ਨਹੀਂ ਰਹੇ ਮਸ਼ਹੂਰ ਪੰਜਾਬੀ ਨਾਵਲਕਾਰ ਤੇ ਫ਼ਿਲਮਸਾਜ਼ ਬੂਟਾ ਸਿੰਘ ਸ਼ਾਦ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬੀ ਸਾਹਿਤ ਅਤੇ ਫ਼ਿਲਮਾਂ ਵਿਚ ਪਾਇਆ ਸੀ ਵੱਡਾ ਯੋਗਦਾਨ 

Famous Punjabi novelist and filmmaker Boota Singh Shad passes away

ਮੋਹਾਲੀ : ਮਸ਼ਹੂਰ ਪੰਜਾਬੀ ਨਾਵਲਕਾਰ ਅਤੇ ਫ਼ਿਲਮਸਾਜ਼ ਬੂਟਾ ਸਿੰਘ ਸ਼ਾਦ ਨਹੀਂ ਰਹੇ। ਬੀਤੀ ਰਾਤ ਕਰੀਬ 12.30 ਵਜੇ ਉਹ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। 

ਬੂਟਾ ਸਿੰਘ ਬਰਾੜ ਉਰਫ਼ ਬੂਟਾ ਸਿੰਘ ‘ਸ਼ਾਦ’ ਉਰਫ਼ ਬੀ. ਐਸ. ‘ਸ਼ਾਦ’ ਦੀ ਪੈਦਾਇਸ਼ 12 ਨਵੰਬਰ 1943 ਨੂੰ ਮਾਲਵੇ ਦੇ ਪਿੰਡ ਦਾਨ ਸਿੰਘ ਵਾਲਾ (ਬਠਿੰਡਾ) ਦੇ ਜੱਟ ਸਿੱਖ ਪਰਿਵਾਰ ’ਚ ਹੋਈ। ਉਨ੍ਹਾਂ ਦੇ ਪਿਤਾ ਦਾ ਨਾਮ ਸੰਤਾ ਸਿੰਘ ਅਤੇ ਮਾਤਾ ਹਰਨਾਮ ਕੌਰ ਸੀ। ‘ਸ਼ਾਦ’ ਇਨ੍ਹਾਂ ਦਾ ਕਲਮੀ ਤਖ਼ੱਲਸ ਹੈ, ਜਿਸ ਦਾ ਅਰਥ ਹੈ ‘ਖ਼ੁਸ਼’ ਅਤੇ ਫ਼ਿਲਮੀ ਨਾਮ ਪਹਿਲਾਂ ਹਰਵਿੰਦਰ ਤੇ ਫਿਰ ਹਰਿੰਦਰ ਰਿਹਾ।

ਬੂਟਾ ਸਿੰਘ ਸ਼ਾਦ ਦਾ ਪੰਜਾਬੀ ਸਾਹਿਤ ਦੇ ਨਾਲ-ਨਾਲ ਫ਼ਿਲਮੀ ਦੁਨੀਆਂ ਵਿਚ ਵੀ ਵੱਡਾ ਯੋਗਦਾਨ ਰਿਹਾ ਹੈ। ਬੂਟਾ ਸਿੰਘ ‘ਸ਼ਾਦ’ ਨੇ ਪਿੰਡ ਤੋਂ ਹੀ ਦਸਵੀਂ ਕੀਤੀ ਫਿਰ ਰਾਜਿੰਦਰਾ ਕਾਲਜ ਬਠਿੰਡਾ ਤੋਂ ਗ੍ਰੇਜੁਏਸ਼ਨ ਅਤੇ ਐਮ. ਏ. ਅੰਗਰੇਜ਼ੀ, ਡੀ. ਏ. ਵੀ. ਕਾਲਜ ਦੇਹਰਾਦੂਨ ਤੋਂ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਗੁਰੂ ਕਾਸ਼ੀ ਕਾਲਜ, ਤਲਵੰਡੀ ਸਾਬੋ, ਬਰਜਿੰਦਰਾ ਕਾਲਜ, ਫ਼ਰੀਦਕੋਟ, ਗੁਰੂ ਨਾਨਕ ਕਾਲਜ, ਕਿੱਲਿਆਂਵਾਲੀ (ਡੱਬਵਾਲੀ), ਖ਼ਾਲਸਾ ਕਾਲਜ ਫ਼ਾਰ ਵਿਮੈਨ, ਸਿੱਧਵਾਂ ਖੁਰਦ ਵਿਖੇ ਬਤੌਰ ਅਧਿਆਪਕ ਵੀ ਰਹੇ। ਅਧਿਆਪਨ ਕਿੱਤੇ ਦੌਰਾਨ ਹੀ ਸ਼ਾਦ ਨੂੰ ਫ਼ਿਲਮਾਂ ਨਾਲ ਗਹਿਰੀ ਦਿਲਚਸਪੀ ਹੋ ਗਈ ਸੀ। ਇਸੇ ਸ਼ੌਕ ਦੇ ਚੱਲਦਿਆਂ ਉਨ੍ਹਾਂ ਨੇ ਫ਼ਿਲਮ ਲਾਈਨ ਵਿਚ ਚਲੇ ਗਏ।

ਉਨ੍ਹਾਂ ਨੇ ਪੰਜਾਬੀ ਮਾਂ ਬੋਲੀ ਦੇ ਝੋਲੀ ਦਰਜਨ ਨਾਵਲ ਪਾਏ। ਬਤੌਰ ਫ਼ਿਲਮ ਨਿਰਦੇਸ਼ਕ ਹੁੰਦਿਆਂ ਹਿੰਦੀ ਅਤੇ ਪੰਜਾਬੀ ਫ਼ਿਲਮਾਂ ਬਣਾਈਆਂ। ਅਪਣੀ ਪੜ੍ਹਾਈ ਦੌਰਾਨ ਸ਼ਾਦ ਨੇ ਅਖ਼ਬਾਰਾਂ ਅਤੇ ਮੈਗਜ਼ੀਨਾਂ ਲਈ ਕਹਾਣੀਆਂ ਅਤੇ ਨਾਵਲ ਲਿਖੇ। ਉਨ੍ਹਾਂ ਨੇ 6 ਛੋਟੀਆਂ ਕਹਾਣੀਆਂ ਦੀਆਂ ਕਿਤਾਬਾਂ ਅਤੇ ਦੋ ਦਰਜਨ ਤੋਂ ਵੱਧ ਨਾਵਲ ਵੀ ਲਿਖੇ।

ਇਹ ਵੀ ਪੜ੍ਹੋ: ਰਿਸ਼ਤੇ ਨਿਭਾਉਣ ਵਿਚ ਭਾਰਤ ਸਭ ਤੋਂ ਉਪਰ : ਰਿਪੋਰਟ

ਬੂਟਾ ਸਿੰਘ ਸ਼ਾਦ ਦੀ ਪਹਿਲੀ ਪੰਜਾਬੀ ਫ਼ਿਲਮ ਅਪਣੇ ਫ਼ਿਲਮਸਾਜ਼ ਅਦਾਰੇ ਬਰਾੜ ਪ੍ਰੋਡਕਸ਼ਨ, ਬੰਬੇ ਦੀ ‘ਕੁੱਲੀ ਯਾਰ ਦੀ’ (1970) ਸੀ। ਆਪਣੇ ਲਿਖੇ ਪੰਜਾਬੀ ਨਾਵਲ ‘ਅੱਧੀ ਰਾਤ ਪਹਿਰ ਦਾ ਤੜਕਾ’ ’ਤੇ ਬਣੀ ਇਸ ਫ਼ਿਲਮ ਵਿਚ ਉਨ੍ਹਾਂ ਨੇ ਹਰਵਿੰਦਰ ਦੇ ਨਾਮ ਨਾਲ ਪਹਿਲੇ ਸਿੱਖ ਹੀਰੋ ਵਜੋਂ ਅਦਾਕਾਰੀ ਕੀਤੀ। ਇਹ ਬਲੈਕ ਐਂਡ ਵ੍ਹਾਈਟ ਫ਼ਿਲਮ 27 ਨਵੰਬਰ 1970 ਨੂੰ ਨੰਦਨ ਸਿਨਮਾ, ਅੰਮ੍ਰਿਤਸਰ ’ਚ ਰਿਲੀਜ਼ ਹੋਈ। ਬੂਟਾ ਸਿੰਘ ਸ਼ਾਦ ਦੀ ਇਸ ਫ਼ਿਲਮ ਨੂੰ ਭਰਵਾਂ ਹੁੰਗਾਰਾ ਮਿਲਿਆ। ਜਿਸ ਤੋਂ ਬਾਅਦ ਸ਼ਾਦ ਨੇ ਪਿਛੇ ਮੁੜ ਕੇ ਨਹੀਂ ਵੇਖਿਆ ਤੇ ਨਾਵਲਾਂ ਦੇ ਨਾਲ-ਨਾਲ ਫ਼ਿਲਮਾਂ ਬਣਾਉਣੀਆਂ ਜਾਰੀ ਰਖੀਆਂ।

ਦੱਸ ਦੇਈਏ ਕਿ ਬੂਟਾ ਸਿੰਘ ਸ਼ਾਦ ਵਲੋਂ ਲਿਖੇ ਨਾਵਲਾਂ 'ਤੇ ਹੀ ਕਈ ਫ਼ਿਲਮਾਂ ਵੀ ਬਣੀਆਂ ਰੰਗਦਾਰ ਧਾਰਮਕ ਪੰਜਾਬੀ ਫ਼ਿਲਮ ‘ਮਿੱਤਰ ਪਿਆਰੇ ਨੂੰ’ (1975) ਇਨ੍ਹਾਂ ਵਿਚੋਂ ਇਕ ਸੀ। ਇਹ ਬੂਟਾ ਸਿੰਘ ਸ਼ਾਦ ਦੇ ਪੰਜਾਬੀ ਨਾਵਲ ‘ਮਿੱਤਰ ਪਿਆਰੇ’ (1970) ’ਤੇ ਅਧਾਰਤ ਸੀ।

ਦਸਿਆ ਜਾਂਦਾ ਹੈ ਕਿ ਬੂਟਾ ਸਿੰਘ ਸ਼ਾਦ ਰੋਜ਼ਾਨਾ 16 ਘੰਟੇ ਲਿਖਦੇ ਸਨ। ‘ਅੱਧੀ ਰਾਤ ਪਹਿਰ ਦਾ ਤੜਕਾ’ 16 ਦਿਨਾਂ ’ਚ ਲਿਖਿਆ। ‘ਕੁੱਤਿਆਂ ਵਾਲਾ ਸਰਦਾਰ’ ਨਾਵਲ ਪੌਣੇ ਚਾਰ ਦਿਨਾਂ ਵਿਚ ਲਿਖਿਆ। ‘ਕਾਲੀ ਬੋਲੀ ਰਾਤ’ ਦਸ ਦਿਨਾਂ ਵਿਚ ਲਿਖ ਦਿਤਾ ਸੀ। ਨਾਵਲ ‘ਰੋਹੀ ਦਾ ਫੁੱਲ’ ਚਾਰ ਦਿਨਾਂ ਵਿਚ ਲਿਖਿਆ ਜੋ ਬੜਾ ਪਸੰਦ ਕੀਤਾ ਗਿਆ। ਸ਼ਾਦ ਦੇ ਨਾਵਲਾਂ ਦੀ ਖ਼ਾਸੀਅਤ ਇਹ ਰਹੀ ਹੈ ਕਿ ਉਹ ਰਿਲੀਜ਼ ਹੁੰਦਿਆਂ ਹੀ ਹੱਥੋ-ਹੱਥੀ ਵਿਕ ਜਾਂਦੇ ਸਨ। 

ਜ਼ਿੰਦਗੀ ਦੇ ਕਰੀਬ 47 ਵਰ੍ਹੇ ਮੁੰਬਈ ਗੁਜ਼ਾਰਨ ਵਾਲੇ ਬੂਟਾ ਸਿੰਘ ਸ਼ਾਦ ਇਨ੍ਹੀਂ ਦਿਨੀ ਆਪਣੇ ਭਤੀਜਿਆਂ ਕੋਲ ਪਿੰਡ ਕੂਮਥਲਾਂ, ਜ਼ਿਲ੍ਹਾ ਸਿਰਸਾ ਵਿਖੇ ਰਹਿ ਰਹੇ ਸਨ। ਇਥੇ ਹੀ ਉਨ੍ਹਾਂ ਨੇ ਆਖ਼ਰੀ ਸਾਹ ਲਏ ਹਨ।