ਦਵਿੰਦਰ ਘੁਬਾਇਆ ਦੇ ਗੰਨਮੈਨ ਨੇ ਪੰਚਾਇਤ ਮੈਂਬਰ ਦੇ ਜੜਿਆ ਥੱਪੜ, ਪਿੰਡ ਵਾਸੀਆਂ ਵੱਲੋਂ ਹਾਈਵੇ ਜਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿੰਡ ਵਾਸੀਆਂ ਵੱਲੋਂ ਫਾਜ਼ਿਲਕਾ-ਅਬੋਹਰ ਹਾਈਵੇ ਜਾਮ

File Photo

ਫ਼ਾਜ਼ਿਲਕਾ (ਅਰਵਿੰਦਰ ਤਨੇਜਾ): ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾਂ ਪੰਜਾਬ ਵਿਚ ਲਗਾਤਾਰ ਸਿਆਸੀ ਪਾਰਾ ਵਧਦਾ ਜਾ ਰਿਹਾ ਹੈ। ਇਸ ਦਾ ਅਸਰ ਪਿੰਡਾਂ ਵਿਚ ਵੀ ਦੇਖਣ ਨੂੰ ਮਿਲ ਰਿਹਾ। ਖੇਤੀ ਕਾਨੂੰਨਾਂ ਵਿਰੁੱਧ ਰੋਸ ਦੇ ਚਲਦਿਆਂ ਕਿਸਾਨਾਂ ਵੱਲੋਂ ਲਗਾਤਾਰ ਸਿਆਸੀ ਧਿਰਾਂ ਦਾ ਘਿਰਾਓ ਕੀਤਾ ਜਾ ਰਿਹਾ ਹੈ। ਤਾਜ਼ਾ ਮਾਮਲਾ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਖੂਈ ਖੇੜਾ ਤੋਂ ਸਾਹਮਣੇ ਆਇਆ ਹੈ ਜਿੱਥੇਂ ਕਾਂਗਰਸੀ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦੇ ਗੰਨਮੈਨ ਨੇ ਪੰਚਾਇਤ ਮੈਂਬਰ ਦੇ ਥੱਪੜ ਜੜ ਦਿੱਤਾ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਵਿਧਾਇਕ ਦਾ ਘਿਰਾਓ ਕੀਤਾ ਤੇ ਫਾਜ਼ਿਲਕਾ-ਅਬੋਹਰ ਹਾਈਵੇ ਜਾਮ ਕਰ ਦਿੱਤਾ।

ਦਰਅਸਲ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਪਿੰਡ ਵਿਚ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਣ ਲਈ ਪਹੁੰਚੇ ਸਨ। ਉਹਨਾਂ ਨਾਲ ਪਾਰਟੀ ਦੇ ਹੋਰ ਵਰਕਰ ਵੀ ਮੌਜੂਦ ਸਨ। ਇੱਥੇ ਪਿੰਡ ਵਾਸੀਆਂ ਵੱਲੋਂ ਉਹਨਾਂ ਨੂੰ ਸਵਾਲ ਕੀਤੇ ਗਏ ਤਾਂ ਗੁੱਸੇ ਵਿਚ ਆ ਕੇ ਉਹਨਾਂ ਦੇ ਗੰਨਮੈਨ ਨੇ ਇਕ ਪੰਚਾਇਤ ਮੈਂਬਰ ਦੇ ਥੱਪੜ ਜੜ ਦਿੱਤਾ ਗਿਆ। ਇਸ ਤੋਂ ਬਾਅਦ ਮਾਹੌਲ ਕਾਫੀ ਗਰਮਾ ਗਿਆ ਅਤੇ ਪਿੰਡ ਵਾਸੀਆਂ ਵੱਲੋਂ ਘੁਬਾਇਆ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।

ਇਹ ਵੀ ਪੜ੍ਹੋ - ਮਾਇਆਵਤੀ ਦਾ ਬਿਆਨ, ‘ਕਾਂਗਰਸ ਨੇ ਆਪਸੀ ਝਗੜੇ ’ਚ ਉਲਝ ਕੇ ਲੋਕ ਭਲਾਈ ਦੀ ਜ਼ਿੰਮੇਵਾਰੀ ਤਿਆਗੀ’

ਇਹੀ ਨਹੀਂ ਪਿੰਡ ਵਾਸੀਆਂ ਨੇ ਵਿਧਾਇਕ ਦੀ ਗੱਡੀ ਘੇਰਨ ਦੀ ਕੋਸ਼ਿਸ਼ ਵੀ ਕੀਤੀ ਹਾਲਾਂਕਿ ਪੁਲਿਸ ਦੀ ਸਹਾਇਤਾ ਨਾਲ ਵਿਧਾਇਕ ਘੁਬਾਇਆ ਨੂੰ ਪਿੰਡ ਵਿਚੋਂ ਕੱਢਿਆ ਗਿਆ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਗੁੱਸੇ ਵਿਚ ਫ਼ਾਜ਼ਿਲਕਾ ਅਬੋਹਰ ਹਾਈਵੇ ਨੂੰ ਜਾਮ ਕਰ ਦਿੱਤਾ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਜਦੋਂ ਤੱਕ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਮੁਆਫ਼ੀ ਨਹੀਂ ਮੰਗਦੇ ਉਦੋਂ ਤੱਕ ਇਹ ਰੋਸ ਜਾਰੀ ਰਹੇਗਾ।

ਇਹ ਵੀ ਪੜ੍ਹੋ - Covid ਕਾਰਨ ਹੋਣ ਵਾਲੀ ਮੌਤ ਤੋਂ 98% ਸੁਰੱਖਿਆ ਦੇ ਸਕਦੀਆਂ ਨੇ ਵੈਕਸੀਨ ਦੀਆਂ ਦੋਵੇਂ ਖੁਰਾਕਾਂ- ਕੇਂਦਰ

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਰਕਾਰ ਦੇ ਸਾਢੇ ਚਾਰ ਸਾਲਾਂ ਦੌਰਾਨ ਵਿਧਾਇਕ ਪਿੰਡ ਵਿਚ ਨਹੀਂ ਆਏ ਤੇ ਹੁਣ ਪਿੰਡ ਵਿਚ ਆ ਕੇ ਉਹਨਾਂ ਦੇ ਵਰਕਰਾਂ ਨੇ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਕਿਹਾ ਕਿ ਵਿਧਾਇਕ ਨੇ ਪਿੰਡ ਦੇ ਵਿਕਾਸ ਲਈ ਕੋਈ ਪੈਸਾ ਨਹੀਂ ਦਿੱਤਾ। ਉਹਨਾਂ ਕਿਹਾ ਕਿ ਵਿਧਾਇਕ ਦੇ ਸਾਥੀਆਂ ਨੇ ਪੰਚਾਇਤ ਮੈਂਬਰ ਨਾਲ ਧੱਕਾ ਮੁੱਕੀ ਤੇ ਗਾਲੀ ਗਲੋਚ ਕੀਤੀ। ਇਸ ਦਾ ਅਸੀਂ ਇਨਸਾਫ ਲੈ ਕੇ ਰਹਾਂਗੇ।