ਅਕਾਲੀ ਦਲ 'ਤੇ ਕਬਜ਼ਾ ਕਰਨ ਦੀ ਤਾਕ 'ਚ ਮਜੀਠੀਆ, ਰੰਧਾਵਾ ਨੇ ਲਾਏ ਗੰਭੀਰ ਦੋਸ਼

ਏਜੰਸੀ

ਖ਼ਬਰਾਂ, ਪੰਜਾਬ

ਮਜੀਠੀਆ-ਰੰਧਾਵਾ ਵਿਚਾਲੇ ਸ਼ਬਦੀ ਜੰਗ ਹੋਈ ਤੇਜ਼

file photo

ਚੰਡੀਗੜ੍ਹ: ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਰਮਿਆਨ ਸ਼ਬਦੀ ਜੰਗ ਚਰਮ-ਸੀਮਾਂ 'ਤੇ ਪਹੁੰਚ ਚੁੱਕੀ ਹੈ। ਬੀਤੇ ਕੱਲ੍ਹ ਮਜੀਠੀਆ ਦੇ ਨੇੜਲੇ ਅਕਾਲੀ ਆਗੂ ਬਾਬਾ ਗੁਰਦੀਪ ਸਿੰਘ ਦੀ ਹਤਿਆ ਮਗਰੋਂ ਇਸ 'ਚ ਮੁੜ ਤੇਜ਼ੀ ਦਾ ਅਸਾਰ ਬਣ ਗਏ ਹਨ।  

ਮਜੀਠੀਆ ਨੇ ਇਸ ਹੱਤਿਆ ਦਾ ਦੋਸ਼ ਕਾਂਗਰਸੀ ਆਗੂਆਂ 'ਤੇ ਲਾਉਂਦਿਆਂ ਕਿਹਾ ਕਿ ਜੇਲ੍ਹਾਂ ਅੰਦਰ ਬੈਠੇ ਵੱਡੇ ਗੈਂਗਸਟਰਾਂ ਨੂੰ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸ਼ਹਿ ਦੇ ਰਹੇ ਹਨ। ਮਜੀਠੀਆ ਦੇ ਬਿਆਨ 'ਤੇ ਪਲਟਵਾਰ ਕਰਦਿਆਂ ਰੰਧਾਵਾ ਨੇ ਮਜੀਠੀਆ 'ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਉਹ ਅਕਾਲੀ ਦਲ 'ਤੇ ਕਬਜ਼ਾ ਕਰਨਾ ਚਾਹੁੰਦੇ ਹਨ।

ਮੰਤਰੀ ਨੇ ਦਾਅਵਾ ਕੀਤਾ ਕਿ ਬਾਦਲ ਪਰਵਾਰ ਨੂੰ ਪਾਸੇ ਕਰਕੇ ਮਜੀਠੀਆ ਖੁਦ ਅਕਾਲੀ ਦਲ 'ਤੇ ਕਾਬਜ਼ ਹੋਣਾ ਚਾਹੁੰਦਾ ਹੈ। ਇਸ ਲਈ ਉਹ ਅਜਿਹੇ ਮੁੱਦੇ ਉਭਾਰ ਕੇ ਜ਼ਮੀਨ ਤਿਆਰ ਕਰ ਰਿਹਾ ਹੈ।

ਕੈਬਨਿਟ ਮੰਤਰੀ ਰੰਧਾਵਾ ਨੇ ਕਿਹਾ ਕਿ ਹਕੀਕਤ 'ਚ ਮਜੀਠੀਆ ਦਾ ਹੀ ਗੈਂਗਸਟਰਾਂ ਨਾਲ ਗਠਜੋੜ ਹੈ। ਰੰਧਾਵਾ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਦੌਰਾਨ ਹੀ ਗੈਂਗਸਟਰਵਾਦ ਸ਼ੁਰੂ ਹੋਇਆ ਸੀ। ਮਜੀਠੀਆ 'ਤੇ ਗੈਂਗਸਟਰਾਂ ਦਾ ਸਰਗਨਾ ਹੋਣ ਦਾ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਅਸਲ ਵਿਚ ਮਜੀਠੀਆ ਨੂੰ ਸੁਖਜਿੰਦਰ ਰੰਧਾਵਾ ਦਾ ਫੋਬੀਆ ਹੋ ਗਿਆ ਹੈ ਜੋ ਹਰ ਵੇਲੇ ਰੰਧਾਵਾ 'ਤੇ ਹੀ ਦੋਸ਼ ਮੜਦਾ ਰਹਿੰਦਾ ਹੈ।

ਮਜੀਠੀਆ ਵਲੋਂ ਕਤਲ ਕਾਂਡ ਦੀ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਸਬੰਧੀ ਉਨ੍ਹਾਂ ਕਿਹਾ ਕਿ ਜੇ ਸਾਰੇ ਮਾਮਲੇ ਸੀਬੀਆਈ ਨੂੰ ਹੀ ਸੌਂਪਣੇ ਹਨ ਤਾਂ ਫਿਰ ਪੰਜਾਬ ਪੁਲਿਸ ਦੀ ਕੀ ਲੋੜ ਹੈ। ਉਨ੍ਹਾਂ ਕਿਹਾ ਕਿ ਅਕਾਲੀ ਆਗੂ ਬਾਬਾ ਗੁਰਦੀਪ ਸਿੰਘ ਦੇ ਕਤਲ ਦੀ ਜਾਂਚ ਚੱਲ ਰਹੀ ਹੈ। ਜਾਂਚ ਤੋਂ ਬਾਅਦ ਸਾਰਾ ਸੱਚ ਸਾਹਮਣੇ ਆ ਜਾਵੇਗਾ।