ਬਾਬੇ ਨਾਨਕ ਦੇ ਗੁਰਪੁਰਬ ਨੂੰ ਕੌਮੀ ਸਹਿਣਸ਼ੀਲਤਾ ਦਿਵਸ ਮਨਾਉਣ ਸਬੰਧੀ ਕੈਪਟਨ ਦੀ ਪੀਐਮ ਮੋਦੀ ਨੂੰ ਅਪੀਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਮਰਿੰਦਰ ਸਿੰਘ ਨੇ ਦੇਸ਼ ਦੇ ਪੀਐਮ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਨੂੰ ਕੌਮੀ ਸਹਿਣਸ਼ੀਲਤਾ ਦਿਵਸ ਐਲਾਨਿਆ ਜਾਵੇ।

Chief Minister Captain Amarinder Singh

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਮੌਕੇ ‘ਤੇ ਗੁਰੂ ਸਾਹਿਬ ਦੇ ਜਨਮ ਦਿਹਾੜੇ ਨੂੰ ਕੌਮੀ ਸਹਿਣਸ਼ੀਲਤਾ ਦਿਵਸ (National Tolerance Day) ਐਲਾਨਿਆ ਜਾਵੇ। ਮੁੱਖ ਮੰਤਰੀ ਨੇ ਪੀਐਮ ਮੋਦੀ ਨੂੰ ਚਿੱਠੀ ਲਿਖ ਕੇ ਇਹ ਮੰਗ ਕੀਤੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਆਰ ਅਤੇ ਸਹਿਣਸ਼ੀਲਤਾ ਦੇ ਸੰਦੇਸ਼ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਕੌਮੀ ਸਹਿਣਸ਼ੀਲਤਾ ਦਿਵਸ ਐਲਾਨਿਆ ਜਾਣਾ ਚਾਹੀਦਾ ਹੈ।

ਉਹਨਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਅੱਜ ਵੀ ਉੱਨੀਆਂ ਹੀ ਪ੍ਰਸਿੱਧ ਹਨ, ਜਿਨੀਆਂ ਉਹਨਾਂ ਦੇ ਸਮੇਂ ਸੀ। ਇਸ ਸਾਲ 12 ਨਵੰਬਰ ਨੂੰ ਮਨਾਏ ਜਾਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਹਰ ਸਾਲ ਕੌਮੀ ਸਹਿਣਸ਼ੀਲਤਾ ਦਿਵਸ ਦੇ ਰੂਪ ਵਿਚ ਮਨਾਇਆ ਜਾਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਕਾਲ ਦੌਰਾਨ ਦੂਰ-ਦੂਰਾਡੇ ਤੱਕ ਉਦਾਸੀਆਂ ਕੀਤੀਆਂ ਅਤੇ ਲੋਕਾਂ ਨੂੰ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ।

ਗੁਰੂ ਨਾਨਕ ਦੇਵ ਜੀ ਨੇ ਅਜਿਹੇ ਧਰਮ ਦੀ ਸਥਾਪਨਾ ਕੀਤੀ ਜੋ ਕਿ ਬਰਾਬਰੀ, ਆਪਸੀ ਪਿਆਰ, ਚੰਗਿਆਈ ਅਤੇ ਸਦਭਾਵਨਾ ਦਾ ਉਪਦੇਸ਼ ਦਿੰਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੇ ਮੁੱਢਲੇ ਸਿਧਾਂਤਾਂ  ਵਿਚ ਵੀ ਮਨੁੱਖੀ ਬਰਾਬਰੀ ਅਤੇ ਨਿਸ਼ਕਾਮ ਸੇਵਾ, ਸਰਬੱਤ ਦਾ ਭਲਾ ਕਰਨ ਦਾ ਸੰਦੇਸ਼ ਦਿੱਤਾ ਹੈ।