20 ਸਾਲਾਂ ਤੋਂ ਸਿੰਘ ਸ਼ਹੀਦਾਂ ਦੇ ਮਾਡਲ ਬਣਾਉਂਦਾ ਆ ਰਿਹੈ ਪਰਵਿੰਦਰ ਸਿੰਘ ਆਰਟਿਸਟ
ਪਰਵਿੰਦਰ ਸਿੰਘ ਆਰਟਿਸਟ ਕਰੀਬ 20 ਸਾਲਾਂ ਤੋਂ ਸਿੰਘ ਸ਼ਹੀਦਾਂ ਦੇ ਮਾਡਲ ਬਣਾਉਂਦਾ ਆ ਰਿਹਾ ਹੈ ਪਰ ਅੱਜ ਤਕ ਕਿਸੇ ਵੀ ਸਰਕਾਰ ਨੇ ਪਰਵਿੰਦਰ ਸਿੰਘ ਦੀ ਬਾਂਹ ਨਹੀਂ ਫੜੀ।
ਐਸ.ਏ.ਐਸ.ਨਗਰ: ਪਰਵਿੰਦਰ ਸਿੰਘ ਆਰਟਿਸਟ ਕਰੀਬ 20 ਸਾਲਾਂ ਤੋਂ ਸਿੰਘ ਸ਼ਹੀਦਾਂ ਦੇ ਮਾਡਲ ਬਣਾਉਂਦਾ ਆ ਰਿਹਾ ਹੈ ਪਰ ਅੱਜ ਤਕ ਕਿਸੇ ਵੀ ਸਰਕਾਰ ਨੇ ਪਰਵਿੰਦਰ ਸਿੰਘ ਦੀ ਬਾਂਹ ਨਹੀਂ ਫੜੀ।
ਪਰਵਿੰਦਰ ਸਿੰਘ ਆਰਟਿਸਟ ਨੇ ਦਸਿਆ ਕਿ ਮੈਂ ਆਉਣ ਵਾਲੀ ਨਵੀਂ ਪੀੜ੍ਹੀ ਨੂੰ ਕੁਰਬਾਨੀਆਂ ਭਰੇ ਗੋਰਵਮਈ ਸਿੱਖ ਇਤਿਹਾਸ ਦੀ ਜਾਣਕਾਰੀ ਦੇਣ ਲਈ ਸਿੱਖ ਅਜਾਇਬ ਘਰ ਬਣਾਉਣਾ ਚਾਹੁੰਦਾ ਹਾਂ ਜਿਸ ਵਿਚ ਆ ਕੇ ਬੱਚੇ ਕੁਰਬਾਨੀਆਂ ਭਰੇ ਗੌਰਵਮਈ ਸਿੱਖ ਇਤਿਹਾਸ ਦੇ ਫ੍ਰੀ ਦਰਸ਼ਨ ਕਰ ਸਕਣ।
ਪਰ ਬਹੁਤ ਅਪੀਲਾਂ ਕਰਨ ਦੇ ਬਾਵਜੂਦ ਪੰਜਾਬ ਦੀਆਂ ਸਰਕਾਰਾਂ ਨੇ ਕੋਈ ਪੱਲਾ ਨਹੀਂ ਫੜਿਆ। ਸਮੇਂ ਸਮੇਂ 'ਤੇ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦੇ ਵੀ ਸਿੱਖ ਅਜਾਇਬ ਘਰ ਵਿਚ ਆਉਂਦੇ ਰਹੇ ਅਤੇ ਹੁਣ ਕਾਂਗਰਸ ਸਰਕਾਰ ਦੇ ਮੰਤਰੀ ਵੀ ਆ ਚੁੱਕੇ ਹਨ।
ਜ਼ਮੀਨ ਪੱਕੀ ਕਰਨ ਦਾ ਵਾਅਦਾ ਅਤੇ ਮਾਲੀ ਮਦਦ ਦੇਣ ਦਾ ਵੀ ਭਰੋਸਾ ਦਿਤਾ ਪਰ ਅਜੇ ਤੱਕ ਕੋਈ ਵੀ ਵਾਅਦਾ ਪੁਰਾ ਨਹੀਂ ਕੀਤਾ। ਪ੍ਰਿੰਟ ਮੀਡੀਆ ਅਤੇ ਟੀਵੀ ਚੈਨਲਾਂ ਨੇ ਵੀ ਸਿੱਖ ਅਜਾਇਬ ਘਰ ਦਾ ਕਾਫੀ ਪ੍ਰਚਾਰ ਕੀਤਾ ਪਰ ਪੰਜਾਬ ਸਰਕਾਰ ਦੇ ਕੰਨਾਂ 'ਤੇ ਜੂੰ ਤੱਕ ਨਹੀਂ ਸਰਕੀ।
ਪਰਵਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਭਰੇ ਮੰਨ ਨਾਲ ਦਸਿਆ ਕਿ ਮੈਂ ਹੁਣ ਕੀ ਕਰਾਂ, ਨਾ ਪੰਜਾਬ ਸਰਕਾਰ ਕੋਈ ਮਦਦ ਕਰਦੀ ਹੈ ਨਾ ਹੀ ਕੋਈ ਗੁਰਦਵਾਰਾ ਪ੍ਰਬੰਧ ਕਮੇਟੀ, ਨਾ ਕੋਈ ਧਾਰਮਕ ਜਥੇਬੰਦੀਆਂ। ਸਿੱਖ ਸੰਗਤਾਂ ਸਿੱਖ ਅਜਾਇਬ ਘਰ ਵਿਚ ਬਹੁਤ ਘੱਟ ਆ ਰਹੀਆਂ ਹਨ। ਇਕ ਵਾਰ ਹੋਰ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਹਾਂ ਸਿੱਖ ਅਜਾਇਬ ਘਰ ਨੂੰ ਪੱਕੇ ਤੌਰ 'ਤੇ ਜ਼ਮੀਨ ਅਲਾਟ ਕਰੇ ਤਾਂ ਜੋ ਅਸੀ ਸਿੱਖ ਅਜਾਇਬ ਘਰ ਦੀ ਵਿਲਡਿੰਗ ਦੀ ਸੇਵਾ ਅਰੰਭ ਕਰ ਸਕੀਏ।