6 ਜੂਨ ਦਾ ਬੰਦ ਸ਼ਾਂਤਮਈ ਹੋਵੇਗਾ : ਦਲ ਖ਼ਾਲਸਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦਲ ਖ਼ਾਲਸਾ ਨੇ 6 ਜੂਨ ਨੂੰ ਦਰਬਾਰ ਸਾਹਿਬ ਹਮਲੇ ਦੇ ਰੋਸ ਅਤੇ ਰੋਹ ਵਜੋਂ ਦਿਤੇ ਅੰਮ੍ਰਿਤਸਰ ਬੰਦ ਦੇ ਸੱਦੇ ਨੂੰ ਕਾਮਯਾਬ ਕਰਨ ਲਈ ਸ਼ਹਿਰ ਵਾਸੀਆਂ ਤੋਂ ਸਹਿਯੋਗ ਮੰਗਿਆ...

Dal Khalsa Volunteer pasting Posters

ਅੰਮ੍ਰਿਤਸਰ,  :  ਦਲ ਖ਼ਾਲਸਾ ਨੇ 6 ਜੂਨ ਨੂੰ ਦਰਬਾਰ ਸਾਹਿਬ ਹਮਲੇ ਦੇ ਰੋਸ ਅਤੇ ਰੋਹ ਵਜੋਂ ਦਿਤੇ ਅੰਮ੍ਰਿਤਸਰ ਬੰਦ ਦੇ ਸੱਦੇ ਨੂੰ ਕਾਮਯਾਬ ਕਰਨ ਲਈ ਸ਼ਹਿਰ ਵਾਸੀਆਂ ਤੋਂ ਸਹਿਯੋਗ ਮੰਗਿਆ ਹੈ। ਇਸ ਸਬੰਧੀ ਪਾਰਟੀ ਮੈਂਬਰਾਂ ਵਲੋਂ ਸ਼ਹਿਰ ਵਿਚ ਜਨਤਕ ਮੁਹਿੰਮ ਵਿੱਢੀ ਗਈ ਜਿਸ ਤਹਿਤ ਉਨ੍ਹਾਂ ਲੋਕਾਂ ਨਾਲ ਦੁਕਾਨਾਂ, ਬੈਂਕਾਂ ਅਤੇ ਅਦਾਰਿਆਂ ਵਿਚ ਜਾ ਕੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਬੰਦ ਵਿਚ ਸ਼ਾਮਿਲ ਹੋਣ ਲਈ ਪ੍ਰੇਰਿਆ।  ਆਗੂਆਂ ਨੇ ਕਿਹਾ ਕਿ 6 ਜੂਨ ਦਾ ਬੰਦ ਸ਼ਾਂਤਮਈ ਹੋਵੇਗਾ।

ਪਾਰਟੀ ਦਫ਼ਤਰ ਵਿਖੇ ਕੰਵਰਪਾਲ ਸਿੰਘ ਨੇ ਕਿਹਾ ਕਿ ਘੱਲੂਘਾਰੇ ਨਾਲ ਸਬੰਧਤ ਪ੍ਰ੍ਰੋਗਰਾਮ ਬਾਰੇ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਹਿੱਤ ਪਰਮਜੀਤ ਸਿੰਘ ਟਾਂਡਾ, ਰਣਬੀਰ ਸਿੰਘ,ਗੁਰਪ੍ਰੀਤ ਸਿੰਘ ਅਤੇ ਸਿੱਖ ਯੂਥ ਆਫ਼ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ ਅਤੇ ਗੁਰਨਾਮ ਸਿੰਘ ਨੇ ਅੱਜ ਸ਼ਹਿਰ ਵਾਸੀਆਂ ਦਰਮਿਆਨ ਪੋਸਟਰ ਅਤੇ ਸਾਹਿਤ ਵੰਡਿਆ।

ਆਗੂਆਂ ਨੇ ਸਪਸ਼ਟ ਕੀਤਾ ਕਿ ਉਸ ਦਿਨ ਕਾਰੋਬਾਰੀ ਅਦਾਰੇ, ਪਟਰੌਲ ਪੰਪ, ਵਿਦਿਅਕ ਅਦਾਰੇ, ਸਿਨੇਮਾ ਹਾਲ, ਬੈਂਕ ਆਦਿ ਬੰਦ ਰੱਖਣ ਦਾ ਸੱਦਾ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੜਕੀ ਜਾਂ ਰੇਲ ਆਵਾਜਾਈ ਨਹੀਂ ਰੋਕੀ ਜਾਵੇਗੀ ਤੇ ਮੈਡੀਕਲ ਸੇਵਾਵਾਂਂ ਨੂੰ ਬੰਦ ਤੋਂ ਛੋਟ ਰਹੇਗੀ। ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਸ਼ਾਂਤੀ ਦੀ ਅਪੀਲ 'ਤੇ ਟਿਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਰੱਦ ਹੋ ਚੁੱਕੇ ਜਥੇਦਾਰ ਕੋਲ ਕੌਮ ਦੇ ਨਾਂ ਸੰਦੇਸ਼ ਜਾਰੀ ਕਰਨ ਦਾ ਕੋਈ ਅਧਾਕਰ ਨਹੀਂ ਹੈ।