ਪੰਜਾਬ ਦੀਆਂ ਜੇਲ੍ਹਾਂ ਵਿਚ ਸੁਰੱਖਿਆ ਵਧਾਉਣ ਲਈ ਖ਼ਾਸ ਜੇਲ੍ਹ ਸੁਰੱਖਿਆ ਬਲ ਤਿਆਰ ਕਰਨ ਦੀ ਪੇਸ਼ਕਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੁਧਿਆਣਾ ਦੀ ਜੇਲ੍ਹ ਵਿਚ ਹੋਈ ਹਿੰਸਾ ਤੋਂ ਬਾਅਦ ਪੰਜਾਬ ਜੇਲ੍ਹ ਵਿਭਾਗ ਨੇ ਸੁਰੱਖਿਆ ਨਿਸ਼ਚਿਤ ਕਰਨ ਲਈ ਇਕ ਖ਼ਾਸ ਜੇਲ੍ਹ ਸੁਰੱਖਿਆ ਬਲ ਤਿਆਰ ਕਰਨ ਦੀ ਪੇਸ਼ਕਸ਼ ਕੀਤੀ ਹੈ।

Punjab Jail

ਚੰਡੀਗੜ੍ਹ: ਲੁਧਿਆਣਾ ਦੀ ਜੇਲ੍ਹ ਵਿਚ 27 ਜੂਨ ਨੂੰ ਹੋਈ ਹਿੰਸਾ ਤੋਂ ਬਾਅਦ ਪੰਜਾਬ ਜੇਲ੍ਹ ਵਿਭਾਗ ਨੇ ਸੁਰੱਖਿਆ ਨਿਸ਼ਚਿਤ ਕਰਨ ਲਈ ਇਕ ਖ਼ਾਸ ਜੇਲ੍ਹ ਸੁਰੱਖਿਆ ਬਲ ਤਿਆਰ ਕਰਨ ਦੀ ਪੇਸ਼ਕਸ਼ ਕੀਤੀ ਹੈ। ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਡੀਜੀਪੀ ਦਿਨਕਰ ਗੁਪਤਾ ਨੂੰ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਵਿਚ ਕਿਸੇ ਵੀ ਕੈਦੀਆਂ ਦੀਆਂ ਮੌਤਾਂ ਤੋਂ ਬਚਣ ਲਈ ਹਰ ਜੇਲ੍ਹ ਵਿਚ ਅੱਥਰੂ ਗੈਸ ਅਤੇ ਰਬੜ ਦੀਆਂ ਗੋਲੀਆਂ ਉਪਲਬਧ ਕਰਾਉਣ ਲਈ ਕਿਹਾ ਹੈ। ਰੰਧਾਵਾ ਨੇ ਕਿਹਾ ਕਿ ਜੇਲ੍ਹਾਂ ਵਿਚ ਸੁਰੱਖਿਆ ਵਧਾਉਣ ਲਈ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਵੀ ਮਨਜ਼ੂਰੀ ਲੈਂਣਗੇ। ਉਹਨਾਂ ਕਿਹਾ ਕਿ ਉਹਨਾਂ ਜੇਲ੍ਹਾਂ ਲਈ ਖ਼ਾਸ ਜੇਲ੍ਹ ਸੁਰੱਖਿਆ ਬਲ ਦੀ ਜ਼ਰੂਰਤ ਹੈ ਜਿਨ੍ਹਾਂ ਵਿਚ ਖੂੰਖਾਰ ਅਪਰਾਧੀਆਂ ਨੂੰ ਰੱਖਿਆ ਗਿਆ ਹੈ।

ਉਹਨਾਂ ਕਿਹਾ ਕਿ ਅਪਣੀ ਫੌਜ ਤਿਆਰ ਕਰਨ ਨਾਲ ਪੰਜਾਬ ਦਾ ਖਰਚਾ ਘੱਟ ਜਾਵੇਗਾ, ਕਿਉਂਕਿ ਜੇਲ੍ਹਾਂ ਲਈ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਮੁਹੱਈਆ ਕਰਾਉਣ ਨਾਲ ਖ਼ਰਚਾ ਵਧ ਜਾਵੇਗਾ। ਰੰਧਾਵਾ ਨੇ ਕਿਹਾ ਕਿ ਜੇਲ੍ਹ ਵਾਰਡ ਦੀਆਂ ਲਗਭਗ 700 ਅਸਾਮੀਆਂ ਖਾਲੀ ਹਨ ਅਤੇ ਵਿਭਾਗ ਨੂੰ ਇਹਨਾਂ ਅਸਾਮੀਆਂ ਵਿਚੋਂ 450 ਅਸਾਮੀਆਂ ਭਰਨ ਦੀ ਮਨਜ਼ੂਰੀ ਮਿਲ ਗਈ ਹੈ। ਪੰਜਾਬ ਵਿਚ ਜੇਲ੍ਹ ਵਾਰਡ ਦੀਆਂ ਕੁੱਲ 2740 ਅਸਾਮੀਆਂ ਹਨ, ਜਿਨ੍ਹਾਂ ਵਿਚੋਂ 700 ਅਸਾਮੀਆਂ ਖਾਲੀ ਹਨ। ਉਹਨਾਂ ਕਿਹਾ ਕਿ ਜਦ ਤੋਂ ਉਹਨਾਂ ਨੇ ਜੇਲ੍ਹ ਵਿਭਾਗ ਸੰਭਾਲਿਆ ਹੈ, ਉਹਨਾਂ ਨੇ 630 ਤੋਂ ਵੀ ਜ਼ਿਆਦਾ ਜੇਲ੍ਹ ਕਰਮਚਾਰੀਆਂ ਦੀ ਭਰਤੀ ਕੀਤੀ ਹੈ।

ਹਾਲਾਂਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਦੀਆਂ ਤਿੰਨ ਕੇਂਦਰੀ ਜੇਲ੍ਹਾਂ- ਅੰਮ੍ਰਿਤਸਰ, ਬਠਿੰਡਾ ਅਤੇ ਲੁਧਿਆਣਾ ਲਈ ਸੀਆਰਪੀਐਫ ਦੀਆਂ ਤਿੰਨ ਕੰਪਨੀਆਂ ਨੂੰ 26 ਜੂਨ ਨੂੰ ਮਨਜ਼ੂਰੀ ਦੇ ਦਿੱਤੀ ਸੀ ਪਰ ਹੁਣ ਤੱਕ ਇਹ ਕੰਪਨੀਆਂ ਸੂਬੇ ਵਿਚ ਨਹੀਂ ਪਹੁੰਚੀਆਂ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਇਹਨਾਂ ਤਿੰਨ ਸੀਆਰਪੀਐਫ ਕੰਪਨੀਆਂ ਲਈ ਕੇਂਦਰ ਸਰਕਾਰ ਨੂੰ ਪ੍ਰਤੀ ਸਾਲ 24 ਕਰੋੜ ਦਾ ਭੁਗਤਾਨ ਕਰਨ ਲਈ ਤਿਆਰ ਹੈ। ਉਹਨਾਂ ਕਿਹਾ ਕਿ ਇਕ ਕੰਪਨੀ ਵਿਚ 100 ਕਰਮਚਾਰੀ ਹੋਣਗੇ। ਉਹਨਾਂ ਉਮੀਦ ਪ੍ਰਗਟਾਈ ਕਿ ਇਹ ਕੰਪਨੀਆਂ ਇਕ ਮਹੀਨੇ ਦੇ ਅੰਦਰ ਹੀ ਪੰਜਾਬ ਆ ਜਾਣਗੀਆਂ।