ਕਰਤਾਰਪੁਰ ਲਾਂਘਾ: ਭਾਰਤ-ਪਾਕਿ ਦੀਆਂ ਕੇਂਦਰੀ ਟੀਮਾਂ ‘ਚ ਦੋ ਘੰਟੇ ਗੱਲਬਾਤ, ਜ਼ਮੀਨ ਦਾ ਲਿਆ ਜਾਇਜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਲੈਂਡ ਪੋਰਟ ਅਥਾਰਿਟੀ ਆਫ਼ ਇੰਡੀਆ ਦੇ ਚੈਅਰਮੈਨ ਅਨਿਲ ਭਾਮ...

Kartarpur Corridor construction work

ਬਟਾਲਾ : ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਲੈਂਡ ਪੋਰਟ ਅਥਾਰਿਟੀ ਆਫ਼ ਇੰਡੀਆ ਦੇ ਚੈਅਰਮੈਨ ਅਨਿਲ ਭਾਮ ਅਤੇ ਦਿੱਲੀ ਤੋਂ ਆਈ ਕੇਂਦਰੀ ਟੀਮ ਨੇ ਭਾਰਤ-ਪਾਕਿਸਤਾਨ ਸਰਹੱਦ ਉਤੇ ਸ਼ਨੀਵਾਰ ਨੂੰ ਜਾਇਜਾ ਲਿਆ। ਟੀਮ ਨੇ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਪ੍ਰਾਪਤ ਕੀਤੀ ਜਾਣ ਵਾਲੀ ਜ਼ਮੀਨ ਨੂੰ ਵੀ ਦੇਖਿਆ। ਨੈਸ਼ਨਲ ਹਾਈਵੇ ਅਥਾਰਿਟੀ ਆਫ਼ ਇੰਡੀਆ ਦੇ ਯੋਜਨਾ ਨਿਰਦੇਸ਼ਕ ਪੰਜਾਬ ਯਸ਼ਪਾਲ ਸਿੰਘ ਬੀਐਸਐਫ ਅਧਿਕਾਰੀਆਂ ਦੇ ਨਾਲ ਭਾਰਤ-ਪਾਕਿ ਸਰਹੱਦ ਉਤੇ ਜੀਰੋ ਲਾਈਨ ਉਤੇ ਪਹੁੰਚੇ। ਦੂਜੇ ਪਾਸੇ ਪਾਕਿਸਤਾਨ ਦੀ ਟੀਮ ਵੀ ਜੀਰੋ ਲਾਈਨ ਉਤੇ ਪਹੁੰਚੀ ਹੋਈ ਸੀ।

ਜੀਰੋ ਲਾਈਨ ਉਤੇ ਦੋਨਾਂ ਦੇਸ਼ਾਂ ਦੀਆਂ ਟੀਮਾਂ ਨੇ ਆਪਸ ਵਿਚ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਕਰੀਬ ਦੋ ਘੰਟੇ ਤੱਕ ਗੱਲਬਾਤ ਕੀਤੀ। ਇਸ ਤੋਂ ਬਾਅਦ ਦਿੱਲੀ ਤੋਂ ਆਈ ਟੀਮ ਨੇ ਬੀਐਸਐਫ ਦੇ ਟਾਵਰ ਉਤੇ ਚੜ੍ਹ ਕੇ ਪਾਕਿਸਤਾਨ ਵਿਚ ਕੋਰੀਡੋਰ ਦੇ ਕੰਮ ਨੂੰ ਦੇਖਿਆ। ਉਥੇ ਹੀ, ਟੀਮ ਤੋਂ ਬੀਐਸਐਫ ਨੇ ਮੀਡੀਆ ਨੂੰ ਦੂਰ ਰੱਖਿਆ ਅਤੇ ਕੋਈ ਫੋਟੋ ਤੱਕ ਨਹੀਂ ਖਿੱਚਣ ਦਿਤੀ ਗਈ। ਇਸ ਤੋਂ ਇਲਾਵਾ ਟੀਮ ਦੇ ਕਿਸੇ ਵੀ ਅਧਿਕਾਰੀ ਨੇ ਮੀਡੀਆ ਨੂੰ ਕੁੱਝ ਨਹੀਂ ਦੱਸਿਆ। ਸ਼ਨਿਚਰਵਾਰ ਨੂੰ ਆਈ ਕੇਂਦਰੀ ਟੀਮ ਨੇ ਪ੍ਰਾਪਤ ਕੀਤੀ ਜਾਣ ਵਾਲੀਆਂ ਜਮੀਨਾਂ ਦੇ ਨਕਸ਼ੇ ਮੰਗਵਾਏ ਅਤੇ ਜਮੀਨ ਨੰਬਰ ਆਦਿ ਚੈਕ ਕੀਤੇ ਗਏ।

ਇਸ ਤੋਂ ਬਾਅਦ ਭਾਰਤ-ਪਾਕਿ ਸਰਹੱਦ ਉਤੇ ਬਣੇ ਦਰਸ਼ਨ ਜਗ੍ਹਾਂ ਦੇ ਕੈਬਨ ਉਤੇ ਕੇਂਦਰੀ ਟੀਮ ਨੇ ਕਈ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ। ਧਿਆਨ ਯੋਗ ਹੈ ਕਿ ਨਵੇਂ ਸਾਲ ਤੋਂ ਬਾਅਦ ਕਰਤਾਰਪੁਰ ਕੋਰੀਡੋਰ ਦੀ ਉਸਾਰੀ ਨੂੰ ਲੈ ਕੇ ਭਾਰਤ ਸਰਕਾਰ ਨੇ ਵੀ ਤੇਜੀ ਦਿਖਾਈ ਹੈ। ਇਸ ਤੋਂ ਲੱਗਦਾ ਹੈ ਕਿ ਛੇਤੀ ਹੀ ਸ਼੍ਰੀ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਕੰਮ ਸ਼ੁਰੂ ਕਰ ਦਿਤਾ ਜਾਵੇਗਾ।

ਇਸ ਮੌਕੇ ਉਤੇ ਟੀਮਾਂ ਦੇ ਨਾਲ ਬੀਐਸਐਫ ਦੇ ਡੀਆਈਜੀ ਰਾਜੇਸ਼ ਸ਼ਰਮਾ, ਨੀਰਜ ਕੁਮਾਰ, ਐਸਡੀਐਮ ਅਸ਼ੋਕ ਕੁਮਾਰ ਸ਼ਰਮਾ, ਤਹਿਸੀਲਦਾਰ ਅਰਵਿੰਦ ਸਲਵਾਨ, ਨਾਇਬ ਤਹਿਸੀਲਦਾਰ ਜਨਕ ਰਾਜ, ਪ੍ਰਿਤਪਾਲ ਸਿੰਘ, ਡੀਐਸਪੀ ਐਚਐਸ ਮਾਨ ਮੌਜੂਦ ਸਨ।