ਰੋਜ਼ੀ ਰੋਟੀ ਲਈ ਵਿਦੇਸ਼ ਗਏ ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ, ਪਰਿਵਾਰ ਨੇ ਮੰਗਿਆ ਇਨਸਾਫ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਰਿਵਾਰ ਨੇ ਨੌਜਵਾਨ ਦੀ ਦੇਹ ਦੁਬਈ ਤੋਂ ਭਾਰਤ ਲਿਆਉਣ ਲਈ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਮਦਦ ਦੀ ਗੁਹਾਰ ਲਗਾਈ ਹੈ।

Ravi Kumar

 


ਹੁਸ਼ਿਆਰਪੁਰ: ਬਲਾਕ ਮਾਹਿਲਪੁਰ ਦੇ ਪਿੰਡ ਬਾੜੀਆਂ ਕਲਾਂ ਤੋਂ ਪੰਜ ਸਾਲ ਪਹਿਲਾਂ ਰੋਜ਼ੀ ਰੋਟੀ ਲਈ ਦੁਬਈ ਗਏ ਇਕ ਨੌਜਵਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੇ ਆਪਣੀ ਨੇੜਲੀ ਇਮਾਰਤ ਵਿਚ ਰਹਿੰਦੇ ਜਲੰਧਰ ਦੇ ਇਕ ਨੌਜਵਾਨ ਤੋਂ ਤੰਗ ਆ ਕੇ ਖ਼ੌਫ਼ਨਾਕ ਕਦਮ ਚੁੱਕਿਆ ਹੈ। ਫਾਹਾ ਲੈਣ ਤੋਂ ਪਹਿਲਾਂ ਮ੍ਰਿਤਕ ਨੇ ਇਕ ਵੀਡੀਓ ਬਣਾ ਕੇ ਆਪਣੇ ਪਰਿਵਾਰਕ ਮੈਂਬਰਾਂ ਨੂੰ  ਸੂਚਿਤ ਕੀਤਾ। ਪੀੜਤ ਪਰਿਵਾਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੂੰ ਪੱਤਰ ਲਿਖ ਕੇ ਨੌਜਵਾਨ ਦੀ ਦੇਹ ਦੁਬਈ ਤੋਂ ਮੰਗਵਾਉਣ ਅਤੇ ਕਥਿਤ ਦੋਸ਼ੀ ਵਿਅਕਤੀ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ |

ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੇ ਪਿਤਾ ਪਰਮਜੀਤ ਕੁਮਾਰ  ਪੁੱਤਰ ਤੀਰਥ ਰਾਮ ਵਾਸੀ ਬਾੜੀਆਂ ਕਲਾਂ ਨੇ ਆਪਣੇ ਪੁੱਤਰ ਦੇ ਸਾਰੇ ਕਾਗਜ਼ਾਤ ਸਿਟੀ ਵੈਲਫ਼ੇਅਰ ਕਲੱਬ ਦੇ ਪ੍ਰਧਾਨ ਚੰਚਲ ਵਰਮਾ ਅਤੇ ਭਾਜਪਾ ਆਗੂ ਡਾ. ਦਿਲਬਾਗ ਰਾਏ ਨੂੰ ਸੌਂਪ ਦਿੱਤੇ। ਉਹਨਾਂ ਦੱਸਿਆ ਕਿ ਉਹਨਾਂ ਨੇ ਆਪਣੇ ਪੁੱਤਰ ਰਵੀ ਕੁਮਾਰ ਨੂੰ 2017 ਵਿਚ ਕਰਜ਼ਾ ਚੁੱਕ ਕੇ ਘਰ ਦੀ ਵਿੱਤੀ ਹਾਲਤ ਸੁਧਾਰਨ ਲਈ ਦੁਬਈ ਭੇਜਿਆ ਸੀ।

ਉਹਨਾਂ ਦੱਸਿਆ ਕਿ ਕੁੱਝ ਦਿਨ ਪਹਿਲਾਂ ਹੀ ਉਹਨਾਂ ਦੇ ਪੁੱਤਰ ਨੇ ਫ਼ੋਨ ਕਰਕੇ ਦੱਸਿਆ ਸੀ ਕਿ ਉਸ ਦੀ ਨਾਲ ਵਾਲੀ ਇਮਾਰਤ ਵਿਚ ਰਹਿੰਦੇ ਜਲੰਧਰ ਦੇ ਹਨੀ ਨਾਮਕ ਇਕ ਨੌਜਵਾਨ ਤੋਂ ਬਹੁਤ ਪਰੇਸ਼ਾਨ ਹੈ। ਉਹ ਕਿਸੇ ਲੜਕੀ ਨੂੰ ਪਿਆਰ ਕਰਦਾ ਸੀ ਅਤੇ ਹਨੀ ਨੇ ਉਸ ਦਾ ਫ਼ੋਨ ਖ਼ੋਹ ਕੇ ਗਲਤ ਤਰ੍ਹਾਂ ਦੇ ਸੰਦੇਸ਼ ਭੇਜ ਕੇ ਉਹਨਾਂ ਵਿਚ ਲੜਾਈ ਪੁਆ ਦਿੱਤੀ। ਇਸ ਤੋਂ ਬਾਅਦ ਉਹ ਉਸ ਨੂੰ ਪਰੇਸ਼ਨ ਕਰਨ ਲੱਗਿਆ।

ਪਰਿਵਾਰ ਨੇ ਇਲਜ਼ਾਮ ਲਗਾਇਆ ਕਿ ਪਿਛਲੇ ਇਕ ਸਾਲ ਤੋਂ ਹਨੀ ਨਾਮਕ ਨੌਜਵਾਨ ਨੇ ਉਹਨਾਂ ਦੇ ਪੁੱਤਰ ਦੀ ਜ਼ਿੰਦਗੀ ਨਰਕ ਬਣਾ ਕੇ ਰੱਖੀ ਹੋਈ ਸੀ, ਜਿਸ ਕਾਰਨ ਉਸ ਨੇ ਖ਼ੁਦਕੁਸ਼ੀ ਕਰ ਲਈ। ਪਰਿਵਾਰ ਨੇ ਨੌਜਵਾਨ ਦੀ ਦੇਹ ਦੁਬਈ ਤੋਂ ਭਾਰਤ ਲਿਆਉਣ ਲਈ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਮਦਦ ਦੀ ਗੁਹਾਰ ਲਗਾਈ ਹੈ।