ਕਿਰਨ ਖੇਰ ਵਲੋਂ ਚੰਡੀਗੜ੍ਹ ਨੂੰ ਹਰਿਆ-ਭਰਿਆ ਬਣਾਉਣ ਦਾ ਸੱਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਯੂ.ਟੀ. ਪ੍ਰਸ਼ਾਸਨ ਨੇ ਬਰਸਾਤੀ ਮੌਸਮ ਸ਼ੁਰੂ ਹੁੰਦਿਆਂ ਹੀ ਚੰਡੀਗੜ੍ਹ ਸ਼ਹਿਰ ਨੂੰ ਹਰਾ-ਭਰਾ ਬਣਾਉਣ ਅਤੇ ਵੱਧ ਤੋਂ ਵੱਧ ਪੌਦੇ ਲਗਵਾਉਣ ਲਈ ਵਣ ਮਹਾਉਤਸਵ-2018 ......

Kiran Kher is Distributing Free Saplings

ਚੰਡੀਗੜ੍ਹ : ਯੂ.ਟੀ. ਪ੍ਰਸ਼ਾਸਨ ਨੇ ਬਰਸਾਤੀ ਮੌਸਮ ਸ਼ੁਰੂ ਹੁੰਦਿਆਂ ਹੀ ਚੰਡੀਗੜ੍ਹ ਸ਼ਹਿਰ ਨੂੰ ਹਰਾ-ਭਰਾ ਬਣਾਉਣ ਅਤੇ ਵੱਧ ਤੋਂ ਵੱਧ ਪੌਦੇ ਲਗਵਾਉਣ ਲਈ ਵਣ ਮਹਾਉਤਸਵ-2018 ਮਨਾਇਆ। ਇਸ ਮੌਕੇ ਪੌਦੇ ਮੇਲਾ ਵੀ ਲਗਾਇਆ। ਇਸ ਮੇਲੇ ਦਾ ਉਦਘਾਟਨ ਸੰਸਦ ਮੈਂਬਰ ਕਿਰਨ ਖੇਰ ਨੇ ਸੁਖਨਾ ਝੀਲ ਕਲੱਬ 'ਚ ਝੀਲ ਨੇੜੇ ਜਾਮਣ ਦਾ ਪੌਦਾ ਲਗਾ ਕੇ ਕੀਤਾ। ਇਹ ਮੇਲਾ ਚੰਡੀਗੜ੍ਹ ਪ੍ਰਸ਼ਾਸਨ ਅਤੇ ਜੰਗਲਾਤ ਵਿਭਾਗ ਦੇ ਸਾਂਝੇ ਸਹਿਯੋਗ ਨਾਲ ਲਗਾਇਆ ਗਿਆ। ਇਸ ਦੌਰਾਨ ਕਿਰਨ ਖੇਰ ਨੇ ਸ਼ਹਿਰ ਦੇ ਪਤਵੰਤਿਆਂ, ਕੌਂਸਲਰਾਂ, ਅਧਿਕਾਰੀਆਂ ਅਤੇ ਰਿਹਾਇਸ਼ੀ ਵੈਲਫ਼ੇਅਰ ਐਸੋਸੀਏਸ਼ਨਾਂ ਨੂੰ ਮੁਫ਼ਤ ਪੌਦੇ ਵੰਡੇ।

ਇਸ ਮੌਕੇ ਉਨ੍ਹਾਂ ਸ਼ਹਿਰ ਦੇ ਲੋਕਾਂ, ਸਮਾਜ ਸੇਵੀ ਸੰਸਥਾਵਾਂ ਅਤੇ ਵਿਦਿਅਕ ਅਦਾਰਿਆਂ ਨੂੰ ਬਰਸਾਤੀ ਮੌਸਮ ਦੇ ਦਿਨਾਂ ਵਿਚ ਵੱਧ ਤੋਂ ਵੱਧ ਪੌਦੇ ਲਗਾ ਕੇ ਸੋਹਣੇ ਸ਼ਹਿਰ ਚੰਡੀਗੜ੍ਹ ਨੂੰ ਹਰਿਆ-ਭਰਿਆ ਬਣਾਉਣ ਦਾ ਸੱਦਾ ਦਿਤਾ। ਇਸ ਸਮਾਗਮ ਵਿਚ ਸੰਸਦ ਮੈਂਬਰ ਕਿਰਨ ਖੇਰ ਵਲੋਂ ਬੀਮਾਰ ਜੰਗਲੀ ਜੀਵਾਂ ਦੀ ਸਿਹਤ ਸੰਭਾਲ ਲਈ ਮੈਡੀਕਲ ਸਹੂਲਤ ਦੇਣ ਇਕ ਵੈਨ ਅਪਣੇ ਐਮ.ਪੀ. ਲੈਂਡ ਫ਼ੰਡ ਵਿਚੋਂ ਦਿਤੀ, ਜਿਸ 'ਤੇ 9.76 ਲੱਖ ਰੁਪਏ ਦੇ ਕਰੀਬ ਖ਼ਰਚ ਹੋਏ ਹਨ। ਉਨ੍ਹਾਂ ਵੈਨ ਨੂੰ ਹਰੀ ਝੰਡੀ ਵੀ ਵਿਖਾਈ। 

ਇਸ ਮੌਕੇ ਜੰਗਲਾਤ ਵਿਭਾਗ ਚੰਡੀਗੜ੍ਹ ਦੇ ਚੀਫ਼ ਕਨਜ਼ਰਵੇਟਰ ਸੰਤੋਸ਼ ਕਾਰਮ ਆਈ.ਐਫ਼.ਐਸ. ਅਤੇ ਟੀ.ਸੀ. ਨਟਿਆਲ ਆਈ.ਐਫ਼.ਐਸ. ਤੋਂ ਇਲਾਵਾ ਕੌਂਸਲਰ ਹੀਰਾ ਨੇਗੀ, ਏਰੀਆ ਕੌਂਸਲਰ ਮਹੇਸ਼ਇੰਦਰ ਸਿੱਧੂ ਸਮੇਤ ਨਗਰ ਨਿਗਮ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਹਾਜ਼ਰ ਸਨ। ਇਸ ਵਣ ਮਹਾਉਤਸਵ ਦੌਰਾਨ 3 ਜੁਲਾਈ ਤੋਂ 5 ਜੁਲਾਈ ਤਕ ਵੱਖ-ਵੱਖ ਸੰਸਥਾਵਾਂ ਵਲੋਂ ਸ਼ਹਿਰ ਵਿਚ ਪੌਦੇ ਲਾਉਣ ਦੀ ਮੁਹਿੰਮ ਚਲਾਈ ਜਾਵੇਗੀ।