜੀ ਰਚਨਾ ਹੈ। ਪੱਤਰ ਵਿਚ ਕਿਹਾ ਗਿਆ ਹੈ ਕਿ ਸਾਬਕਾ ਐੱਮ. ਪੀ. ਖ਼ਿਲਾਫ ਪਾਰਟੀ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਕਾਰਨ ਅਨੁਸ਼ਾਸਨੀ ਕਾਰਵਾਈ ਆਰੰਭੀ ਗਈ ਹੈ। ਬਜਾਏ ਸਿੱਧੇ ਰਾਹ ਪੈਣ ਦੇ ਬਰਾੜ ਆਪਣੇ ਪੱਧਰ ’ਤੇ ਹੀ ਕਮੇਟੀਆਂ ਦਾ ਗਠਨ ਕਰ ਰਹੇ ਹਨ ਅਤੇ ਪਾਰਟੀ ਵਿਰੋਧੀ ਗਤੀਵਿਧੀਆਂ ਕਰ ਰਹੇ ਹਨ।
ਮਲੂਕਾ ਨੇ ਸਾਬਕਾ ਐੱਮ. ਪੀ. ਨੂੰ ਆਖਿਆ ਹੈ ਕਿ ਉਹ 6 ਦਸੰਬਰ ਨੂੰ ਨਿੱਜੀ ਤੌਰ ’ਤੇ ਪੇਸ਼ ਵੀ ਹੋਣ ਅਤੇ ਆਪਣਾ ਲਿਖਤੀ ਜਵਾਬ ਵੀ ਕਮੇਟੀ ਨੂੰ ਦੇਣ।
ਇਸ ਦੌਰਾਨ ਜਗਮੀਤ ਬਰਾੜ ਨੂੰ ਝਟਕਾ ਦਿੰਦਿਆਂ ਦੋ ਅਕਾਲੀ ਆਗੂਆਂ ਨੇ ਵੀਰਵਾਰ ਨੂੰ ਬਰਾੜ ਵੱਲੋਂ ਐਲਾਨੇ ਏਕਤਾ ਅਤੇ ਤਾਲਮੇਲ ਪੈਨਲ ਤੋਂ ਦੂਰੀ ਬਣਾ ਲਈ ਹੈ। ਅਰਵਿੰਦਰਪਾਲ ਸਿੰਘ ਪੱਖੋਕੇ ਅਤੇ ਰਵੀਇੰਦਰ ਸਿੰਘ ਕਾਹਲੋਂ ਨੇ ਇੱਕ ਬਿਆਨ ਵਿੱਚ ਸੁਖਬੀਰ ਬਾਦਲ ਪ੍ਰਤੀ ਵੀ ਵਫ਼ਾਦਾਰੀ ਦਾ ਪ੍ਰਗਟਾਵਾ ਕੀਤਾ ਹੈ।