ਕੌਮੀ ਸੜਕ ਮਾਰਗਾਂ ਦਾ ਸਫ਼ਰ ਬਣਿਆ ਸਿਰਦਰਦੀ, ਖਾਲੀ ਹੋਈਆਂ ਪੰਜਾਬੀਆਂ ਦੀਆਂ ਜੇਬ੍ਹਾਂ

ਏਜੰਸੀ

ਖ਼ਬਰਾਂ, ਪੰਜਾਬ

ਲੰਘੇ ਪੰਜ ਵਰ੍ਹਿਆਂ ਦੇ ਅੰਕੜਿਆਂ ਨੇ ਦਰਸਾਇਆ ਵਾਧਾ 

Toll Tax

ਮੁਹਾਲੀ - ਟੋਲ ਟੈਕਸ ਇਕ ਵਾਰ ਫਿਰ ਮਹਿੰਗਾ ਹੋ ਰਿਹਾ ਹੈ। ਕੌਮੀ ਸੜਕ ਮਾਰਗਾਂ ਦਾ ਸਫ਼ਰ ਹੁਣ ਸਿਰਦਰਦੀ ਬਣਦਾ ਜਾ ਰਿਹਾ ਹੈ। ਕਿਸਾਨੀ ਸੰਘਰਸ਼ ਤੋਂ ਬਾਅਦ ਟੋਲ ਟੈਕਸ ਵਿਚ ਜੋ ਵਾਧਾ ਹੋਇਆ ਹੈ ਟੋਲ ਕੰਪਨੀਆਂ ਉਸ ਪੁਰਾਣੇ ਘਾਟੇ ਨੂੰ ਪੂਰਾ ਕਰ ਰਹੀਆਂ ਹਨ। ਪੰਜਾਬ ਵਿਚ ਟੋਲ ਟੈਕਸ ਦੀ ਵਸੂਲੀ ਨੇ ਨਵੇਂ ਰਿਕਾਰਡ ਕਾਇਮ ਕੀਤੇ ਹਨ। ਬੀਤੇ ਪੰਜ ਵਰ੍ਹਿਆਂ ਵਿਚ ਕੌਮੀ ਸੜਕ ਮਾਰਗਾਂ ਤੋਂ ਟੋਲ ਵਸੂਲੀ ਦੇ ਅੰਕੜੇ ਇਹ ਦਰਸਾਉਂਦੇ ਹਨ ਕਿ ਹਰ ਵਰ੍ਹੇ ਅਪਰੈਲ ਮਹੀਨੇ ਤੋਂ ਟੋਲ ਦੀ ਕੀਮਤ ਵਿਚ ਵਾਧਾ ਹੋ ਰਿਹਾ ਹੈ। ਇਹ ਸਾਲਾਨਾ ਵਾਧਾ ਹੀ ਪੰਜਾਬੀਆਂ ’ਤੇ ਬਾਰੀ ਪੈ ਰਿਹਾ ਹੈ। 

ਕੌਮੀ ਸੜਕ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਇੱਕ ਅਪਰੈਲ, 2018 ਤੋਂ ਦਸੰਬਰ, 2022 ਤੱਕ (ਕਰੀਬ ਪੌਣੇ ਪੰਜ ਸਾਲ) ਪੰਜਾਬ ਵਿਚ ਕੌਮੀ ਸੜਕ ਮਾਰਗਾਂ ’ਤੇ ਪੈਂਦੇ ਟੋਲ ਪਲਾਜ਼ਿਆਂ ਤੋਂ 2844.60 ਕਰੋੜ ਰੁਪਏ ਦੀ ਵਸੂਲੀ ਹੋਈ ਹੈ। ਪੰਜਾਬ ਸਰਕਾਰ ਦੇ ਜੋ ਆਪਣੇ ਸੂਬਾਈ ਟੋਲ ਪਲਾਜ਼ੇ ਹਨ, ਉਨ੍ਹਾਂ ਤੋਂ ਵਸੂਲਿਆ ਟੋਲ ਇਸ ਤੋਂ ਵੱਖਰਾ ਹੈ। ਪੰਜਾਬ ਵਿੱਚ ਕੌਮੀ ਸੜਕ ਮਾਰਗਾਂ ’ਤੇ ਕਰੀਬ ਦੋ ਦਰਜਨ ਟੋਲ ਪਲਾਜ਼ੇ ਹਨ। ਇਨ੍ਹਾਂ ਨੇ ਵਰ੍ਹਾ 2018-19 ਵਿੱਚ ਪ੍ਰਤੀ ਦਿਨ ਔਸਤਨ 1.71 ਕਰੋੜ ਰੁਪਏ ਦਾ ਟੋਲ ਵਸੂਲ ਕੀਤਾ ਹੈ।

ਵਰ੍ਹਾ 2019-20 ਦੌਰਾਨ ਇਨ੍ਹਾਂ ਟੋਲ ਪਲਾਜ਼ਿਆਂ ’ਤੇ ਲੋਕਾਂ ਨੇ ਰੋਜ਼ਾਨਾ ਔਸਤਨ 1.89 ਕਰੋੜ ਰੁਪਏ ਟੋਲ ਵਜੋਂ ਤਾਰੇ ਹਨ। ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲੇ ਕਿਸਾਨ ਅੰਦੋਲਨ ਦੌਰਾਨ ਅਕਤੂਬਰ, 2020 ਤੋਂ ਇਹ ਟੋਲ ਪਲਾਜ਼ੇ ਕਿਸਾਨ ਧਿਰਾਂ ਨੇ ਟੋਲ  ਤੋਂ ਮੁਕਤ ਕਰ ਦਿੱਤੇ ਸਨ, ਜਿਸ ਦੇ ਨਤੀਜੇ ਵਜੋਂ ਸਾਲ 2020-21 ਦੌਰਾਨ ਪ੍ਰਤੀ ਦਿਨ ਔਸਤਨ ਲੋਕਾਂ ਨੇ 77.30 ਲੱਖ ਰੁਪਏ ਦਾ ਟੋਲ ਤਾਰਿਆ ਹੈ ਅਤੇ ਇਸੇ ਤਰ੍ਹਾਂ 2021-22 ਵਿਚ ਪ੍ਰਤੀ ਦਿਨ ਔਸਤਨ 80.40 ਲੱਖ ਰੁਪਏ ਟੋਲ ਵਜੋਂ ਦਿੱਤੇ ਹਨ। 

ਕਿਸਾਨ ਅੰਦੋਲਨ ਵਾਲੇ ਦੋ ਵਰ੍ਹਿਆਂ ਵਿਚ ਟੋਲ ਵਸੂਲੀ ’ਚ ਵੱਡੀ ਕਮੀ ਹੋਈ ਸੀ ਕਿਉਂਕਿ ਕਿਸਾਨਾਂ ਨੇ ਇਸ ਦਾ ਜ਼ਬਰਦਸਤ ਵਿਰੋਧ ਕੀਤਾ ਸੀ। ਟੋਲ ਕੰਪਨੀਆਂ ਨੇ ਸਰਕਾਰ ਕੋਲ ਇਹ ਪ੍ਰਗਟਾਵਾ ਕੀਤਾ ਸੀ ਕਿ ਇਨ੍ਹਾਂ ਦੋਹਾਂ ਸਾਲਾਂ ਵਿਚ ਉਨ੍ਹਾਂ ਦਾ ਇਕੱਲੇ ਪੰਜਾਬ ਵਿਚ 1269.42 ਕਰੋੜ ਰੁਪਏ ਦਾ ਵਿੱਤੀ ਨੁਕਸਾਨ ਹੋਇਆ ਹੈ। ਜਦੋਂ ਕਿਸਾਨਾਂ ਨੇ ਟੋਲ ਪਲਾਜ਼ਿਆਂ ਤੋਂ ਧਰਨੇ ਚੁੱਕ ਦਿੱਤੇ ਤਾਂ ਇਨ੍ਹਾਂ ਦੀ ਵਸੂਲੀ ਇਕਦਮ ਵਧ ਗਈ।

ਹੁਣ ਦੇ ਵਰ੍ਹੇ 2022-23 ਦੌਰਾਨ ਇਨ੍ਹਾਂ ਕੌਮੀ ਸੜਕ ਮਾਰਗਾਂ ਦਾ ਔਸਤਨ ਟੋਲ ਪ੍ਰਤੀ ਦਿਨ 10.41 ਕਰੋੜ ਰੁਪਏ ’ਤੇ ਪੁੱਜ ਗਿਆ ਹੈ, ਜੋ ਆਪਣੇ-ਆਪ ਵਿਚ ਰਿਕਾਰਡ ਹੈ। ਸੂਤਰ ਦੱਸਦੇ ਹਨ ਕਿ ਕਿਸਾਨ ਘੋਲ ਦੌਰਾਨ ਵੀ ਸਾਲਾਨਾ ਟੋਲ ਵਿੱਚ ਵਾਧਾ ਹੁੰਦਾ ਰਿਹਾ ਹੈ। ਹੁਣ ਜਦੋਂ ਇਹ ਟੋਲ ਪਲਾਜ਼ਾ ਮੁੜ ਖੁੱਲ੍ਹੇ ਤਾਂ ਕੰਪਨੀਆਂ ਦੇ ਖ਼ਜ਼ਾਨੇ ਨੂੰ ਵੱਡਾ ਲਾਹਾ ਮਿਲਿਆ ਹੈ। ਚਾਲੂ ਮਾਲੀ ਸਾਲ ਦੇ ਦਸੰਬਰ ਮਹੀਨੇ ਤੱਕ ਪੰਜਾਬ ਵਿਚ ਕੌਮੀ ਸੜਕ ਮਾਰਗਾਂ ਤੋਂ ਕੰਪਨੀਆਂ ਨੇ 953.19 ਕਰੋੜ ਰੁਪਏ ਵਸੂਲੇ ਹਨ ਅਤੇ ਇਸ ਮਾਲੀ ਵਰ੍ਹੇ ਦੌਰਾਨ ਇਹ ਕਮਾਈ ਕਰੀਬ 1300 ਕਰੋੜ ਤੱਕ ਪੁੱਜ ਸਕਦੀ ਹੈ।