ਅੱਖਾਂ ਦਾਨ ਕਰਨ ‘ਚ ਪੰਜਾਬੀ ਪਹਿਲੇ ਨੰਬਰ ‘ਤੇ
ਦਾਨ ਭਾਵੇਂ ਰੋਟੀ ਦਾ ਹੋਵੇ, ਖੂਨ ਦਾ ਹੋਵੇ ਜਾਂ ਫਿਰ ਮਨੁੱਖੀ ਅੰਗ ਦਾ ਹੋਵੇ...
ਲੁਧਿਆਣਾ : ਦਾਨ ਭਾਵੇਂ ਰੋਟੀ ਦਾ ਹੋਵੇ, ਖੂਨ ਦਾ ਹੋਵੇ ਜਾਂ ਫਿਰ ਮਨੁੱਖੀ ਅੰਗ ਦਾ ਹੋਵੇ, ਪੰਜਾਬੀਆਂ ਦਾ ਕੋਈ ਸਾਨੀ ਨਹੀਂ ਹੈ। ਹੁਣ ਪੁਰਨਜੋਤ ਅੱਖਾਂ ਵਾਲਾ ਬੈਂਕ ਪੰਜਾਬੀਆਂ ਦੀ ਦਾਨ ਦੀ ਤਰੱਕੀ ਵਿਚ ਨਵਾਂ ਨਿਯਮ ਸਥਾਪਤ ਕਰਨ ਜਾ ਰਿਹਾ ਹੈ। ਇਸ ਦਾ ਅੰਦਾਜਾ ਇਸ ਗੱਲ ਤੋਂ ਲਗਾ ਸਕਦੇ ਹਨ ਕਿ ਪੁਨਰਜੋਤ ਅੱਖਾਂ ਵਾਲੇ ਬੈਂਕ ਵਿਚ ਪੰਜਾਬੀ ਬਹੁਤ ਜਿਆਦਾ ਅੱਖਾਂ ਦਾਨ ਕਰ ਰਹੇ ਹਨ। ਹੁਣ ਆਈ ਬੈਂਕ ਦੇ ਕੋਲ ਅੱਖਾਂ ਲੈਣ ਵਾਲਿਆਂ ਦੀ ਕਮੀ ਮਹਿਸੂਸ ਹੋਣ ਲੱਗੀ ਹੈ। ਇਸ ਲਈ ਆਈ ਬੈਂਕ ਦੇ ਵਲੋਂ ਪੰਜਾਬ ਦੇ ਨਾਲ ਲੱਗਦੇ ਹਰਿਆਣਾ, ਹਿਮਾਚਲ, ਯੂਪੀ, ਉਤਰਾਖੰਡ ਦੇ ਲੋਕਾਂ ਨੂੰ ਅਪੀਲ ਕਰਨੀ ਸ਼ੁਰੂ ਕਰ ਦਿਤੀ ਹੈ,
ਕਿ ਉਹ ਇਥੇ ਆ ਕੇ ਅੱਖਾਂ ਲਗਵਾਉਣ। ਇਸ ਕੰਮ ਲਈ ਬੈਂਕ ਦੇ ਵਲੋਂ ਕੋਈ ਪੈਸਾ ਵੀ ਨਹੀਂ ਲਿਆ ਜਾਂਦਾ ਹੈ। ਸਭ ਕੁੱਝ ਮੁਫ਼ਤ ਹੈ। ਦੱਸ ਦਈਏ ਕਿ ਯੂਪੀ ਤੋਂ ਲੋਕਾਂ ਨੇ ਇਥੇ ਆਉਣਾ ਸ਼ੁਰੂ ਕਰ ਦਿਤਾ ਹੈ। ਕਈ ਲੋਕ ਸਫਲ ਟਰਾਂਸਪਲਾਂਟ ਤੋਂ ਬਾਅਦ ਅਪਣੇ ਘਰਾਂ ਨੂੰ ਮੁੜ ਚੁੱਕੇ ਹਨ। ਦੱਸ ਦਈਏ ਕਿ ਪੁਨਰਜੋਤ ਆਈ ਲੁਧਿਆਣਾ ਦੇ ਫਾਉਂਡਰ ਡਾਕਟਰ ਰਮੇਸ਼ ਨੇ ਅੱਖਾਂ ਦਾਨ ਦੀ ਲਹਿਰ ਨੂੰ ਸਾਲ 1992 ਤੋਂ ਸ਼ੁਰੂ ਕੀਤਾ ਸੀ। ਉਸ ਸਮੇਂ ਪੰਜਾਬ ਦਾ ਮਾਹੌਲ ਕੁੱਝ ਠੀਕ ਨਹੀਂ ਸੀ। ਪਰ ਉਹ ਅਪਣੇ ਸਾਥੀਆਂ ਦੇ ਨਾਲ ਲੋਕਾਂ ਨੂੰ ਅੱਖਾਂ ਦਾਨ ਕਰਨ ਲਈ ਪ੍ਰੇਰਿਤ ਕਰਦੇ ਰਹੇ।
ਹੁਣ ਤੱਕ ਪੁਨਰਜੋਤ ਆਈ ਬੈਂਕ ਨੂੰ 6800 ਲੋਕ ਅਪਣੀਆਂ ਅੱਖਾਂ ਦਾਨ ਕਰ ਚੁੱਕੇ ਹਨ। ਇਸ ਵਿਚ 5 ਹਜ਼ਾਰ ਲੋਕਾਂ ਨੂੰ ਅੱਖਾਂ ਟਰਾਂਸਪਲਾਂਟ ਹੋ ਵੀ ਚੁੱਕੀਆਂ ਹਨ। ਹੁਣ ਆਈ ਬੈਂਕ ਵਿਚ ਹਰ ਮਹੀਨੇ ਲੱਗ-ਭੱਗ 40 ਅੱਖਾਂ ਦਾਨ ਕਰਨ ਵਾਲੇ ਪਹੁੰਚਦੇ ਹਨ। ਹਾਲਾਤ ਇਹ ਹਨ ਕਿ ਅੱਖਾਂ ਲਗਵਾਉਣ ਲਈ ਲੋਕਾਂ ਦੀ ਕਮੀ ਪੈ ਰਹੀ ਹੈ। ਇਸ ਲਈ ਉਹ ਕਿਸੇ ਤਰ੍ਹਾਂ ਹੋਰ ਗੁਆਂਢੀ ਰਾਜਾਂ ਵਿਚ ਲੋਕਾਂ ਨੂੰ ਇਹ ਅਪੀਲ ਭੇਜ ਰਹੇ ਹਨ ਕਿ ਉਹ ਉਨ੍ਹਾਂ ਦੇ ਆਈ ਬੈਂਕ ਨਾਲ ਸੰਪਰਕ ਕਰਕੇ ਅੱਖਾਂ ਲੈ ਸਕਦੇ ਹਨ।