107 ਸਾਲਾਂ ਦੀ ਹੋਈ ਇਤਿਹਾਸਕ 'ਪੰਜਾਬ ਮੇਲ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਦੇ ਮੁੰਬਈ ਤੋਂ ਪੇਸ਼ਾਵਰ ਤੱਕ ਦੌੜਦੀ ਸੀ ਇਤਿਹਾਸਕ ਟ੍ਰੇਨ

107 years of historical 'Punjab Mail'

ਫਿਰੋਜ਼ਪੁਰ-ਮੁੰਬਈ ਦੇ ਵਿਚਕਾਰ ਦੌੜਨ ਵਾਲੀ ਇਤਿਹਾਸਕ 'ਪੰਜਾਬ ਮੇਲ' 107 ਸਾਲ ਵਿਚ ਦਾਖ਼ਲ ਹੋਣ ਵਾਲੀ ਦੇਸ਼ ਦੀ ਪਹਿਲੀ ਟ੍ਰੇਨ ਬਣ ਗਈ ਹੈ। ਇਹ ਟ੍ਰੇਨ ਅੱਜ ਤੋਂ ਕਰੀਬ 107 ਸਾਲ ਪਹਿਲਾਂ ਜੂਨ 1912 ਨੂੰ ਮੁੰਬਈ ਅਤੇ ਪੇਸ਼ਾਵਰ ਦੇ ਵਿਚਕਾਰ ਚੱਲੀ ਸੀ ਪਰ ਦੇਸ਼ ਦੀ ਵੰਡ ਤੋਂ ਬਾਅਦ ਇਹ ਫਿਰੋਜ਼ਪੁਰ ਤੋਂ ਮੁੰਬਈ ਦੇ ਵਿਚਕਾਰ ਚੱਲਣ ਲੱਗੀ ਜੋ ਅੱਜ ਵੀ ਚੱਲਦੀ ਹੈ। ਇਹ ਟ੍ਰੇਨ ਵਿਸ਼ੇਸ਼ ਤੌਰ 'ਤੇ ਬ੍ਰਿਟਿਸ਼ ਅਧਿਕਾਰੀਆਂ, ਸਿਵਲ ਸੇਵਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮੁੰਬਈ ਤੋਂ ਦਿੱਲੀ ਅਤੇ ਫਿਰ ਬ੍ਰਿਟਿਸ਼ ਭਾਰਤ ਦੇ ਉੱਤਰ ਪੱਛਮੀ ਸਰਹੱਦੀ ਸੂਬੇ ਤੱਕ ਲਿਜਾਣ ਲਈ ਚਲਾਈ ਗਈ ਸੀ।

1914 ਵਿਚ ਇਸ ਦਾ ਸ਼ੁਰੂਆਤੀ ਸਟੇਸ਼ਨ ਬਦਲ ਕੇ ਵਿਕਟੋਰੀਆ ਟਰਮੀਨਲ ਕਰ ਦਿੱਤਾ ਗਿਆ ਸੀ, ਜਿਸ ਨੂੰ ਹੁਣ ਛੱਤਰਪਤੀ ਸ਼ਿਵਾਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸਾਲ 1930 ਵਿਚ ਇਸ ਟ੍ਰੇਨ ਵਿਚ ਆਮ ਜਨਤਾ ਲਈ ਵੀ ਡੱਬੇ ਜੋੜ ਦਿੱਤੇ ਗਏ ਸਨ। ਸ਼ੁਰੂ ਵਿਚ ਪੰਜਾਬ ਮੇਲ ਦਾ ਇੰਜਣ ਕੋਲੇ ਨਾਲ ਚਲਦਾ ਸੀ ਅਤੇ ਇਸ ਦੇ ਪਿੱਛੇ ਲੱਕੜੀ ਵਾਲੇ ਕੋਚ ਲੱਗੇ ਹੋਏ ਸਨ। ਸ਼ੁਰੂਆਤੀ ਦਿਨਾਂ ਵਿਚ ਇਸ ਨੂੰ ਪੰਜਾਬ ਲਿਮਟਿਡ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ। ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਇਹ ਟ੍ਰੇਨ ਪੇਸ਼ਾਵਰ, ਲਾਹੌਰ, ਅੰਮ੍ਰਿਤਸਰ, ਦਿੱਲੀ, ਆਗਰਾ, ਇਟਾਰਸੀ ਦੇ ਵਿਚਕਾਰ 2496 ਕਿਲੋਮੀਟਰ ਦਾ ਸਫ਼ਰ ਤੈਅ ਕਰਦੀ ਸੀ।

ਸੰਨ 1945 ਵਿਚ ਇਸ ਵਿਚ ਪਹਿਲੀ ਵਾਰ ਏਸੀ ਡੱਬੇ ਜੋੜੇ ਗਏ। ਇਸ ਸਮੇਂ ਪੰਜਾਬ ਮੇਲ ਇਕ ਫੇਰੇ ਵਿਚ 3840 ਕਿਲੋਮੀਟਰ ਦਾ ਸਫ਼ਰ ਤੈਅ ਕਰਦੀ ਐ..ਅਤੇ ਇਸ ਵਿਚ ਏਸੀ ਫਸਟ, ਏਸੀ ਸੈਕੰਡ ਅਤੇ ਏਸੀ ਥਰਡ ਦੇ ਕੁੱਲ 8 ਡੱਬੇ, 12 ਸਲੀਪਰ ਕਲਾਸ ਅਤੇ ਚਾਰ ਜਨਰਲ ਕਲਾਸ ਦੇ ਡੱਬੇ ਲਗਾਏ ਜਾਂਦੇ ਹਨ ਜਦਕਿ ਟ੍ਰੇਨ ਵਿਚ ਕੁੱਲ ਡੱਬਿਆਂ ਦੀ ਗਿਣਤੀ 24 ਹੈ। 'ਪੰਜਾਬ ਮੇਲ' ਦੇ ਲੰਮੇ ਤੇ ਸ਼ਾਨਦਾਰ ਸਫ਼ਰ ਦੀ ਖ਼ੁਸ਼ੀ ਮਨਾਉਂਦਿਆਂ ਰੇਲਵੇ ਮੁਲਾਜ਼ਮਾਂ ਨੇ ਕੇਕ ਕੱਟਿਆ ਅਤੇ ਲੱਡੂ ਵੀ ਵੰਡੇ ਗਏ। 107 ਸਾਲਾਂ ਦੀ ਹੋਈ ਪੰਜਾਬ ਮੇਲ ਨਾਲ ਕਾਫ਼ੀ ਇਤਿਹਾਸ ਜੁੜਿਆ ਹੋਇਆ ਹੈ।