ਹਰਸਿਮਰਤ ਬਾਦਲ ਅਤੇ ਜੋਜੋ ਜੋਹਲ 'ਚ ਮੁੜ ਛਿੜੀ ਸ਼ਬਦੀ ਜੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਜੁਆਈ ਜੈਜੀਤ ਜੋਹਲ (ਜੋੋਜੋ) ਅੱਠ ਸਾਲ ਦੀ ਬੱਚੀ ਦੇ ਬਲਾਤਕਾਰ ਨੂੰ ਲੈ...

JAIJEET JOHAL

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਾਮਾਦ ਜੈਜੀਤ ਜੋਹਲ (ਜੋਜੋ) ਵਿਚਕਾਰ ਅੱਠ ਸਾਲ ਦੀ ਬੱਚੀ ਦੇ ਬਲਾਤਕਾਰ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਸ਼ੁਰੂ ਹੋਈ ਸ਼ਬਦੀ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ। ਬੀਬੀ ਬਾਦਲ ਨੇ ਘਟਨਾ ਬਾਰੇ ਬੋਲਦੇ ਹੋਏ ਸੋਮਵਾਰ ਨੂੰ ਸੂਬਾ ਸਰਕਾਰ 'ਤੇ ਨਿਸ਼ਾਨਾ ਲਾਇਆ ਸੀ, ਜਿਸ 'ਤੇ ਜੋਹਲ ਨੇ ਤੇਜ਼ੀ ਨਾਲ ਪ੍ਰਤੀਕਰਮ ਦਿਤਾ ਅਤੇ ਕਿਹਾ ਕਿ ਨਾਬਾਲਗ਼ ਦੇ ਬਲਾਤਕਾਰ ਦੀ ਮੰਦਭਾਗੀ ਘਟਨਾ ਨੂੰ ਸਿਆਸੀ ਰੰਗ ਦਿਤਾ ਜਾ ਰਿਹਾ ਹੈ, ਜਿਸ ਲਈ ਬੀਬੀ ਬਾਦਲ ਨੂੰ ਸ਼ਰਮਿੰਦਾ ਹੋਣਾ ਚਾਹੀਦਾ ਹੈ। 

ਫੇਸਬੁਕ 'ਤੇ ਹਰਸਿਮਰਤ ਕੌਰ ਬਾਦਲ ਵਲੋਂ ਇਕ ਪੋਸਟ ਸਾਂਝੀ ਕੀਤੀ ਗਈ ਸੀ ਜਿਸ ਵਿਚ ਉਨ੍ਹਾਂ ਕਿਹਾ ਕਿ ਅੱਠ ਸਾਲ ਦੀ ਕੁੜੀ ਦੇ ਬਲਾਤਕਾਰ ਨਾਲ ਪੂਰੇ ਇਲਾਕੇ ਦੇ ਅਕਸ ਨੂੰ ਢਾਹ ਲੱਗੀ ਹੈ, ਪਰ ਕਾਂਗਰਸ ਸਰਕਾਰ ਦਾ ਪ੍ਰਸ਼ਾਸਨ ਉਸ ਸਮੇਂ ਸੌਂ ਰਿਹਾ ਸੀ ਜਦੋਂ ਉਸ ਲੜਕੀ ਦਾ ਬਲਾਤਕਾਰ ਹੋਇਆ ਅਤੇ ਹੁਣ ਕਾਂਗਰਸ ਸਰਕਾਰ ਪੀੜਤ ਅਤੇ ਉਸ ਦੇ ਪ੍ਰਵਾਰ ਨੂੰ ਵਾਅਦੇ ਕਰ ਕੇ ਅਪਣੀ ਢਿੱਲੀ ਕਾਰਗੁਜ਼ਾਰੀ ਨੂੰ ਲੁਕਾਉਣਾ ਚਾਹੁੰਦੀ ਹੈ।

ਬਾਅਦ ਵਿਚ ਇਸ ਪੋਸਟ 'ਤੇ ਪ੍ਰਤੀਕਰਮ ਦਿੰਦੇ ਹੋਏ ਜੈਜੀਤ ਜੋਹਲ ਨੇ ਵੀ ਅਪਣੇ ਬਿਆਨ ਦੀ ਪੋਸਟ ਅਪਡੇਟ ਕੀਤੀ ਅਤੇ ਕਿਹਾ, ''ਹਰਸਿਮਰਤ ਕੌਰ ਬਾਦਲ ਨੂੰ ਅੱਠ ਸਾਲ ਦੀ ਬੱਚੀ ਦੇ ਬਲਾਤਕਾਰ ਦੀ ਮੰਦਭਾਗੀ ਘਟਨਾ ਨੂੰ ਸਿਆਸੀ ਰੰਗ ਦੇਣ ਲਈ ਅਪਣੇ ਆਪ 'ਤੇ ਸ਼ਰਮਿੰਦਾ ਹੋਣਾ ਚਾਹੀਦਾ ਹੈ। ਹਾਲਾਂਕਿ ਤੁਸੀ ਪਹਿਲਾਂ ਤੋਂ ਗ਼ਲਤ ਹੋ ਅਤੇ ਤੁਹਾਡੀ ਪਾਰਟੀ ਵਲੋਂ ਚਲਾਏ ਜਾਂਦੇ ਐਨ.ਜੀ.ਓ. ਨੂੰ ਇਹ ਵੀ ਨਹੀਂ ਪਤਾ ਹੈ ਕਿ ਪੁਲਿਸ ਹਰਕਤ ਵਿਚ ਆ ਗਈ ਹੈ ਅਤੇ ਪੀੜਤ ਕੁੜੀ ਨੂੰ ਸ਼ੱਕੀਆਂ ਦੇ 500 ਤੋਂ ਜ਼ਿਆਦਾ ਚਿੱਤਰ ਵਿਖਾਏ ਗਏ ਹਨ।''

ਉਨ੍ਹਾਂ ਅੱਗੇ ਕਿਹਾ, ''ਏਡੀਸੀ ਸਾਕਸ਼ੀ ਸ਼ਵਨੀ ਉਸ ਰਾਤ 1 ਵਜੇ ਤਕ ਉਸ ਬੱਚੀ ਦੇ ਨਾਲ ਬਾਲ ਸੁਰੱਖਿਆ ਵਿਭਾਗ ਵਿਚ ਸਨ। ਵਿੱਤ ਮੰਤਰੀ ਅਤੇ ਉਨ੍ਹਾਂ ਦੀ ਟੀਮ ਪ੍ਰਵਾਰ ਨਾਲ ਸੀ ਅਤੇ ਉਨ੍ਹਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਉਧਰ ਤੁਹਾਡੀ ਐਨ.ਜੀ.ਓ. ਦਾ ਮੈਂਬਰ ਪੰਕਜ ਭਾਰਦਵਾਜ ਬੱਚੀ ਦੀ ਮਦਦ ਕਰਨ ਦੀ ਬਜਾਏ ਲੋਕਾਂ ਨੂੰ ਧਰਨਾ ਪ੍ਰਦਰਸ਼ਨ ਕਰਨ ਲਈ ਸੱਦਾ ਦੇ ਰਿਹਾ ਸੀ। ਤਿੰਨ ਦਿਨਾਂ ਵਿਚ ਅਪਰਾਧੀ ਨੂੰ ਤੁਹਾਡੇ ਧਰਨੇ ਦੁਆਰਾ ਨਹੀਂ ਫੜਿਆ ਗਿਆ ਸਗੋਂ ਪੰਜਾਬ ਪੁਲਿਸ ਦੀ ਚੰਗੀ ਕਾਰਵਾਈ ਨਾਲ ਫੜਿਆ ਗਿਆ।''

ਇਸ ਤੋਂ ਇਲਾਵਾ ਉਨ੍ਹਾਂ ਨੇ ਹਰਸਿਮਰਤ ਬਾਦਲ ਨੂੰ ਪੀੜਤ ਬੱਚੀ ਅਤੇ ਉਸ ਦੇ ਪ੍ਰਵਾਰ ਪ੍ਰਤੀ ਸੰਵੇਦਨਸ਼ੀਲ ਹੋਣ ਦੀ ਸਲਾਹ ਵੀ ਦਿਤੀ ਹੈ, ਜਿਨ੍ਹਾਂ ਨੇ ਹਿੰਮਤ ਅਤੇ ਤਾਕਤ ਵਿਖਾਈ ਅਤੇ ਅਪਰਾਧੀ ਦੀ ਪਛਾਣ ਕੀਤੀ। ਜ਼ਿਕਰਯੋਗ ਹੈ ਕਿ ਉਨ੍ਹਾਂ ਦੋ ਹਫਤੇ ਪਹਿਲਾਂ ਵੀ ਬੀਬੀ ਬਾਦਲ ਨਾਲ ਵਿਵਾਦ 'ਚ ਪੈਂਦਿਆਂ ਕਿਹਾ ਕਿ ਉਨ੍ਹਾਂ ਦੇ ਜਥੇਦਾਰ ਅਤੇ ਸਿੰਘ ਸਭਾ ਗੁਰਦਵਾਰਾ, ਬਠਿੰਡਾ ਦੇ ਮੁਖੀ ਇਕ ਕੁੜੀ ਨੂੰ ਆਤਮਹਤਿਆ ਕਰਨ ਲਈ ਮਜਬੂਰ ਕਰ ਰਹੇ ਸਨ ਕਿਉਂਕਿ ਉਹ ਕਥਿਤ ਤੌਰ 'ਤੇ ਉਸ ਦਾ ਜਿਨਸੀ ਸ਼ੋਸ਼ਣ ਕਰ ਰਹੇ ਸਨ।

ਉਨ੍ਹਾਂ ਕਿਹਾ ਸੀ, ''ਤੁਹਾਡਾ ਸਥਾਨਕ ਆਗੂ ਉਸ ਦੀ ਰਖਿਆ ਕਰ ਰਿਹਾ ਹੈ। ਤੁਸੀਂ ਇਸ ਮੁੱਦੇ 'ਤੇ ਚੁਪ ਰਹਿਣਾ ਚੁਣਿਆ ਕਿਉਂਕਿ ਉਹ ਤੁਹਾਡੀ ਪਾਰਟੀ ਦਾ ਕੌਂਸਲਰ ਅਤੇ ਨੇਤਾ ਹੈ। ਤੁਸੀ ਉਨ੍ਹਾਂ ਬਾਰੇ ਕੁੱਝ ਕਿਉਂ ਨਹੀਂ ਬੋਲਦੇ?'' ਇਹ ਵੀ ਪਤਾ ਲੱਗਾ ਹੈ ਕਿ ਅਕਾਲੀ ਦਲ ਦੇ ਆਗੂ ਸਰੂਪ ਚੰਦ ਸਿੰਗਲਾ, ਨਗਰਪਤੀ ਬਲਵੰਤ ਰਾਏ ਨਾਥ, ਭਾਜਪਾ ਨੇਤਾ ਅਤੇ ਉਪ-ਨਗਰਪਤੀ ਗੁਰਿੰਦਰਪਾਲ ਕੌਰ ਮਾਂਗਟ ਪੀੜਤਾ ਨੂੰ ਮਿਲਣ ਗਏ, ਜਿੱਥੇ ਉਨ੍ਹਾਂ ਪੀੜਤਾ ਅਤੇ ਉਸ ਦੇ ਪ੍ਰਵਾਰ ਲਈ ਇਨਸਾਫ਼ ਦੀ ਮੰਗ ਕੀਤੀ।