ਛੇਤੀ ਹੀ ਪੰਜਾਬ ਪੁਲਿਸ ਦੀ ਹਿਰਾਸਤ 'ਚ ਹੋਵੇਗਾ ਗੋਲਡੀ ਬਰਾੜ - ਮੁੱਖ ਮੰਤਰੀ ਮਾਨ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ ਕਿ ਕੈਲੀਫ਼ੋਰਨੀਆ ਪੁਲਿਸ ਲਗਾਤਾਰ ਭਾਰਤ ਸਰਕਾਰ ਅਤੇ ਪੰਜਾਬ ਪੁਲਿਸ ਦੇ ਸੰਪਰਕ ਵਿੱਚ ਹੈ

Image

 

ਚੰਡੀਗੜ੍ਹ - ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕੈਲੀਫ਼ੋਰਨੀਆ ਪੁਲਿਸ, ਜਿਸ ਨੇ ਮੂਸੇਵਾਲਾ ਕਤਲੇਆਮ ਦੇ ਮਾਸਟਰਮਾਈਂਡ ਨੂੰ ਹਿਰਾਸਤ ਵਿੱਚ ਲਿਆ ਹੈ, ਉਸ ਨੂੰ ਡਿਪੋਰਟ ਕਰਨ ਲਈ ਭਾਰਤ ਸਰਕਾਰ ਅਤੇ ਪੰਜਾਬ ਪੁਲਿਸ ਦੇ ਸੰਪਰਕ ਵਿੱਚ ਹੈ।

ਮੁੱਖ ਮੰਤਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮਈ ਵਿੱਚ ਗਾਇਕ ਸਿੱਧੂ ਮੂਸੇਵਾਲਾ ਦੇ ਬੇਰਹਿਮੀ ਨਾਲ ਹੋਏ ਕਤਲ ਦੇ ਮੁੱਖ ਸਾਜਿਸ਼ਕਰਤਾ ਗੈਂਗਸਟਰ ਗੋਲਡੀ ਬਰਾੜ ਨੂੰ ਅਮਰੀਕਾ ਵਿੱਚ ਹਿਰਾਸਤ ਵਿੱਚ ਲੈ ਲਿਆ ਗਿਆ ਹੈ, ਅਤੇ ਉਸ ਨੂੰ ਯਕੀਨੀ ਤੌਰ 'ਤੇ ਭਾਰਤ ਲਿਆਂਦਾ ਜਾਵੇਗਾ।

ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਲਈ ਆਮ ਆਦਮੀ ਪਾਰਟੀ ਵਾਸਤੇ ਪ੍ਰਚਾਰ ਦੌਰਾਨ, ਮਾਨ ਨੇ ਅਹਿਮਦਾਬਾਦ ਵਿੱਚ ਕਿਹਾ, “ਬਰਾੜ ਨੂੰ ਕੈਲੀਫ਼ੋਰਨੀਆ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ ਅਤੇ ਉਨ੍ਹਾਂ ਨੇ ਭਾਰਤ ਸਰਕਾਰ ਅਤੇ ਪੰਜਾਬ ਪੁਲਿਸ ਨਾਲ ਸੰਪਰਕ ਕੀਤਾ ਹੈ। ਉਹ ਜਲਦੀ ਹੀ ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਹੋਵੇਗਾ,” 

“ਮੈਂ ਤੁਹਾਨੂੰ ਦੱਸ ਰਿਹਾ ਹਾਂ...ਕਿ ਕੈਲੀਫ਼ੋਰਨੀਆ ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਭਾਰਤ ਸਰਕਾਰ ਅਤੇ ਪੰਜਾਬ ਪੁਲਿਸ ਨਾਲ ਸੰਪਰਕ ਕਰਕੇ ਉਨ੍ਹਾਂ ਨੇ ਉਸ ਦੀ ਹਿਰਾਸਤ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਪੁੱਛਿਆ ਹੈ ਕਿ ਕੀ ਉਸ ਨੂੰ ਦੇਸ਼ ਨਿਕਾਲਾ ਦੇਣ ਦੀ ਲੋੜ ਹੈ,” ਮਾਨ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ।

“ਅਸੀਂ ਅਮਰੀਕਾ ਨਾਲ ਹੋਈ ਸੰਧੀ ਅਨੁਸਾਰ ਗੋਲਡੀ ਬਰਾੜ ਨੂੰ ਯਕੀਨੀ ਤੌਰ ‘ਤੇ ਭਾਰਤ ਲਿਆਵਾਂਗੇ, ਤਾਂ ਜੋ ਜਿਨ੍ਹਾਂ ਪਰਿਵਾਰਾਂ ਨੇ ਉਸ ਕਾਰਨ ਆਪਣੇ ਪੁੱਤਰ-ਧੀਆਂ ਗੁਆਏ ਹਨ, ਉਨ੍ਹਾਂ ਨੂੰ ਕੁਝ ਸਕੂਨ ਮਿਲ ਸਕੇ। ਬਰਾੜ ਮੁੱਖ ਸਾਜਿਸ਼ਕਰਤਾ ਸੀ, ਅਤੇ ਅਜਿਹੇ ਕਈ ਹੋਰ ਵੀ ਹਨ ਜਿਨ੍ਹਾਂ ਦੇ ਰਿਕਾਰਡ ਵੀ ਸਾਡੇ ਕੋਲ ਹਨ,” ਉਨ੍ਹਾਂ ਅੱਗੇ ਕਿਹਾ।

ਉਨ੍ਹਾਂ ਕਿਹਾ ਕਿ ਬਰਾੜ ਆਪਣਾ ਕੰਮ ਇੱਕ ਗਿਰੋਹ ਕੋਲੋਂ ਪਾਕਿਸਤਾਨ ਰਾਹੀਂ ਆਪਣਾ ਕੰਮ ਕਰਵਾਉਂਦਾ ਸੀ। 

“ਅਸੀਂ ਇਸ ਮੁੱਦੇ ਦੀ ਚਰਚਾ ਅੰਤਰਰਾਸ਼ਟਰੀ ਪੱਧਰ 'ਤੇ ਕਰ ਰਹੇ ਹਾਂ, ਤਾਂ ਜੋ ਹੋਰਾਂ ਨੂੰ ਵੀ ਇੱਥੇ ਲਿਆਂਦਾ ਜਾ ਸਕੇ। ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਅਤੇ ਹੋਰ ਵੀ ਖੁਲਾਸੇ ਹੋ ਸਕਦੇ ਹਨ...ਗੋਲਡੀ ਬਰਾੜ ਜਲਦੀ ਹੀ ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਹੋਵੇਗਾ।" ਮੁੱਖ ਮੰਤਰੀ ਮਾਨ ਨੇ ਕਿਹਾ। 

ਬਰਾੜ 2017 ਵਿੱਚ ਕੈਨੇਡਾ ਗਿਆ ਸੀ। 

ਮਸ਼ਹੂਰ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇ ਵਾਲੇ ਦਾ ਇਸ ਸਾਲ 29 ਮਈ ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਬਰਾੜ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ।

ਬਰਾੜ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ, ਜੋ ਵਿਦੇਸ਼ ਵਿੱਚ ਭਗੌੜੇ ਦੀ ਗ੍ਰਿਫਤਾਰੀ ਦੀ ਆਗਿਆ ਦਿੰਦਾ ਹੈ।

ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ, ਪੰਜਾਬ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਵਸਨੀਕ ਹੈ ਅਤੇ 2017 ਵਿੱਚ ਵਿਦਿਆਰਥੀ ਵੀਜ਼ੇ 'ਤੇ ਕੈਨੇਡਾ ਗਿਆ ਸੀ। ਉਹ ਲਾਰੈਂਸ ਬਿਸ਼ਨੋਈ ਗਰੋਹ ਦਾ ਸਰਗਰਮ ਮੈਂਬਰ ਹੈ।

10 ਨਵੰਬਰ ਨੂੰ ਫਰੀਦਕੋਟ ਜ਼ਿਲ੍ਹੇ ਦੇ ਕੋਟਕਪੂਰਾ ਵਿਖੇ ਹੋਏ ਡੇਰਾ ਸੱਚਾ ਸੌਦਾ ਦੇ ਪੈਰੋਕਾਰ ਪਰਦੀਪ ਸਿੰਘ ਦੇ ਕਤਲ ਦਾ ਮੁੱਖ ਸਾਜ਼ਿਸ਼ਕਰਤਾ ਵੀ ਗੋਲਡੀ ਬਰਾੜ ਸੀ।