ਸੌਦਾ ਸਾਧ ਜਲਦ ਆਵੇਗਾ ਜੇਲ੍ਹ 'ਚੋਂ ਬਾਹਰ, ਖੱਟਰ ਦੇ ਮੰਤਰੀ ਨੇ ਦਿੱਤਾ ਵੱਡਾ ਬਿਆਨ !

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਸਮੇਂ ਬਲਾਤਕਾਰੀ ਤੇ ਕਾਤਲ ਸੌਦਾ ਸਾਧ ਦੀ ਜ਼ਮਾਨਤ ਦਾ ਮਾਮਲਾ ਕਾਫ਼ੀ ਗਰਮਾਇਆ ਹੋਇਆ ਹੈ।

Gurmeet Ram Rahim

ਨਵੀਂ ਦਿੱਲੀ : ਇਸ ਸਮੇਂ ਬਲਾਤਕਾਰੀ ਤੇ ਕਾਤਲ ਸੌਦਾ ਸਾਧ ਦੀ ਜ਼ਮਾਨਤ ਦਾ ਮਾਮਲਾ ਕਾਫ਼ੀ ਗਰਮਾਇਆ ਹੋਇਆ ਹੈ। ਜਿੱਥੇ ਹਰਿਆਣਾ ਦੀ ਖੱਟਰ ਸਰਕਾਰ ਸੌਦਾ ਸਾਧ ਨੂੰ ਬਾਹਰ ਕੱਢਣ ਲਈ ਤਰਲੋਮੱਛੀ ਹੋ ਰਹੀ ਹੈ ਉਥੇ ਹੀ ਸਿੱਖਾਂ ਸਮੇਤ ਕੁੱਝ ਹੋਰ ਲੋਕਾਂ ਵੱਲੋਂ ਇਸ ਜ਼ਮਾਨਤ ਦਾ ਵਿਰੋਧ ਕੀਤਾ ਜਾ ਰਿਹਾ ਹੈ ਪਰ ਹੁਣ ਹਰਿਆਣਾ ਦੇ ਜੇਲ੍ਹ ਮੰਤਰੀ ਕ੍ਰਿਸ਼ਨ ਪਨਵਾਰ ਨੇ ਰਾਮ ਰਹੀਮ ਦੀ ਜ਼ਮਾਨਤ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।

ਮੰਤਰੀ ਦਾ ਕਹਿਣਾ ਹੈ ਕਿ ਰਾਮ ਰਹੀਮ ਦਾ ਜੇਲ੍ਹ ਵਿਚ ਵਿਵਹਾਰ ਕਾਫ਼ੀ ਚੰਗਾ ਹੈ। ਜਿਸ ਦੇ ਆਧਾਰ ਉਸ ਨੂੰ ਪੈਰੋਲ ਮਿਲ ਜਾਵੇਗੀ। ਪਨਵਾਰ ਨੇ ਕਿਹਾ ਕਿ ਉਨ੍ਹਾਂ ਨੂੰ ਸਿਰਸਾ ਤੋਂ ਰਿਪੋਰਟ ਆਉਣ ਦਾ ਇੰਤਜ਼ਾਰ ਹੈ, ਜਦ ਉਹ ਰਿਪੋਰਟ ਆ ਜਾਵੇਗੀ, ਉਹ ਰਾਮ ਰਹੀਮ ਨੂੰ ਪੈਰੋਲ ਦੇ ਦੇਣਗੇ। ਜੇਲ੍ਹ ਮੰਤਰੀ ਨੇ ਇਹ ਵੀ ਦੱਸਿਆ ਕਿ ਰਾਮ ਰਹੀਮ ਲਈ ਰੋਜ਼ਾਨਾ ਹਾਜ਼ਰੀ ਲਵਾਉਣ ਵੀ ਲਾਗੂ ਕੀਤਾ ਜਾ ਸਕਦਾ ਹੈ ਤਾਂ ਜੋ ਉਹ ਵਿਦੇਸ਼ ਨਾ ਭੱਜ ਸਕੇ।

ਦੱਸ ਦਈਏ ਕਿ ਵਿਰੋਧੀਆਂ ਵੱਲੋਂ ਹਰਿਆਣਾ ਸਰਕਾਰ 'ਤੇ ਦੋਸ਼ ਲਗਾਏ ਜਾ ਰਹੇ ਨੇ ਕਿ ਉਹ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਮ ਰਹੀਮ ਨੂੰ ਕਿਸੇ ਸਮਝੌਤੇ ਤਹਿਤ ਰਿਹਾਅ ਕਰਕੇ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਹਥਿਆਉਣਾ ਚਾਹੁੰਦੀ ਹੈ ਪਰ ਮੰਤਰੀ ਨੇ ਵਿਰੋਧੀਆਂ ਦੇ ਇਨ੍ਹਾਂ ਦੋਸ਼ਾਂ ਨੂੰ ਝੂਠੇ ਅਤੇ ਬੇਬੁਨਿਆਦ ਦੱਸਿਆ ਹੈ ਫਿਲਹਾਲ ਹੁਣ ਦੇਖਣਾ ਹੋਵੇਗਾ ਕਿ ਰਾਮ ਰਹੀਮ ਨੂੰ ਜ਼ਮਾਨਤ ਮਿਲਦੀ ਐ ਜਾਂ ਨਹੀਂ?