''ਭਾਜਪਾ ਦੇ ਪਿਆਰ 'ਚ ਅੰਨ੍ਹਾ ਹੋਇਆ ਅਕਾਲੀ ਮੁਖੀ ਗ਼ਰੀਬਾਂ ਦੀ ਸਮੱਸਿਆਵਾਂ ਦੇਖ ਨਹੀਂ ਸਕਦਾ''
ਕੈਪਟਨ ਨੇ ਸੁਖਬੀਰ ਵਲੋਂ ਕੇਂਦਰੀ ਬਜਟ ਦੀ ਤਾਰੀਫ਼ ਨੂੰ ਨਿਰੀ ਚਾਪਲੂਸੀ ਦਸਿਆ
ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ) : ਕੇਂਦਰੀ ਬਜਟ 2020-21 ਨੂੰ ਕਿਸਾਨੀ ਪੱਖੀ ਅਤੇ ਗ਼ਰੀਬ ਪੱਖੀ ਕਰਾਰ ਦੇਣ ਵਾਲੇ ਸੁਖਬੀਰ ਬਾਦਲ ਦੀ ਟਿਪਣੀ ਦਾ ਖੰਡਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਅਕਾਲੀ ਦਲ ਦੇ ਪ੍ਰਧਾਨ ਦੇ ਵੱਡੇ ਦਾਅਵਿਆਂ ਨੂੰ ਨਿਰੀ ਚਾਪਲੂਸੀ ਤੇ ਬੇਸ਼ਰਮੀ ਦਾ ਪ੍ਰਗਟਾਵਾ ਦਸਿਆ।
ਮੁੱਖ ਮੰਤਰੀ ਨੇ ਹੈਰਾਨੀ ਪ੍ਰਗਟਾਈ ਕਿ ਖੇਤੀ ਮਾਹਰਾਂ ਅਤੇ ਕਿਸਾਨ ਸੰਗਠਨਾਂ ਵਲੋਂ ਠੁਕਰਾਏ ਗਏ ਕੇਂਦਰੀ ਬਜਟ ਵਿਚ ਸੁਖਬੀਰ ਨੂੰ ਕਿਸਾਨੀ ਲਈ ਕਿਹੜਾ ਸਕਾਰਾਤਮਕ ਪੱਖ ਦਿਖਿਆ ਹੈ। ਉਨ੍ਹਾਂ ਕਿਹਾ ਕਿ ਸੱਤਾ ਦੇ ਨਸ਼ੇ ਵਿਚ ਅੰਨ੍ਹੀ ਭਾਜਪਾ ਨੂੰ ਤਾਂ ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾਂ ਕੀ ਦਿਸਣੀਆਂ ਸਨ ਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਸੱਤਾਧਾਰੀ ਧਿਰ ਦੇ ਪਿਆਰ ਵਿਚ ਇੰਨਾ ਗਲਤਾਨ ਹੋ ਚੁੱਕਾ ਹੈ ਕਿ ਉਸਨੂੰ ਵੀ ਇਸ ਆਡੰਬਰੀ ਬਜਟ ਵਿਚ ਕੁਝ ਗ਼ਲਤ ਨਹੀਂ ਦਿਸਿਆ।
ਮੁੱਖ ਮੰਤਰੀ ਨੇ ਟਿੱਪਣੀ ਕਰਦਿਆਂ ਕਿਹਾ ਕਿ ਕੇਂਦਰੀ ਮੰਤਰੀ ਮੰਡਲ ਵਿਚ ਸੂਬੇ ਦੇ ਤਿੰਨ ਮੰਤਰੀ ਹੋਣ ਦੇ ਬਾਵਜੂਦ ਭਾਜਪਾ-ਅਕਾਲੀ ਗੱਠਜੋੜ ਨਾ ਸਿਰਫ਼ ਪੰਜਾਬ ਸਗੋਂ ਦੇਸ਼ ਭਰ ਵਿਚ ਵੱਡੇ ਪੱਧਰ 'ਤੇ ਕਰਜ਼ੇ ਦੇ ਬੋਝ ਹੇਠ ਦੱਬੇ ਹੋਏ ਕਿਸਾਨਾਂ ਲਈ ਕਰਜ਼ਾ ਰਾਹਤ ਸਕੀਮ ਸੁਰੱਖਿਅਤ ਕਰਨ ਵਿਚ ਅਸਫ਼ਲ ਰਿਹਾ ਹੈ।
ਖੇਤੀਬਾੜੀ ਸੈਕਟਰ ਲਈ 15 ਲੱਖ ਕਰੋੜ ਰੁਪਏ ਦੇ ਬਜਟ ਅਲਾਟਮੈਂਟ ਦੀ ਸ਼ਲਾਘਾ ਕਰਨ ਵਾਲੇ ਸੁਖਬੀਰ ਦੀ ਪ੍ਰਤੀਕ੍ਰਿਆ 'ਤੇ ਸਵਾਲ ਉਠਾਉਂਦਿਆਂ ਕੈਪਟਨ ਅਮਰਿੰਦਰ ਨੇ ਪੁੱਛਿਆ ਕਿ ਅਕਾਲੀ ਆਗੂ ਇਹ ਸਪੱਸ਼ਟ ਕਰਨ ਕਿ ਖੇਤੀਬਾੜੀ ਅਤੇ ਇਸ ਨਾਲ ਜੁੜੇ ਖੇਤਰਾਂ ਲਈ ਪਿਛਲੇ ਸਾਲ ਨਾਲੋਂ ਸਿਰਫ 10 ਫ਼ੀ ਸਦੀ ਦੀ ਵਾਧੇ ਨਾਲ ਕਿਸਾਨਾਂ ਨੂੰ ਦਰਪੇਸ਼ ਕਰਜ਼ੇ ਦੇ ਗੰਭੀਰ ਸੰਕਟ ਨਾਲ ਨਜਿੱਠਣ ਲਈ ਕਿਵੇਂ ਕਾਫ਼ੀ ਸਮਝਦੇ ਹਨ?
ਉਨ੍ਹਾਂ ਕਿਹਾ ਕਿ ਇੰਨੀ ਘੱਟ ਰਕਮ ਦੀ ਵੰਡ ਜੋ ਕਿਸਾਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਨੇੜੇ-ਤੇੜੇ ਵੀ ਨਹੀਂ ਜਾਪਦੀ, ਨਾਲ ਸੁਖਬੀਰ ਅਗਲੇ ਦੋ ਸਾਲਾਂ ਵਿਚ ਕਿਸਾਨੀ ਦੀ ਆਮਦਨੀ ਨੂੰ ਦੁੱਗਣਾ ਹੁੰਦੇ ਵੇਖਣ ਦੀ ਉਮੀਦ ਕਿਵੇਂ ਕਰ ਸਕਦੇ ਹਨ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਕਿਸਾਨਾਂ ਦੀ ਤਰੱਕੀ ਤੋਂ ਬਗੈਰ ਪੇਂਡੂ ਖਪਤ ਵਧਣ ਦੀ ਕੋਈ ਸੰਭਾਵਨਾ ਨਹੀਂ ਹੈ ਜਿਸ ਨਾਲ ਆਰਥਿਕ ਵਿਕਾਸ ਵੀ ਘਟੇਗਾ।