ਕਪੂਰਥਲਾ 'ਚ ਸਾਬਕਾ ਸਰਪੰਚ ਦੇ ਘਰ 'ਚ ਵੜ ਕੇ ਅਣਪਛਾਤਿਆਂ ਨੇ ਚਲਾਈਆਂ ਅੰਨ੍ਹਵਾਹ ਗੋਲੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਾਂ-ਪੁੱਤ ਨੂੰ ਕੀਤਾ ਜਖ਼ਮੀ

photo

 

ਕਪੂਰਥਲਾ: ਕਪੂਰਥਲਾ ਦੇ ਪਿੰਡ ਭਾਗੋਬੁੱਢਾ 'ਚ ਅੱਜ ਸਵੇਰੇ ਕੁਝ ਅਣਪਛਾਤੇ ਨੌਜਵਾਨਾਂ ਨੇ ਸਾਬਕਾ ਸਰਪੰਚ ਦੇ ਘਰ ਜ਼ਬਰਦਸਤੀ ਦਾਖ਼ਲ ਹੋ ਕੇ ਗੋਲੀਆਂ ਚਲਾ ਦਿੱਤੀਆਂ। ਸਰਪੰਚ ਦੇ ਪੁੱਤਰ ਦੇ ਪੱਟ ਵਿੱਚ ਗੋਲੀ ਲੱਗੀ ਹੈ। ਜਦਕਿ ਉਸ ਦੀ ਮਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜਖ਼ਮੀ ਕਰ ਦਿੱਤਾ। ਦੋਵਾਂ ਨੂੰ ਇਲਾਜ ਲਈ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ: ਪੰਜਾਬੀ ਦਾ ਪੇਪਰ ਦੇਣ ਗਈ ਵਿਦਿਆਰਥਣ ਨਾਲ ਵਾਪਰਿਆ ਹਾਦਸਾ, ਪੈਰ ਤਿਲਕਣ ਕਾਰਨ ਛੱਤ ਤੋਂ ਡਿੱਗੀ ਹੇਠਾਂ, ਮੌਤ

ਪ੍ਰਾਪਤ ਜਾਣਕਾਰੀ ਅਨੁਸਾਰ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਪਿੰਡ ਭਾਗੋਬੁੱਢਾ ਦੇ ਸਾਬਕਾ ਸਰਪੰਚ ਦੇ ਪੁੱਤਰ ਉਦਿਕ ਚੰਦ ਨੇ ਦੱਸਿਆ ਕਿ ਬੁੱਧਵਾਰ ਸਵੇਰੇ 3-4 ਅਣਪਛਾਤੇ ਨੌਜਵਾਨ ਉਸ ਦੇ ਘਰ ਵਿੱਚ ਜ਼ਬਰਦਸਤੀ ਦਾਖ਼ਲ ਹੋ ਗਏ। ਮੁਲਜ਼ਮ ਜਿਵੇਂ ਹੀ ਘਰ ਵਿੱਚ ਦਾਖ਼ਲ ਹੋਏ ਤਾਂ ਉਨ੍ਹਾਂ ਨੇ ਉਸ ਦੀ ਮਾਂ ਗੀਤਾ ਰਾਣੀ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਉਸਦੀ ਮਾਂ ਘਰ ਵਿੱਚ ਡੇਅਰੀ ਚਲਾਉਂਦੀ ਹੈ। ਜਦੋਂ ਉਸ ਦੀ ਮਾਂ ਨੇ ਰੌਲਾ ਪਾਇਆ ਤਾਂ ਦੋਸ਼ੀ ਨੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ: ਅਮਰੀਕਾ 'ਚ ਦੋ ਬੱਸਾਂ ਦੀ ਆਪਸ 'ਚ ਹੋਈ ਜ਼ਬਰਦਸਤ ਟੱਕਰ, 11 ਲੋਕ ਜਖ਼ਮੀ  

ਰੌਲਾ ਸੁਣ ਕੇ ਜਦੋਂ ਉਹ ਉੱਥੇ ਪਹੁੰਚਿਆ ਤਾਂ ਹਮਲਾਵਰਾਂ ਨੇ ਉਸ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸ ਦੇ ਪੱਟ ਵਿੱਚ ਗੋਲੀ ਲੱਗਣ ਕਾਰਨ ਉਹ ਗੰਭੀਰ ਜਖ਼ਮੀ ਹੋ ਗਿਆ। ਰੌਲਾ ਸੁਣ ਕੇ ਪਿੰਡ ਵਾਸੀ ਮੌਕੇ 'ਤੇ ਪੁੱਜੇ ਅਤੇ ਹਮਲਾਵਰਾਂ 'ਚੋਂ ਇਕ ਨੂੰ ਕਾਬੂ ਕਰ ਕੇ ਪੁਲਿਸ ਹਵਾਲੇ ਕਰ ਦਿੱਤਾ | ਪਿੰਡ ਵਾਸੀਆਂ ਨੇ ਮਾਂ-ਪੁੱਤ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਗੀਤਾ ਰਾਣੀ ਨੂੰ ਜਲੰਧਰ ਦੇ ਨਿੱਜੀ ਹਸਪਤਾਲ ਲਈ ਰੈਫ਼ਰ ਕਰ ਦਿੱਤਾ।

ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਥਾਣਾ ਕਬੀਰਪੁਰ ਦੇ ਐਸਐਚਓ ਸਬ ਇੰਸਪੈਕਟਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਜਖ਼ਮੀਆਂ ਦੇ ਬਿਆਨਾਂ 'ਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।