ਮੋਦੀ ਨੇ ਅਪਣੇ ਸਿਰ ਸਜਾਇਆ ਕਰਤਾਰਪੁਰ ਲਾਂਘੇ ਦਾ ਸਿਹਰਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰਦਾਸਪੁਰ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਜਿੱਥੇ ਕਰਤਾਰਪੁਰ ਸਾਹਿਬ ਲਾਂਘੇ ਦਾ ਸਿਹਰਾ ਅਪਣੇ ਸਿਰ ਸਜਾਇਆ...

Narenda Modi

ਗੁਰਦਾਸਪੁਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰਦਾਸਪੁਰ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਜਿੱਥੇ ਕਰਤਾਰਪੁਰ ਸਾਹਿਬ ਲਾਂਘੇ ਦਾ ਸਿਹਰਾ ਅਪਣੇ ਸਿਰ ਸਜਾਇਆ, ਉਥੇ ਹੀ ਕਾਂਗਰਸੀ ਮੰਤਰੀ ਨਵਜੋਤ ਸਿੱਧੂ ਦਾ ਬਿਨਾਂ ਨਾਮ ਲਏ ਭੰਡੀ ਪ੍ਰਚਾਰ ਵੀ ਕੀਤਾ, ਉਨ੍ਹਾਂ ਆਖਿਆ ਕਿ ਕੁਝ ਕਾਂਗਰਸੀ ਆਗੂ ਅਪਣੀ ਲੀਡਰਸ਼ਿਪ ਨੂੰ ਅੱਖੋਂ-ਪਰੋਖੇ ਕਰ ਕੇ ਪਾਕਿਸਤਾਨ ਗਏ ਜੋ ਜ਼ਬਰਦਸਤੀ ਇਸ ਲਾਂਘੇ ਦਾ ਲਾਹਾ ਲੈਣ ਦੀ ਹੋੜ ਵਿਚ ਸਨ। ਉਨ੍ਹਾਂ ਆਖਿਆ ਕਿ ਦੇਸ਼ ਦੀ ਵੰਡ ਸਮੇਂ ਬਾਬੇ ਨਾਨਕ ਦੀ ਪਵਿੱਤਰ ਧਰਤੀ ਕਰਤਾਰਪੁਰ ਸਾਹਿਬ ਨੂੰ ਸਾਡੇ ਕੋਲੋਂ ਦੂਰ ਕਰ ਦਿਤਾ ਗਿਆ ਸੀ,

ਪਰ ਉਸ ਵੇਲੇ ਦੀ ਸਰਕਾਰ ਕੁੱਝ ਨਹੀਂ ਕਰ ਸਕੀ, ਪਰ ਹੁਣ ਐਨਡੀਏ ਸਰਕਾਰ ਨੇ ਕਰੋੜਾਂ ਸ਼ਰਧਾਲੂਆਂ ਦੀ ਭਾਵਨਾ ਨੂੰ ਵੇਖਦਿਆਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਕਾਂਗਰਸ ਪਾਰਟੀ 'ਤੇ ਵਰ੍ਹਦਿਆਂ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨ ਲਈ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਹੇਠ ਦੋ ਕੇਂਦਰੀ ਮੰਤਰੀਆਂ ਨੂੰ ਪਾਕਿਸਤਾਨ ਭੇਜਿਆ ਸੀ ਪਰ ਕਾਂਗਰਸ ਦੇ ਇਕ ਮੰਤਰੀ ਮੁੱਖ ਮੰਤਰੀ ਤਕ ਨੂੰ ਦਰਕਿਨਾਰ ਕਰਕੇ ਪਾਕਿਸਤਾਨ ਚਲਾ ਗਿਆ।

ਪ੍ਰਧਾਨ ਮੰਤਰੀ ਮੋਦੀ ਨੇ ਅਪਣੇ ਭਾਸ਼ਣ ਦੌਰਾਨ ਕਰਤਾਰਪੁਰ ਲਾਂਘੇ ਦਾ ਸਿਹਰਾ ਅਪਣੇ ਸਿਰ ਬੰਨ੍ਹ ਕੇ ਭਾਵੇਂ ਪੰਜਾਬ ਦੇ ਸਿੱਖਾਂ ਨੂੰ ਲੁਭਾਉਣ ਦਾ ਯਤਨ ਕੀਤਾ ਹੈ ਪਰ ਨਾਲ ਹੀ ਉਨ੍ਹਾਂ ਨੇ ਇਸ ਲਾਂਘੇ ਸਬੰਧੀ ਨਵਜੋਤ ਸਿੱਧੂ ਦੇ ਯਤਨਾਂ ਨੂੰ ਦਰਕਿਨਾਰ ਕਰਕੇ ਉਨ੍ਹਾਂ ਸਿੱਖਾਂ ਦੀ ਨਾਰਾਜ਼ਗੀ ਵੀ ਸਹੇੜੀ ਹੈ ਜੋ ਇਸ ਦਾ ਸਿਹਰਾ ਨਵਜੋਤ ਸਿੱਧੂ ਦੇ ਸਿਰ ਬੰਨ੍ਹਦੇ ਹਨ, ਕਿਉਂਕਿ ਕਰਤਾਰਪੁਰ ਲਾਂਘੇ ਵਿਚ ਨਵਜੋਤ ਸਿੱਧੂ ਦੀ ਭੂਮਿਕਾ ਤੋਂ ਹਰ ਕੋਈ ਵਾਕਿਫ਼ ਹੈ। ਖ਼ੁਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਇਹ ਗੱਲ ਆਪਣੇ ਮੂੰਹੋਂ ਆਖ ਚੁੱਕੇ ਹਨ। ਖ਼ੈਰ, ਮੋਦੀ ਦੀ ਗੁਰਦਾਸਪੁਰ ਰੈਲੀ ਜ਼ਿਆਦਾਤਰ ਤਾਂ ਡੁੱਬ ਰਹੇ ਅਕਾਲੀ ਦਲ ਦੇ ਬੇੜੇ ਨੂੰ ਪਾਰ ਲਾਉਣ ਲਈ ਸੀ ਪਰ ਅਕਾਲੀ ਦਲ ਦਾ ਬੇੜਾ ਡੁੱਬੇਗਾ ਜਾਂ ਪਾਰ ਹੋਏਗਾ ਇਹ ਤਾਂ ਅਗਾਮੀ ਲੋਕ ਸਭਾ ਚੋਣਾਂ ਦੌਰਾਨ ਹੀ ਪਤਾ ਚੱਲੇਗਾ।