ਕਾਰ ਚੋਰੀ ਦੇ 2 ਕੇਸਾਂ ਵਿਚ 3 ਗ੍ਰਿਫ਼ਤਾਰ, ਵਿਅਕਤੀ ਨੇ ਘਰ ਛੱਡਣ ਲਈ ਦਿੱਤਾ ਸੀ ਪੈਸਿਆ ਦਾ ਆਫ਼ਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੋਵੇਂ ਮੁਲਜ਼ਮ ਸ਼ਰਾਬੀ ਮਾਲਕ ਨੂੰ ਧੱਕਾ ਦੇ ਕੇ ਕਾਰ ਲੁੱਟ ਕੇ ਫਰਾਰ ਹੋ ਗਏ ਸਨ। 

Photo

 

ਮੁਹਾਲੀ - ਪੰਜਾਬ ਦੇ ਮੁਹਾਲੀ ਵਿਚ 10 ਦਿਨ ਪਹਿਲਾਂ ਲੁੱਟੀ ਗਈ ਕਾਰ ਈਓਨ ਨੂੰ ਪੁਲਿਸ ਨੇ ਬਰਾਮਦ ਕਰ ਲਿਆ ਹੈ। ਇਸ ਦੇ ਨਾਲ ਹੀ ਇਕ ਦੋਸ਼ੀ ਹਰਿਦੁਆਰ ਨਿਵਾਸੀ ਸੰਦੀਪ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਜਦਕਿ ਉਸ ਦੇ ਦੂਜੇ ਸਾਥੀ ਦਿਨੇਸ਼ ਦੀ ਭਾਲ ਜਾਰੀ ਹੈ। ਦੋਵੇਂ ਮੁਲਜ਼ਮ ਸ਼ਰਾਬੀ ਮਾਲਕ ਨੂੰ ਧੱਕਾ ਦੇ ਕੇ ਕਾਰ ਲੁੱਟ ਕੇ ਫਰਾਰ ਹੋ ਗਏ ਸਨ। 

ਮਾਲਕ ਨੇ ਸ਼ਰਾਬ ਦੇ ਨਸ਼ੇ 'ਚ ਗੱਡੀ ਨਾ ਚਲਾ ਸਕਣ ਕਰ ਕੇ ਪੈਸੇ ਦੇ ਕੇ ਮੁਲਜ਼ਮ ਨੂੰ ਘਰ ਛੱਡਣ ਲਈ ਕਿਹਾ ਸੀ। 23 ਦਸੰਬਰ ਨੂੰ ਈਓਨ ਕਾਰ ਨੰਬਰ ਪੀਬੀ 65 ਦੀ ਲੁੱਟ ਦੇ ਮਾਮਲੇ ਵਿਚ ਫੇਜ਼ 8 ਦੇ ਥਾਣੇ ਵਿਚ ਆਈਪੀਸੀ ਦੀ ਧਾਰਾ 379ਬੀ ਤਹਿਤ ਕੇਸ ਦਰਜ ਕੀਤਾ ਗਿਆ ਸੀ। ਘਟਨਾ ਵਾਲੀ ਰਾਤ 10 ਵਜੇ ਮੁਹਾਲੀ ਫੇਜ਼ 7 ਦਾ ਰਹਿਣ ਵਾਲਾ ਗੌਰਵ ਸ਼ਰਮਾ ਕਾਰ ਵਿੱਚ ਆਪਣੇ ਘਰ ਜਾ ਰਿਹਾ ਸੀ। ਉਸ ਨੇ ਸ਼ਰਾਬ ਪੀਤੀ ਹੋਈ ਸੀ। ਜਦੋਂ ਉਹ ਚੰਡੀਗੜ੍ਹ ਸੈਕਟਰ 34 ਦੇ ਚੌਕ ਨੇੜੇ ਪਹੁੰਚਿਆ ਤਾਂ ਉਹ ਗੱਡੀ ਚਲਾਉਣ ਦੀ ਹਾਲਤ ਵਿਚ ਨਹੀਂ ਸੀ। ਅਜਿਹੇ 'ਚ ਉਸ ਨੇ ਆਪਣੀ ਕਾਰ ਚੌਕ ਦੇ ਕੋਲ ਸੜਕ ਕਿਨਾਰੇ ਖੜ੍ਹੀ ਕਰ ਦਿੱਤੀ ਅਤੇ ਉਥੇ ਖੜ੍ਹੇ 2 ਲੋਕਾਂ ਨੂੰ ਕਾਰ ਚਲਾ ਕੇ ਘਰ ਛੱਡਣ ਦੀ ਬੇਨਤੀ ਕੀਤੀ। ਉਹ ਦੋਵੇਂ ਵਿਅਕਤੀ ਵੀ ਸ਼ਰਾਬੀ ਸਨ।  

ਗੌਰਵ ਨੇ ਦੋਵਾਂ ਵਿਅਕਤੀਆਂ ਨੂੰ ਕਿਹਾ ਕਿ ਉਹ ਉਸ ਨੂੰ ਘਰ ਛੱਡਣ ਲਈ ਪੈਸੇ ਲੈ ਲੈਣ। ਦੋਵੇਂ ਸ਼ਰਾਬੀ ਵਿਅਕਤੀ ਸਹਿਮਤ ਹੋ ਗਏ ਅਤੇ ਗੌਰਵ ਨੂੰ ਕਾਰ ਵਿਚ ਬਿਠਾ ਕੇ ਮੁਹਾਲੀ ਫੇਜ਼ 7 ਵੱਲ ਜਾਣ ਲੱਗੇ। ਹਾਲਾਂਕਿ ਦੋਵਾਂ ਨੇ ਮੋਹਾਲੀ ਦੇ ਵਾਈਪੀਐਸ ਚੌਕ ਵਿੱਚ ਪਹੁੰਚ ਕੇ ਆਪਣਾ ਮਨ ਬਦਲ ਲਿਆ। ਦੋਵਾਂ ਨੇ ਨਸ਼ੇ ਦੀ ਹਾਲਤ 'ਚ ਗੌਰਵ ਨੂੰ ਸੜਕ ਕਿਨਾਰੇ ਸੁੱਟ ਦਿੱਤਾ ਅਤੇ ਉਸ ਦੀ ਕਾਰ ਲੁੱਟ ਕੇ ਫਰਾਰ ਹੋ ਗਏ। 

ਜ਼ਿਕਰਯੋਗ ਹੈ ਕਿ ਮੁਹਾਲੀ ਪੁਲਿਸ ਨੇ ਕਾਰ ਲੁੱਟਣ ਦੇ ਇੱਕ ਹੋਰ ਮਾਮਲੇ ਵਿਚ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੀ ਪਛਾਣ ਜਸ਼ਨਪ੍ਰੀਤ ਸਿੰਘ ਉਰਫ਼ ਜਸ਼ਨ (22) ਅਤੇ ਕਰਨਵੀਰ ਸਿੰਘ ਉਰਫ਼ ਕਰਨ (21) ਵਾਸੀ ਸੋਹਾਣਾ ਵਜੋਂ ਹੋਈ ਹੈ। ਮਾਮਲੇ ਦਾ ਸ਼ਿਕਾਇਤਕਰਤਾ ਗੁਰਵਿੰਦਰ ਸਿੰਘ ਵਾਸੀ ਪਿੰਡ ਮੌਲੀ ਬੈਦਵਾਨ ਸੋਹਾਣਾ ਸੀ। ਮੁਲਜ਼ਮਾਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਮੁਹਾਲੀ ਦੇ ਥਾਣਾ ਫੇਜ਼ 8 ਖੇਤਰ ਵਿਚ ਉਸ ਦੀ ਚਿੱਟੇ ਰੰਗ ਦੀ ਸਵਿਫਟ ਕਾਰ ਲੁੱਟ ਲਈ। ਅੱਜ ਹੀ ਪੁਲਿਸ ਨੇ ਇਸ ਮਾਮਲੇ ਵਿਚ ਕੇਸ ਦਰਜ ਕਰਕੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਕੋਲੋਂ ਸਵਿਫਟ ਕਾਰ ਨੰਬਰ ਪੀਬੀ 65 ਬਰਾਮਦ ਹੋਈ ਹੈ। ਪੁਲਿਸ ਨੂੰ ਇਨ੍ਹਾਂ ਪਾਸੋਂ ਹੋਰ ਖੁਲਾਸੇ ਹੋਣ ਦੀ ਉਮੀਦ ਹੈ।