ਸਾਧੂ ਸਿੰਘ ਧਰਮਸੋਤ ਨੇ ਸਾਰੇ ਕਾਲਜਾਂ ਨੂੰ ਦਿੱਤੀ ਹਦਾਇਤ, ਪੜ੍ਹੋ ਪੂਰੀ ਖ਼ਬਰ
ਦੋ ਸਾਲਾਂ ਦੀ ਪੋਸਟ ਮ੍ਰੈਟਿਕ ਸਕਾਲਰਸ਼ਿਪ ਦੀ 1374.76 ਕਰੋੜ ਦੀ ਰਕਮ ਕੇਂਦਰ ਤੋਂ ਮੰਗੀ ਹੈ, ਸਿਰਫ਼ 303.92 ਕਰੋੜ ਆਏ ਹਨ: ਮੰਤਰੀ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿਚ ਧਿਆਨ ਦਿਵਾਊ ਮਤੇ ਦਾ ਜਵਾਬ ਦਿੰਦਿਆਂ ਸਮਾਜ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਯਕੀਨ ਦਿਵਾਇਆ ਕਿ ਪਿਛਲੇ ਵਰਗ ਨਾਲ ਸਬੰਧਤ ਵਿਦਿਆਰਥੀਆਂ ਵਲੋਂ ਸਬੰਧਤ ਕਾਲਜ ਨੂੰ ਫ਼ੀਸ ਆਦਿ ਨਾ ਦੇਣ ਦੀ ਸੂਰਤ ਵਿਚ ਨਾ ਤਾਂ ਉਨ੍ਹਾਂ ਦਾ ਰੋਲ ਨੰਬਰ ਰੋਕਿਆ ਜਾਵੇਗਾ ਅਤੇ ਨਾ ਹੀ ਸਰਟੀਫ਼ੀਕੇਟ ਦੇਣ ਵਿਚ ਕੋਈ ਅੜਿਕਾ ਢਾਹੇਗਾ।
ਐਸ.ਸੀ. ਭਾਈਚਾਰੇ ਨਾਲ ਸਬੰਧਤ ਵਿਦਿਆਰਥੀਆਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਮੇਂ ਸਿਰ ਨਾ ਮਿਲਣ ਕਾਰਨ ਸਬੰਧਤ ਕਾਲਜਾਂ ਨੂੰ ਇਹ ਫ਼ੀਸ ਸਮੇਂ ਸਿਰ ਨਾ ਮਿਲਣ ਕਾਰਨ, ਵਿਦਿਆਰਥੀਆਂ ਨੂੰ ਪ੍ਰੇਸ਼ਾਨ ਕਰਨ ਦਾ ਧਿਆਨ ਦਿਵਾਊ ਮਤਾ ਵਿਧਾਇਕ ਗੁਰਮੀਤ ਸਿੰਘ ਹੇਅਰ ਨੇ ਵਿਧਾਨ ਸਭਾ ਵਿਚ ਲਿਆਂਦਾ ਅਤੇ ਮੰਗ ਕੀਤੀ ਕਿ ਐਸ.ਸੀ. ਭਾਈਚਾਰੇ ਨਾਲ ਸਬੰਧਤ ਜਿਨ੍ਹਾਂ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੀ ਰਕਮ ਨਾ ਮਿਲਣ ਕਾਰਨ, ਉਨ੍ਹਾਂ ਨੇ ਫ਼ੀਸਾਂ ਦੀ ਅਦਾਇਗੀ ਨਹੀਂ ਕੀਤੀ, ਉਨ੍ਹਾਂ ਨੂੰ ਪ੍ਰੇਸ਼ਾਨੀ ਤੋਂ ਬਚਾਉਣ ਲਈ ਸਰਕਾਰ ਲੋੜੀਂਦੀਆਂ ਹਦਾਇਤਾਂ ਜਾਰੀ ਕਰੇ।
ਉਨ੍ਹਾਂ ਕਿਹਾ ਕਿ ਫ਼ੀਸਾਂ ਨਾ ਦੇਣ ਕਾਰਨ ਕਾਲਜਾਂ ਵਲੋਂ ਵਿਦਿਆਰਥੀਆਂ ਦੇ ਰੋਲ ਨੰ. ਰੋਕੇ ਜਾਂਦੇ ਹਨ ਅਤੇ ਸਰਟੀਫ਼ੀਕੇਟ ਦੇਣ ਸਮੇਂ ਵੀ ਪ੍ਰੇਸ਼ਾਨ ਕੀਤਾ ਜਾਂਦਾ ਹੈ। ਮੰਤਰੀ ਨੇ ਜਵਾਬ ਦਿੰਦਿਆਂ ਕਿਹਾ ਕਿ ਸਾਰੇ ਕਾਲਜਾਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਹੋ ਚੁਕੀਆਂ ਹਨ। ਕਿਸੀ ਵੀ ਵਿਦਿਆਰਥੀ ਨੂੰ ਪ੍ਰੇਸ਼ਾਨ ਨਹੀਂ ਕਰਨ ਦਿਤਾ ਜਾਵੇਗਾ।
ਉਨ੍ਹਾਂ ਦਸਿਆ ਕਿ ਸਾਲ 2016-17 ਤੋਂ 2018-19 ਤਕ, ਪੋਸਟ ਸਕਾਲਰਸ਼ਿਪ ਦੀ 1374.76 ਕਰੋੜ ਰੁਪਏ ਰਕਮ ਕੇਂਦਰ ਸਰਕਾਰ ਵਲੋਂ ਦੇਣੀ ਬਣਦੀ ਹੈ। ਸਾਲ 2018-19 ਦੇ ਅੰਤ ਵਿਚ 303.92 ਕਰੋੜ ਰੁਪਏ ਦੀ ਰਕਮ ਪ੍ਰਾਪਤ ਹੋਈ ਜੋ ਵਿਦਿਆਰਥੀਆਂ ਨੂੰ ਜਾਰੀ ਕਰ ਦਿਤੀ ਅਤੇ ਇਸ ਦੀ ਵਰਤੋਂ ਦਾ ਸਰਟੀਫ਼ੀਕੇਟ ਵੀ ਕੇਂਦਰ ਸਰਕਾਰ ਨੂੰ ਭੇਜ ਦਿਤਾ।
ਬਾਕੀ ਰਹਿੰਦੀ ਰਕਮ ਦੀ ਮੰਗ ਕੇਂਦਰ ਸਰਕਾਰ ਤੋਂ ਕੀਤੀ ਗਈ ਹੈ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਕੇਂਦਰ ਸਰਕਾਰ ਨੇ ਅਪਣੀਆਂ ਸ਼ਰਤਾਂ ਵਿਚ ਸੋਧ ਸਬੰਧੀ ਪੱਤਰ ਵੀ ਜਾਰੀ ਕਰ ਦਿਤਾ ਹੈ। ਹੁਣ ਕੋਈ ਵੀ ਕਾਲਜ ਜਾਂ ਸਕੂਲ ਐਸ.ਸੀ. ਵਿਦਿਆਰਥੀ ਨੂੰ ਪ੍ਰੇਸ਼ਾਨ ਨਹੀਂ ਕਰ ਸਕੇਗਾ।
ਵੱਧ ਤੋਂ ਵੱਧ ਕਾਲਜ ਲਿਖਤੀ ਰੂਪ ਵਿਚ ਵਿਦਿਆਰਥੀ ਤੋਂ ਇਹ ਪੱਤਰ ਲੈ ਸਕਦਾ ਹੈ ਕਿ ਸਕਾਲਰਸ਼ਿਪ ਉਸ ਦੇ ਖਾਤੇ ਵਿਚ ਆਉਣ ਉਪਰੰਤ ਬਣਦੀ ਅਦਾਇਗੀ ਕਰ ਦਿਤੀ ਜਾਵੇਗੀ। ਮੰਤਰੀ ਨੇ ਦਸਿਆ ਕਿ ਇਹ ਹੁਣ ਸਾਰੇ ਕਾਲਜਾਂ ਨੂੰ ਪੂਰੀ ਜਾਣਕਾਰੀ ਹੈ ਕਿ ਸਕਾਲਰਸ਼ਿਪ ਕੇਂਦਰ ਸਰਕਾਰ ਵਲੋਂ ਜਾਰੀ ਹੋਣ ਉਪਰੰਤ ਹੀ ਫ਼ੀਸਾਂ ਆਦਿ ਦੀ ਅਦਾਇਗੀ ਹੋਣੀ ਹੈ।
ਅਕਾਲੀਆਂ ਨੇ ਵਿਧਾਨ ਸਭਾ ਬਾਹਰ ਕੀਤਾ ਰੋਸ ਮੁਜ਼ਾਹਰਾ
ਜਿੱਥੇ ਦਲਿਤ ਵਿਦਿਆਰਥੀਆਂ ਦੇ ਪੋਸਟ ਮੈਟ੍ਰਿਕ ਸਕਾਰਲਸ਼ਿਪ ਦੇ ਮੁੱਦੇ 'ਤੇ ਵਿਧਾਨ ਸਭਾ 'ਚ ਧਿਆਨ ਦਿਵਾਊ ਮਤੇ ਰਾਹੀਂ ਵਿਰੋਧੀ ਧਿਰ ਨੇ ਮਾਮਲਾ ਉਠਾਇਆ ਉਥੇ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਅਕਾਲੀ ਮੈਂਬਰਾਂ ਨੇ ਵਿਧਾਨ ਸਭਾ ਬਾਹਰ ਰੋਸ ਮੁਜ਼ਾਹਰਾ ਕੀਤਾ।
ਬਿਕਰਮ ਸਿੰਘ ਮਜੀਠੀਆ, ਸ਼ਰਨਜੀਤ ਸਿੰਘ ਢਿੱਲੋਂ ਅਤੇ ਪਵਨ ਕੁਮਾਰ ਟੀਨੂ ਦੀ ਅਗਵਾਈ 'ਚ ਇਸ ਪ੍ਰਦਰਸ਼ਨ 'ਚ ਕੁੱਝ ਪ੍ਰਭਾਵਤ ਵਿਦਿਆਰਥੀ ਵੀ ਸ਼ਾਮਲ ਸਨ। ਅਕਾਲੀ ਆਗੂਆਂ ਨੇ ਪੋਸਟ ਮੈਟ੍ਰਿਕ ਵਜ਼ੀਫ਼ਾ ਰਕਮ ਦੀ ਅਦਾਇਗੀ 'ਚ ਨਾਕਾਮ ਰਹਿਣ ਦੇ ਦੋਸ਼ ਲਾਏ। ਪ੍ਰਾਈਵੇਟ ਕਾਲਜਾਂ ਅਤੇ ਸੰਸਥਾਵਾਂ 'ਤੇ ਦਲਿਤ ਵਿਦਿਆਰਥੀਆਂ ਦੀਆਂ ਡਿਗਰੀਆਂ ਨਾ ਦੇਣ ਅਤੇ ਫ਼ੀਸ ਦੀ ਮੰਗ ਵਿਰੁਧ ਜ਼ੋਰਦਾਰ ਰੋਸ ਪ੍ਰਗਟ ਕੀਤਾ।