ਇਸ ਵਾਰ ਪੰਜਾਬ 'ਚ ਕਣਕ ਦੀ ਬੰਪਰ ਫ਼ਸਲ ਹੋਣ ਦਾ ਅਨੁਮਾਨ, ਕਿਸਾਨਾਂ ਦੀ ਮਿਹਨਤ ਦਾ ਪਵੇਗਾ ਮੁੱਲ  

ਏਜੰਸੀ

ਖ਼ਬਰਾਂ, ਪੰਜਾਬ

- ਸੂਬੇ ਵਿਚ 35.08 ਲੱਖ ਹੈਕਟੇਅਰ ਰਕਬੇ ਵਿਚ ਕਣਕ ਦੀ ਬਿਜਾਈ

This time, Punjab is expected to have a bumper crop of wheat, the hard work of the farmers will be worth it

ਮੁਹਾਲੀ - ਇਸ ਵਾਰ ਪੰਜਾਬ ਦੇ ਕਿਸਾਨਾਂ ਨੂੰ ਖੁਸ਼ਖਬਰੀ ਮਿਲ ਸਕਦੀ ਹੈ ਕਿਉਂਕਿ ਇਸ ਵਾਰ ਪੰਜਾਬ ਵਿਚ ਕਣਕ ਦੀ ਬੰਪਰ ਫ਼ਸਲ ਹੋਣ ਦਾ ਅਨੁਮਾਨ ਹੈ। 
ਕੌਮੀ ਪੱਧਰ ’ਤੇ ਕਣਕ ਦੀ ਵਧ ਰਹੀ ਮੰਗ ਅਤੇ ਖ਼ਾਲੀ ਹੋ ਰਹੇ ਭੰਡਾਰ ਵਿਚ ਅੰਨਦਾਤਾ ਦੀ ਮਿਹਨਤ ਦਾ ਮੁੱਲ ਜਾਵੇਗਾ। ਪਿਛਲੇ ਵਰ੍ਹੇ ਪੰਜਾਬ ’ਚ ਕਣਕ ਦੇ ਝਾੜ ਵਿਚ ਲਗਭਗ 15 ਫ਼ੀਸਦੀ ਦੀ ਕਮੀ ਦਰਜ ਕੀਤੀ ਗਈ ਸੀ ਜਿਸ ਤੋਂ ਕਿਸਾਨ ਨਿਰਾਸ਼ ਹੋ ਗਏ ਸਨ। 

ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵਾਰ ਸੂਬੇ ਵਿਚ 35.08 ਲੱਖ ਹੈਕਟੇਅਰ ਰਕਬੇ ਵਿਚ ਕਣਕ ਦੀ ਬਿਜਾਈ ਹੋਈ ਹੈ ਤੇ ਖੇਤੀ ਮਹਿਕਮੇ ਵੱਲੋਂ ਕਣਕ ਦੀ ਪੈਦਾਵਾਰ 164.75 ਲੱਖ ਮੀਟਰਿਕ ਟਨ ਹੋਣ ਦੀ ਸੰਭਾਵਨਾ ਜਤਾਈ ਗਈ ਹੈ, ਜਦਕਿ ਪਿਛਲੇ ਵਰ੍ਹੇ ਪੈਦਾਵਾਰ 148.68 ਲੱਖ ਮੀਟਰਿਕ ਟਨ ਸੀ। ਮਾਹਿਰ ਆਖਦੇ ਹਨ ਕਿ ਰੂਸ-ਯੁਕਰੇਨ ਜੰਗ ਕਰਕੇ ਕੌਮਾਂਤਰੀ ਪੱਧਰ ’ਤੇ ਕਣਕ ਦੀ ਮੰਗ ਵਧੀ ਹੈ।

ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਤਹਿਤ ਮੁਫ਼ਤ ਅਨਾਜ ਦਿੱਤੇ ਜਾਣ ਦੀ ਮਿਆਦ ਵਿਚ ਵੀ ਵਾਧਾ ਕੀਤਾ ਗਿਆ ਹੈ,  ਜਿਸ ਕਰਕੇ ਕਣਕ ਦੀ ਮੰਗ ਹੋਰ ਵਧ ਸਕਦੀ ਹੈ। ਪੰਜਾਬ ਵਿਚ ਇਸ ਸਾਲ ਇੱਕ ਤੋਂ ਦੂਜੇ ਥਾਂ ਅਨਾਜ ਪਹੁੰਚਾਉਣ ਦਾ ਅਮਲ ਵੀ ਤੇਜ਼ ਰਿਹਾ ਹੈ ਅਤੇ ਸੂਬੇ ਵਿਚ ਅਨਾਜ ਦੇ ਭੰਡਾਰ ਤੇਜ਼ੀ ਨਾਲ ਖ਼ਾਲੀ ਹੋ ਰਹੇ ਹਨ। ਆਮ ਤੌਰ ’ਤੇ ਇਨ੍ਹਾਂ ਦਿਨਾਂ ਵਿਚ ਪੰਜਾਬ ਦੇ ਅਨਾਜ ਭੰਡਾਰਾਂ ਵਿਚ 40 ਤੋਂ 50 ਲੱਖ ਮੀਟਰਿਕ ਟਨ ਕਣਕ ਮੌਜੂਦ ਹੁੰਦੀ ਹੈ, ਪਰ ਇਸ ਵਾਰ ਸਿਰਫ਼ 20 ਲੱਖ ਮੀਟਰਿਕ ਟਨ ਕਣਕ ਹੀ ਬਚੀ ਹੈ।

ਮਾਰਚ ਮਹੀਨੇ ਤੱਕ ਸਮੁੱਚੇ ਸੂਬੇ ਦੇ ਗੁਦਾਮਾਂ ’ਚੋਂ ਕਣਕ ਖ਼ਤਮ ਹੋ ਜਾਵੇਗੀ। ਭਾਰਤੀ ਖ਼ੁਰਾਕ ਨਿਗਮ ਕੋਲ ਪੰਜਾਬ ਵਿਚ ਸਿਰਫ਼ ਛੇ ਲੱਖ ਮੀਟਰਿਕ ਟਨ ਕਣਕ ਬਚੀ ਹੈ ਤੇ 14 ਲੱਖ ਮੀਟਰਿਕ ਟਨ ਕਣਕ ਸਟੇਟ ਏਜੰਸੀਆਂ ਕੋਲ ਪਈ ਹੈ। ਉਧਰ ਮਾਹਰਾਂ ਦਾ ਵੀ ਕਹਿਣਾ ਹੈ ਕਿ ਜੇ ਮੌਸਮ ਨਾ ਵਿਗੜਿਆ ਤਾਂ ਇਸ ਵਾਰ ਕਣਕ ਦੇ ਝਾੜ ’ਚ ਕਰੀਬ 10 ਫ਼ੀਸਦੀ ਤੱਕ ਦਾ ਵਾਧਾ ਹੋ ਸਕਦਾ ਹੈ। ਇਸ ਨਾਲ ਇੱਕ ਪਾਸੇ ਕਿਸਾਨਾਂ ਨੂੰ ਵਿੱਤੀ ਲਾਭ ਮਿਲੇਗਾ, ਦੂਜੇ ਪਾਸੇ ਟੈਕਸਾਂ ਰਾਹੀਂ ਸਰਕਾਰੀ ਖ਼ਜ਼ਾਨੇ ਦੀ ਕਮਾਈ ਵੀ ਵਧੇਗੀ।